‘ਮਹਾਰਾਜਾ ਰਣਜੀਤ ਸਿੰਘ ਦੀ ਕੁਰਬਾਨੀ ਅਤੇ ਡੋਗਰਿਆਂ ਦੀ ਲੂਣ-ਹਰਾਮੀ’ ਵਿਸ਼ੇ ‘ਤੇ ਵਿਚਾਰ ਚਰਚਾ

ਇਸ ਮੌਕੇ ‘ਤੇ ਭਾਈ ਪ੍ਰੇਮ ਸਿੰਘ ਜੀ ਨੇ ਚਾਨਣ ਪਾਉਂਦੇ ਹੋਏ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੇ ਝਾਤ ਪਾਈ ਅਤੇ ਦੱਸਿਆ ਕਿ ੨੯ ਜੂਨ ੧੮੩੯ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਇਸ ਫ਼ਾਨੀ ਸੰਸਾਰ ਤੋਂ ਚੜ੍ਹਾਈ ਕਰ ਗਏ ਅਤੇ ਉਸ ਮਗਰੋ, ਕਿਵੇਂ ਭਰਾ ਮਾਰੂ ਖਾਨਾਜੰਗੀ ਸ਼ੁਰੂ ਹੋਈ ਅਤੇ ਆਪਸੀ ਕਤਲੋ ਗਾਰਦ ਹੋਈ। ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਸ਼ਹਿਜ਼ਾਦੇ ਮਹਾਰਾਜਾ ਖੜਕ ਸਿੰਘ ਅਤੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੂੰ ਇਕੋ ਦਿਨ ਕਤਲ ਕਰ ਦਿੱਤਾ ਗਿਆ। ਇਸ ਪਿੱਛੇ ਜੋ ਸਾਜਸ਼ੀ ਟੋਲਾ ਸੀ, ਉਹੀ ਗਦਾਰ ਡੋਗਰੇ ਸਨ। ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਦੇ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਰਾਜ ਪ੍ਰਬੰਧ ਵਿਚ ਕਾਫੀ ਭਾਰੂ ਹੋ ਚੁੱਕੇ ਸਨ। ਉਨ੍ਹਾਂ ਦੇ ਮਨਾਂ ਵਿਚ ਰਾਜ ਦੀ ਵਫ਼ਾਦਾਰੀ ਦੀ ਥਾਂ ਰਾਜ ਨੂੰ ਤਬਾਹ ਕਰ ਕੇ ਉਸ ਉੱਤੇ ਆਪਣੇ ਰਾਜਸੀ ਮਹਿਲ ਉਸਾਰਨ ਦੀ ਲਾਲਸਾ ਸੀ। ਭਾਈ ਪ੍ਰੇਮ ਸਿੰਘ ਦਾ ਕਹਿਣਾ ਸੀ ਸਾਨੂੰ ਅੱਜ ਵੀ ਡੋਗਰਿਆਂ ਦੀਆਂ ਰੂਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ, ਨਹੀਂ ਤਾਂ ਅਸੀਂ ਫੇਰ ਭਰਾ-ਮਾਰੂ ਜੰਗ ਵਿੱਚ ਉਲਝ ਜਾਵਾਂਗੇ।

