ਚੀਨ ਨੇ ਅਰੁਣਾਚਲ ‘ਚ ਵਸਾਇਆ ਪਿੰਡ; ਕਿਹਾ ਸਾਡੇ ਆਪਣੇ ਖੇਤਰ ‘ਚ ਉਸਾਰੀ ਆਮ ਗੱਲ

ਚੀਨ ਨੇ ਅਰੁਣਾਚਲ ਪ੍ਰਦੇਸ਼ ਦੀ ਹੱਦ ਅੰਦਰ ਇੱਕ ਪਿੰਡ ਵਸਾ ਲਿਆ ਹੈ। ਇਸ ਪਿੰਡ ‘ਚ ਲਗਭਗ 101 ਘਰ ਵੀ ਬਣਾਏ ਗਏ ਹਨ। ਇਹ ਪਿੰਡ ਅਰੁਣਾਚਲ ਪ੍ਰਦੇਸ਼ ਵਿਚ ਅਸਲ ਕੰਟਰੋਲ ਰੇਖਾ ਤੋਂ ਲਗਭਗ 4.5 ਕਿਲੋਮੀਟਰ ਅੰਦਰ ਵੱਲ ਹੈ। ਇਹ ਪਿੰਡ ਅਰੁਣਾਚਲ ਪ੍ਰਦੇਸ਼ ਦੇ ਉਪਰਲੇ ਜ਼ਿਲ੍ਹੇ ਸੁਬਨਸਿਰੀ ਵਿਖੇ ਸਥਿਤ ਹੈ। ਚੀਨ ਦਾ ਇਹ ਪਿੰਡ ਭਾਰਤ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਗਿਆ ਹੈ। ਅਰੁਣਾਚਲ ਪ੍ਰਦੇਸ਼ ‘ਚ ਨਵਾਂ ਪਿੰਡ ਬਣਾਉਣ ਦੀ ਰਿਪੋਰਟ ‘ਤੇ ਪ੍ਰਤੀਕਿਰਿਆ ਦਿੰਦਿਆਂ ਚੀਨੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਹੈ ਕਿ ਚੀਨ ਦੇ ਵਿਕਾਸ ਤੇ ਉਸਾਰੀ ਦੀਆਂ ਗਤੀਵਿਧੀਆਂ ਉਸ ਦੇ ‘ਆਪਣੇ ਖੁਦ ਦੇ ਖੇਤਰ ਅੰਦਰ ਆਮ ਵਾਂਗ ਹਨ, ਜੋ ਕਿਸੇ ਵੀ ਤਰ੍ਹਾਂ ਦੀ ਬਦਨਾਮੀ ਜਾਂ ਨਿੰਦਾ ਤੋਂ ਪਰ੍ਹੇ ਹਨ।

ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੂਆ ਸ਼ੁਯਿੰਗ ਨੇ ਮੀਡੀਆ ਬ੍ਰੀਫਿੰਗ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜੰਗਨਾਨ ਖੇਤਰ (ਦੱਖਣੀ ਤਿੱਬਤ) ‘ਤੇ ਚੀਨ ਦੀ ਸਥਿਤੀ ਸਪੱਸ਼ਟ ਤੇ ਸਥਿਰ ਹੈ। ਅਸੀਂ ਕਦੇ ਵੀ ਅਖੌਤੀ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ। ਚੀਨੀ ਬੁਲਾਰਨ ਨੇ ਕਿਹਾ ਹੈ ਕਿ ਸਾਡੇ ਖੁਦ ਦੇ ਖੇਤਰ ਅੰਦਰ ਵਿਕਾਸ ਤੇ ਉਸਾਰੀ ਦੀਆਂ ਗਤੀਵਿਧੀਆਂ ਆਮ ਗੱਲ ਹੈ, ਇਸ ‘ਚ ਕੋਈ ਦੋਸ਼ ਲਗਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਸਾਡਾ ਆਪਣਾ ਖੇਤਰ ਹੈ। ਜ਼ਿਕਰਯੋਗ ਹੈ ਕਿ ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਦੱਸਦਾ ਹੈ, ਜਦਕਿ ਭਾਰਤ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਉਸ ਦਾ ਅਭਿੰਨ ਤੇ ਅਨਿੱਖੜਵਾਂ ਹਿੱਸਾ ਹੈ।

  • 281
  •  
  •  
  •  
  •