ਨਨਕਾਣਾ ਸਾਹਿਬ: ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਅਤੇ ‘ਚਾਬੀਆਂ ਦਾ ਮੋਰਚਾ’ ਫ਼ਤਿਹ ਦੀ ਯਾਦ ‘ਚ ਸਮਾਗਮ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਸਾਕਾ ਨਨਕਾਣਾ ਸ਼ਤਾਬਦੀ’ ਦੀ ਯਾਦ ਵਿਚ ਪ੍ਰੋਗਰਾਮਾਂ ਦੀ ਲੜੀ ਤਹਿਤ ‘ਚਾਬੀਆਂ ਦਾ ਮੋਰਚੇ’ ਦੀ ਫ਼ਤਿਹਯਾਬੀ ਅਤੇ ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਦੀ ਯਾਦ ‘ਚ ਗੁਰਮਤਿ ਸਮਾਗਮ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸਾਕੇ ਨੂੰ ਸਮਰਪਿਤ ਪਹਿਲੇ ਸਮਾਗਮ ਦੇ ਮੌਕੇ ‘ਤੇ ਬੋਲਦਿਆਂ ਗਿਆਨੀ ਜਨਮ ਸਿੰਘ ਨੇ ਕਿਹਾ ਕਿ ਬੀਬੀ ਭਾਨੀ ਜੀ ਇਕ ਐਸੀ ਇਤਿਹਾਸਕ ਮੂਰਤ ਹਨ ਜਿਹੜੇ ਹਮੇਸ਼ਾ ਰਜ਼ਾ ਵਿਚ ਰਹੇ। ਆਪ ਜੀ ਗੁਰੂ ਪੁਤਰੀ, ਗੁਰੂ ਪਤਨੀ ਅਤੇ ਗੁਰੂ-ਜਨਨੀ ਹੋਣ ਅਤੇ ਗੁਰ-ਸੇਵਕ ਹੋਣ ਦੇ ਨਾਤੇ ਉਨ੍ਹਾਂ ਦੇ ਅੰਗ ਅੰਗ ਵਿਚ ਹੁਕਮ ਤੇ ਟੁਰਨਾ, ਰਜ਼ਾ ਵਿਚ ਰਹਿਣਾ ਵਸਿਆ ਹੋਇਆ ਸੀ।

ਉਨ੍ਹਾਂ ਕਿਹਾ ਕਿ ਬੀਬੀ ਭਾਨੀ ਜੀ ਨੇ ਸਭ ਤੋਂ ਪਹਿਲਾਂ ਪੁੱਤਰ ਗੁਰੂ ਅਰਜਨ ਦੇਵ ਜੀ, ਪੰਥ, ਗ੍ਰੰਥ, ਸੰਗਤ ਤੇ ਪੰਗਤ ਦੀ ਨੀਂਹ ਪੱਕੀ ਰਵ੍ਹੇ, ਕੁਰਬਾਨ ਕਰਵਾਇਆ। ਫਿਰ ਪੜਪੋਤੇ, ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦਿੱਤੀ। ਦੋ ਸਾਹਿਬਜ਼ਾਦੇ ਨੀਹਾਂ ਵਿਚ ਤੇ ਦੋ ਚਮਕੌਰ ਸਾਹਿਬ ਜੂਝ ਕੇ ਕੌਮ ਜਗਾ ਗਏ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਾ ਵਾਰਿਆ। ਸਭਨਾਂ ਸਭ ਕੁਝ ਲੁਟਾ ਦਿੱਤਾ ਪਰ ਸੀ ਤੱਕ ਨਾ ਕੀਤੀ।