ਇਸ ਵੀਚਾਰ ਚਰਚਾ ‘ਚ ਬੋਲਦਿਆਂ ਗਿਆਨੀ ਜਨਮ ਸਿੰਘ ਜੀ ਨੇ ਭਾਈ ਪ੍ਰੇਮ ਸਿੰਘ ਦੀਆਂ ਗੱਲਾਂ ਦੀ ਪ੍ਰੋੜਤਾ ਕਰਦੇ ਹੋਏ ਕਿਹਾ ਕਿ ਅੱਜ ਚਾਹੇ ਅਸੀਂ ‘ਸਾਕਾ ਨਨਕਾਣਾ ਸਾਹਿਬ’ ਦੀ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਾਂ ਪਰ ਸਾਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਕੀਤੇ ‘ਖਾਲਸਾ ਰਾਜ’ ਸਾਡੇ ਹੱਥੋਂ ਕਿਵੇਂ ਗਿਆ ਤੇ ਗੰਭੀਰਤਾ ਨਾਲ ਵੀਚਾਰ ਕਰਨੀ ਪਵੇਗੀ। ਅਸੀਂ ਕੀ ਖੱਟਿਆ ਤੇ ਕੀ ਗਵਾਇਆ ?
ਉਸ ਸਮੇਂ ਖਾਲਸਾ ਰਾਜ ਦੇ ਸਾਹਮਣੇ ਵੱਡੀ ਸਮੱਸਿਆਂ ਖੜੀ ਹੋ ਗਈ ਕਿ ਖਾਲਸਾ ਰਾਜ ਦੀ ਅਗਵਾਈ ਕੌਣ ਕਰੇਗਾ ? ਨਵੀਂ ਨੌਜਵਾਨ ਪੀੜ੍ਹੀ ਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਕੰਵਰ ਸ਼ੇਰ ਸਿੰਘ ਨੂੰ ਤਖ਼ਤ ਤੇ ਬਿਠਾਉਣ ਦੀ ਗੱਲ ਚਲੀ ਤਾਂ ਗੁਲਾਬ ਡੋਗਰੇ ਨੇ ਆਪਣੀਆਂ ਚਾਲਾ ਚਲਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਮਹਾਰਾਣੀ ਚੰਦ ਕੌਰ ਕੋਲੋਂ ਇਹ ਐਲਾਨ ਕਰਵਾ ਦਿੱਤਾ ਕਿ ਕੰਵਰ ਨੌਨਿਹਾਲ ਸਿੰਘ ਦੀ ਰਾਣੀ ਸਾਹਿਬ ਕੌਰ ਗਰਭਵਤੀ ਹੈ ਅਤੇ ਜੇ ਰਾਣੀ ਸਾਹਿਬ ਕੌਰ ਦੀ ਕੁੱਖੋਂ ਲੜਕਾ ਪੈਦਾ ਹੋਇਆ ਤਾਂ ਉਹ ਮਹਾਰਾਜਾ ਬਣੇਗਾ ਤੇ ਜੇ ਲੜਕੀ ਹੋਈ ਤਾਂ ਕੰਵਰ ਸ਼ੇਰ ਸਿੰਘ ਮਹਾਰਾਜਾ ਬਣਾਇਆ ਜਾਵੇਗਾ। ਉਤਨੇ ਸਮੇਂ ਲਈ ਉਨ੍ਹਾਂ ਨੇ ਮਹਾਰਾਣੀ ਚੰਦ ਕੌਰ ਨੂੰ ਤਖ਼ਤ ਤੇ ਬਿਠਾ ਦਿੱਤਾ। ਚੰਦ ਕੌਰ ੨ ਮਹੀਨੇ ੯ ਦਿਨ ਤੱਕ ਰਾਜ ਕੀਤਾ। ਕੰਵਰ ਸ਼ੇਰ ਸਿੰਘ ਨੇ ਜਦੋਂ ਇਹ ਐਲਾਨ ਸੁਣਿਆ ਤਾਂ ਉਹ ਬਟਾਲੇ ਚਲਾ ਗਿਆ।

