ਦਿੱਲੀ ਪੁਲਿਸ ਨੇ 22 ਕੇਸ ਦਰਜ ਕੀਤੇ, 200 ਵਿਅਕਤੀ ਹਿਰਾਸਤ ਵਿਚ ਲਏ

ਦਿੱਲੀ ਪੁਲਿਸ ਨੇ ਰਾਜਧਾਨੀ ਵਿਚ ਕਿਸਾਨਾਂ ਦੀ ਟਰੈਕਟਰ ਰੋਸ ਰੈਲੀ ਦੌਰਾਨ ਹੋਈ ਝੜਪ ਦੇ ਮਾਮਲੇ ਵਿਚ ਹੁਣ ਤੱਕ 22 ਕੇਸ ਦਰਜ ਕੀਤੇ ਹਨ। ਇਨ੍ਹਾਂ ਵਿੱਚ ਕਈ ਕਿਸਾਨ ਨੇਤਾਵਾਂ ਦੇ ਨਾਮ ਵੀ ਹਨ। ਮੀਡੀਆ ਮੁਤਾਬਕ ਹੁਣ ਤੱਕ 200 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਇਨ੍ਹਾਂ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਦਿੱਲੀ ਪੁਲਿਸ ਅੱਜ ਸ਼ਾਮ 4 ਵਜੇ ਪ੍ਰੈਸ ਕਾਨਫਰੰਸ ਕਰ ਰਹੀ ਹੈ, ਜਿਸ ‘ਚ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਬਾਰੇ ਤੇ ਹੋਰ ਜਾਣਕਾਰੀ ਸਾਂਝੀ ਕਰ ਸਕਦੇ ਹਨ।

ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿੱਚ 300 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਏ ਇਸ ਟਕਰਾਅ ਦੇ ਵਿੱਚ ਸ਼ਾਮਲ ਕਿਸਾਨਾਂ ਦੀ ਪਛਾਣ ਕਰਨ ਲਈ ਕਈ ਸੀਸੀਟੀਵੀ ਫੁਟੇਜ ਅਤੇ ਵੱਖ ਵੱਖ ਵੀਡੀਓਜ਼ ਨੂੰ ਘੋਖਿਆ ਜਾ ਰਿਹਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਰਾਜਧਾਨੀ ਵਿੱਚ ਕਈ ਸਥਾਨਾਂ ’ਤੇ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਲਾਲਾ ਕਿਲ੍ਹੇ ਤੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਨੀਮ ਫੌਜੀ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ।

ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ ਵਿੱਚ ਕਿਸਾਨ ਆਗੂ ਦਰਸ਼ਨ ਪਾਲ, ਰਾਜਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਂਅ ਦਰਜ ਹਨ। ਇਹ ਐੱਫ.ਆਈ.ਆਰ ਕਿਸਾਨਾਂ ਦੁਆਰਾ ਕੀਤੀ ਗਈ ਟਰੈਕਟਰ ਪਰੇਡ ਸਬੰਧੀ ਜਾਰੀ ਕੀਤੀ ਗਈ ਐਨ.ਓ.ਸੀ ਦੀ ਉਲੰਘਣਾ ਕਾਰਨ ਦਰਜ ਕੀਤੀ ਗਈ ਹੈ। ਐਫਆਈਆਰ ਵਿੱਚ ਰਾਕੇਸ਼ ਟਿਕੈਤ ਦਾ ਨਾਮ ਵੀ ਸ਼ਾਮਲ ਹੈ।

  • 138
  •  
  •  
  •  
  •