ਉਨ੍ਹਾਂ ਆਖਿਆ ਕਿ ਅੱਜ ਅਸੀਂ ਚਾਬੀਆਂ ਦਾ ਮੋਰਚਾ ਫ਼ਤਹਿ ਕਰਨ ਦਾ ਦਿਨ ਵੀ ਮਨਾ ਰਹੇ ਹਾਂ ਇਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਭਾਰੀ ਦੀਵਾਨ ਸਜਾਇਆ ਗਿਆ ਅਤੇ ਗੋਰੀ ਸਰਕਾਰ ਦੇ ਨੁਮਾਇੰਦੇ ਵੱਲੋਂ ਤੋਸ਼ੇਖ਼ਾਨੇ ਦੀਆਂ ਚਾਬੀਆਂ ਬਾਬਾ ਖੜਕ ਸਿੰਘ ਜੀ ਨੂੰ ਸੌਂਪ ਦਿੱਤੀਆਂ ਗਈਆਂ ਸਨ। ਚਾਬੀਆਂ ਦਾ ਮੋਰਚਾ ਸਿੰਘਾਂ ਕਿਵੇਂ ਫ਼ਤਿਹ ਕੀਤਾ ਅਤੇ ਬਾਬਾ ਖੜਕ ਸਿੰਘ ਜੀ ਦੇ ਜੀਵਨ ਤੇ ਵੀ ਪੰਛੀ ਝਾਤ ਪਾਉਂਦਿਆਂ ਉਹਨਾ ਦੱਸਿਆ ਕਿ ਗੁਰੂਘਰਾਂ ਤੇ ਕਾਬਜ ਮਹੰਤਾਂ ਨੂੰ ਕੱਢਣ ਕਰਕੇ ਨਿੱਤ ਦੀਆਂ ਲੜਾਈਆਂ ਕਰਕੇ ਅੰਗਰੇਜਾਂ ਨੇ ਤੋਸ਼ਖਾਨੇ ਦੀਆਂ ਚਾਬੀਆਂ ਆਪਣੇ ਕਬਜੇ ਵਿਚ ਲੈ ਲਈਆਂ ਸਨ ਜਿਸ ਕਰਕੇ ਪੰਥ ਵਿਚ ਰੋਹ ਦੀ ਲਹਿਰ ਸੀ ਪਰ ਕੌਮ ਦੇ ਰੋਹ ਅੱਗੇ ਝੁਕਦਿਆਂ ਅੰਗਰੇਜਾਂ ਨੂੰ ਇਹ ਚਾਬੀਆਂ ਵਾਪਿਸ ਕਰਨੀਆਂ ਪਈਆਂ ਸਨ।

ਸਟੇਜ ਦੀ ਸੇਵਾ ਮਾਸਟਰ ਬਲਵੰਤ ਸਿੰਘ ਜੀ ਨੇ ਨਿਭਾਈ। ਆਪ ਨੇ ਸੰਗਤਾਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਸਤਵੰਤ ਸਿੰਘ, ਸ੍ਰ. ਅਮੀਰ ਸਿੰਘ (ਜਰਨਲ ਸਕੱਤਰ) ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਸ੍ਰ. ਗੋਪਾਲ ਸਿੰਘ ਚਾਵਲਾ ਵੱਲੋਂ ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਅਤੇ ‘ਚਾਬੀਆਂ ਦਾ ਮੋਰਚਾ’ ਫ਼ਤਿਹ ਦਿਵਸ ਦੀਆਂ ਵਧਾਈਆਂ ਦਿੱਤੀਆਂ। ਭਾਰਤ ਵਿਚ ਚਲ ਰਹੇ ਕਿਸਾਨ ਮੋਰਚੇ ਦੇ ਸਮੂਹ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਕਿਸਾਨ ਮੋਰਚੇ ਦੀ ਫ਼ਤਿਹਯਾਬੀ ਲਈ ਅਰਦਾਸ ਤੋਂ ਉਪਰੰਤ ਹੁਕਮਨਾਮਾ ਸਾਹਿਬ ਦੀ ਸੇਵਾ ਭਾਈ ਹਰਿਮੰਦਰ ਸਿੰਘ ਜੀ ਵੱਲੋਂ ਕੀਤੀ ਗਈ।

  • 93
  •  
  •  
  •  
  •