ਗਿਆਨੀ ਜੀ ਨੇ ਦੱਸਿਆ ਪਰ ਬਾਅਦ ਵਿੱਚ ਡੋਗਰਿਆਂ ਦੀ ਇਸ ਚਾਲ ਦਾ ਪੜ੍ਹਦਾ-ਫ਼ਾਸ਼ ਹੋ ਗਿਆ, ਕਿਉਂ ਕਿ ਕੰਵਰ ਨੌਨਿਹਾਲ ਸਿੰਘ ਦੀ ਰਾਣੀ ਗਰਭਵਤੀ ਹੈ ਹੀ ਨਹੀਂ ਸੀ। ਅਸਲ ਵਿੱਚ ਡੋਗਰੇ ਗਦਾਰਾਂ ਨੇ ਦੋ ਗਰਭਵਤੀ ਕਸ਼ਮੀਰੀ ਔਰਤਾਂ ਨੂੰ ਧਨ ਦਾ ਵੱਡਾ ਲਾਲਚ ਦੇ ਕੇ ਇਸ ਗੱਲ ਲਈ ਤਿਆਰ ਕਰ ਲਿਆ ਸੀ ਕਿ ਤੁਹਾਡੇ ਦੋਨਾਂ ਵਿੱਚੋਂ ਜਿਸ ਦੇ ਵੀ ਲੜਕਾ ਪੈਦਾ ਹੋਇਆ, ਉਹ ਰਾਣੀ ਸਾਹਿਬ ਕੌਰ ਦੀ ਝੋਲੀ ਵਿਚ ਪਾ ਦੇਵੇਗੀ। ਪਰ ਰੱਬ ਦੀ ਰਜ਼ਾ ਕੁਝ ਹੋਰ ਵਰਤੀ, ਦੋਵਾਂ ਕਸ਼ਮੀਰਣਾ ਦੇ ਘਰ ਲੜਕੀਆਂ ਪੈਦਾ ਹੋਈਆਂ। ਉਨ੍ਹਾਂ ਕਿਹਾ ਕਿ ਡੋਗਰਾ ਗਦਾਰ ਭਰਾਵਾਂ ਦੀਆਂ ਗਦਾਰੀਆਂ ਨਾਲ ਇਤਿਹਾਸ ਭਰਿਆ ਪਿਆ ਹੈ। ਅੱਜ ਮਹਾਰਾਜਾ ਸ਼ੇਰ ਸਿੰਘ ਦੀ ਤਾਜਪੋਸ਼ੀ ਸਿਰਫ਼ ਮਨਾ ਕੇ, ਲੰਗਰ ਖਾ ਕੇ ਗਦਾਰਾ ਨੂੰ ਭੁੱਲ ਨਹੀਂ ਜਾਣਾ ਹੈ। ਬਲਕਿ ਸੁਚੇਤ ਹੋ ਕੇ ਹਰ ਕਦਮ ਪੁੱਟਣਾ ਹੈ।

ਗਦਾਰ ਡੋਗਰੇ ਇਕ ਤੋਂ ਬਾਅਦ ਇਕ ਕੋਝੀਆਂ ਚਾਲਾਂ ਚਲ ਰਹੇ ਸਨ। ਲਾਹੌਰ ਸ਼ਹਿਰ ‘ਚ ਲੁੱਟ-ਘਸੁੱਟ, ਅੱਤਿਆਚਾਰ ਅਤੇ ਰਾਜ ਗੱਦੀ ਦੀ ਪ੍ਰਾਪਤੀ ਲਈ ਸਾਜਿਸ਼ਾਂ ਦਾ ਬਜ਼ਾਰ ਗਰਮ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਪ੍ਰਬੰਧ ਤੋਂ ਖ਼ੁਸ਼ ਲੋਕ, ਗਦਾਰ ਡੋਗਰਿਆਂ ਕਰਕੇ ਬਹੁਤ ਦੁਖੀ ਹੋ ਚੁੱਕੇ ਸਨ। ਉਸ ਸਮੇਂ ਮੀਆਂ ਮੀਰ ਛਾਉਣੀ ਵਿਖੇ ਖਾਲਸਾ ਰਾਜ ਦੇ ਪੰਚਾਂ ਦਰਬਾਰੀਆਂ ਨੇ ਮਿਲ ਕੇ ਇਕ ਅਹਿਮ ਇੱਕਠ ਕੀਤਾ ਅਤੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਪੰਜਾਬ ਦਾ ਰਾਜ ਕੰਵਰ ਸ਼ੇਰ ਸਿੰਘ ਨੂੰ ਸੌਂਪਣ ਲਈ ਉਸ ਨੂੰ ਤਰੰਤ ਲਾਹੌਰ ਬੁਲਾਇਆ ਜਾਵੇ।

