ਖ਼ਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ

ਕੌਮਾਂਤਰੀ ਪੱਧਰ ’ਤੇ ਇਨਸਾਨੀਅਤ ਦੇ ਆਧਾਰ ਉੱਤੇ ਸਮਾਜ ਭਲਾਈ ਤੇ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਇੰਗਲੈਂਡ ਦੀ ਗ਼ੈਰ-ਮੁਨਾਫ਼ਾਕਾਰੀ (ਨਾਨ ਪ੍ਰੌਫ਼ਿਟ) ਜਥੇਬੰਦੀ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਕੈਨੇਡਾ ਦੇ ਸੰਸਦ ਮੈਂਬਰ ਟਿਮ ਉਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਤੇ ਬਰੈਂਪਟਨ ਦੱਖਣੀ ਦੇ ਐਮਪੀਪੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਸਰਕਾਰੀ ਤੌਰ ’ਤੇ ਖਾਲਸਾ ਏਡ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।

ਨਾਰਵੇ ਨੋਬੇਲ ਕਮੇਟੀ ਦੇ ਮੁਖੀ ਬੇਰਿਟ ਰੀਸ ਐਂਡਰਸਨ ਨੂੰ ਲਿਖੇ ਪੱਤਰ ਵਿਚ ਟਿਮ ਉਪਲ ਨੇ ਕਿਹਾ ਹੈ ਕਿ ਖਾਲਸਾ ਏਡ ਕੌਮਾਂਤਰੀ ਐਨਜੀਓ ਹੈ ਜੋ ਆਫਤਾਂ ਅਤੇ ਸੰਘਰਸ਼ ਵਾਲੇ ਮੁਲਕਾਂ ਵਿਚ ਬਿਨਾਂ ਕਿਸੇ ਵਿਤਕਰੇ ਦੇ ਲੋਕਾਂ ਨੂੰ ਸਹਾਇਤਾ ਦਿੰਦੀ ਹੈ। ਉਪਲ ਨੇ ਲਿਖਿਆ ਹੈ ਕਿ ਖਾਲਸਾ ਏਡ ਸਿੱਖ ਵਿਚਾਰਧਾਰਾ ਸਰਬੱਤ ਦਾ ਭਲਾ ਤੋਂ ਪ੍ਰੇਰਿਤ ਹੈ ਜਿਸ ਦਾ ਟੀਚਾ ਬਿਨਾਂ ਕਿਸੇ ਨਸਲ, ਧਰਮ ਤੇ ਸਰਹੱਦਾਂ ਦੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ।

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਉਹ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋਣ ’ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੁਨੀਆਂ ਭਰ ਵਿਚ ਆਪਣੀ ਟੀਮ ਤੇ ਵਾਲੰਟੀਅਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੀ ਬਦੌਲਤ ਇਸ ਵੱਕਾਰੀ ਪੁਰਸਕਾਰ ਲਈ ਜਥੇਬੰਦੀ ਦੀ ਨਾਮਜ਼ਦਗੀ ਹੋਈ ਹੈ।

‘ਖ਼ਾਲਸਾ ਏਡ’ ਦੀ ਸਥਾਪਨਾ ਰਵਿੰਦਰ (ਰਵੀ) ਸਿੰਘ ਨੇ 1999 ’ਚ ਕੋਸੋਵੋ ’ਚ ਸ਼ਰਨਾਰਥੀਆਂ ਦੇ ਦੁਖੜੇ ਵੇਖ ਕੇ ਕੀਤੀ ਸੀ। ਇਹ ਜਥੇਬੰਦੀ ਦੁਨੀਆ ਭਰ ’ਚ ਹੜ੍ਹਾਂ, ਭੂਚਾਲ, ਅਕਾਲ ਜਿਹੀਆਂ ਕੁਦਰਤੀ ਤੇ ਜੰਗ ਜਿਹੀਆਂ ਹੋਰ ਆਫ਼ਤਾਂ ਦੇ ਪੀੜਤਾਂ ਨੂੰ ਰਾਹਤ ਪਹੁੰਚਾਉਣ ਦਾ ਕੰਮ ਪਿਛਲੇ 20 ਸਾਲਾਂ ਤੋਂ ਕਰ ਰਹੀ ਹੈ। ਇਸ ਜੱਥੇਬੰਦੀ ਦੇ ਵਲੰਟੀਅਰਾਂ ਨੇ ਹੁਣ ਤੱਕ ਵਿਸ਼ਵ ’ਚ ਕਰੋੜਾਂ ਲੋਕਾਂ ਦੀ ਮਦਦ ਕੀਤੀ ਹੈ।

  • 103
  •  
  •  
  •  
  •