ਗਿਆਨੀ ਜੀ ਨੇ ਦੱਸਿਆ ਕਿ ਜਿਸ ਸਮੇਂ ਪੰਚਾਂ ਦਾ ਹੁਕਮ ਕੰਵਰ ਸ਼ੇਰ ਸਿੰਘ ਨੂੰ ਮਿਲਿਆ। ਉਸ ਨੇ ੧੪ ਜਨਵਰੀ ੧੮੪੧ ਨੂੰ ਰਾਤ ੮ ਵਜੇ ਦੇ ਕਰੀਬ ਆਪਣੀਆਂ ਫੌਜਾਂ ਨਾਲ ਲਾਹੌਰ ਤੇ ਚੜ੍ਹਾਈ ਕਰ ਦਿੱਤੀ। ਇਸ ਹਮਲੇ ਤੋਂ ਡੋਗਰੇ ਡਰ ਗਏ। ਡਰੇ ਹੋਏ ਸਾਜਸ਼ੀ ਗਦਾਰ ਡੋਗਰਿਆਂ ਨੇ ਮਹਾਰਾਣੀ ਤੋਂ ਬਿਨਾਂ ਪੁੱਛੇ ਆਪਣੇ ਵੱਲੋਂ ਹੀ ਲਾਹੌਰ ਸ਼ਹਿਰ ਵਿਚ ਇਹ ਢੰਢੋਰਾ ਫਿਰਵਾ ਦਿੱਤਾ ਕਿ ਖਾਲਸਾ ਰਾਜ ਦੇ ਕੁਝ ਦੁਸ਼ਮਣ ਕੰਵਰ ਸ਼ੇਰ ਸਿੰਘ ਨੂੰ ਲਾਹੌਰ ‘ਤੇ ਚੜ੍ਹਾਈ ਕਰਨ ਲਈ ਲੈ ਕੇ ਆਏ ਹਨ ਅਤੇ ਇਸ ਪਿੱਛੇ ਸ਼ੇਰ ਸਿੰਘ ਦਾ ਮਕਸਦ ਲਾਹੌਰ ਤੇ ਕਬਜਾ ਕਰਕੇ ਰਾਣੀ ਨੂੰ ਬਹਾਰ ਕੱਢ ਦੇਣਾ ਹੈ। ਸੋ ਆਓ! ਸਾਰੇ ਇਕੱਠੇ ਹੋ ਜਾਉ ਅਤੇ ਕੰਵਰ ਸ਼ੇਰ ਸਿੰਘ ਨੂੰ ਲਾਹੌਰ ਤੇ ਕਬਜਾ ਨਾ ਕਰਨ ਦੇਈਏ। ਡੋਗਰਿਆਂ ਦੀ ਇਹ ਚਾਲ ਸਫ਼ਲ ਨਹੀਂ ਹੋ ਸਕੀ ਅਤੇ ਸ਼ੇਰ ਸਿੰਘ ਨੇ ਲਾਹੌਰ ਤੇ ਕਬਜਾ ਕਰ ਲਿਆ।

੧੮ ਜਨਵਰੀ ੧੮੪੧ ਵਾਲੇ ਦਿਨ ਸ਼ਹਿਜਾਦਾ ਸ਼ੇਰ ਸਿੰਘ ਮਹਾਰਾਜਾ ਬਣਾਇਆ ਗਿਆ ਅਤੇ ੨੦ ਜਨਵਰੀ ੧੮੪੧ ਨੂੰ , ਉਨ੍ਹਾਂ ਦੀ ਲਾਹੌਰ ਸ਼ਾਹੀ ਕਿਲ੍ਹੇ ਵਿੱਚ ਤਾਜਪੋਸ਼ੀ ਹੋਈ। ਮਹਾਰਾਜਾ ਸ਼ੇਰ ਸਿੰਘ ਗੱਦੀ ਉੱਤੇ ਬੈਠੇ ਪਰੰਤੂ ਡੋਗਰਿਆਂ ਨੇ ਸਾਜ਼ਿਸ਼ ਅਧੀਨ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਬਾਲਕ ਪੁੱਤਰ ਕੰਵਰ ਪ੍ਰਤਾਪ ਸਿੰਘ ਦਾ ਵੀ ਕਤਲ ਕਰਵਾ ਦਿੱਤਾ। ਉਨ੍ਹਾਂ ਨੇ ਕਿਹਾ ਅਤਿ ਦੁਖਦਾਇਕ ਹੈ ਕਿ ਅਸੀਂ ਪੰਥ ਤੇ ਪੰਜਾਬ ਦੇ ਵਾਰਸ ਕਹਾਉਣ ਵਾਲਿਆਂ ਨੇ ਇਨ੍ਹਾਂ ਅਹਿਮ ਦਿਨਾਂ ਨੂੰ ਮਨਾਉਣਾ ਤਾਂ ਦੂਰ ਦੀ ਗੱਲ ਆਪਣੀਆਂ ਯਾਦਾਂ ਵਿਚੋਂ ਹੀ ਕੱਢ ਦਿੱਤਾ ਹੈ।

  • 177
  •  
  •  
  •  
  •