‘ਦਿੱਲੀ ਵਿਖੇ ਵਾਪਰੇ ਘਟਨਾਕ੍ਰਮ ਲਈ ਮੋਦੀ ਹਕੂਮਤ ਦੀਆਂ ਦਿਸ਼ਾਹੀਣ ਜਾਲਮਾਨਾ ਨੀਤੀਆਂ ਜ਼ਿੰਮੇਵਾਰ’

“ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਜਮਹੂਰੀਅਤ ਅਤੇ ਅਮਨਮਈ ਤਰੀਕੇ ਜਨਤਕ ਤੌਰ ਤੇ ਟਰੈਕਟਰ ਪ੍ਰੇਡ ਰੱਖੀ ਗਈ ਸੀ । ਕਿਸਾਨ ਜਥੇਬੰਦੀਆਂ ਵੱਲੋਂ ਇਸ ਲਈ ਬਣਾਏ ਗਏ ਰੂਟ ਦੇ ਰਾਹ ਵਿਚ ਪੁਲਿਸ ਵੱਲੋਂ ਬੈਰੀਕੇਡ ਲਗਾਕੇ ਅਤੇ ਹੋਰ ਵੱਡੀਆਂ ਰੁਕਾਵਟਾਂ ਖੜ੍ਹੀਆ ਕਰਨ ਦੀ ਬਦੌਲਤ ਕਿਸਾਨੀ ਨੌਜ਼ਵਾਨੀ ਵਿਚ ਰੋਹ ਉਤਪੰਨ ਹੋਇਆ। ਜਿਸ ਲਈ ਹਕੂਮਤੀ ਸਾਜ਼ਿਸੀ ਅਮਲਾਂ ਨੇ ਉਕਸਾਹਟ ਤੇ ਭੜਕਾਹਟ ਪੈਦਾ ਕਰ ਦਿੱਤੀ। ਜਦੋਂ ਟਰੈਕਟਰ ਮਾਰਚ ਦੇ ਰੂਟ ਅਤੇ ਉਸਦੇ ਅਮਨਮਈ ਰਹਿਣ ਲਈ ਕਿਸਾਨ ਜਥੇਬੰਦੀਆਂ ਅਤੇ ਸਾਮਿਲ ਲੱਖਾਂ ਦੀ ਗਿਣਤੀ ਵਿਚ ਕਿਸਾਨ ਸਹਿਮਤ ਸਨ, ਫਿਰ ਇਹ ਰੁਕਾਵਟਾਂ ਖੜ੍ਹੀਆਂ ਕਰਕੇ ਮਾਹੌਲ ਨੂੰ ਖ਼ਰਾਬ ਕਰਨ ਲਈ ਹੁਕਮਰਾਨ ਜਿੰਮੇਵਾਰ ਹਨ ਨਾ ਕਿ ਕਿਸਾਨ ਜਥੇਬੰਦੀਆਂ ਜਾਂ ਕਿਸਾਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਵੇਂ ਗੋਦੀ ਮੀਡੀਏ ਨੇ ਲੱਖਾਂ ਦੀ ਗਿਣਤੀ ਵਿਚ ਪਹੁੰਚੇ ਟਰੈਕਟਰ ਮਾਰਚ ਨੂੰ ਸੰਸਾਰ ਨੂੰ ਦਿਖਾਉਣ ਤੋਂ ਨਜ਼ਰ ਅੰਦਾਜ ਕਰਕੇ, ਕੇਵਲ ਤੇ ਕੇਵਲ ਲਾਲ ਕਿਲ੍ਹੇ ਦੇ ਐਪੀਸੋਡ ਨੂੰ ਵਾਰ-ਵਾਰ ਦਿਖਾਕੇ ਮੀਡੀਏ ਵਿਚ ਕਿਸਾਨ ਸੰਘਰਸ਼, ਪੰਜਾਬੀਆਂ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸਿ਼ਸ਼ ਕੀਤੀ ਹੈ, ਉਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਟਰੈਕਟਰ ਮਾਰਚ ਦੇ ਰਾਹ ਵਿਚ ਰੁਕਾਵਟਾਂ ਖੜ੍ਹੀਆ ਕਰਨ ਅਤੇ ਮੀਡੀਏ ਉਤੇ ਕੇਵਲ ਇਕ ਤੁੱਛ ਜਿਹੇ ਪੱਖ ਨੂੰ ਜੋ ਅੱਜ ਤੱਕ ਉਭਾਰਿਆ ਜਾ ਰਿਹਾ ਹੈ, ਇਹ ਹਕੂਮਤੀ ਸਾਜ਼ਿਸ ਦੀ ਕੜੀ ਦਾ ਹਿੱਸਾ ਸਨ ਅਤੇ ਹੁਕਮਰਾਨ, ਸਮੁੱਚੇ ਮੁਲਕ ਦੇ ਕਿਸਾਨ-ਮਜਦੂਰ ਵਿਰੋਧੀ ਬਣਾਏ ਗਏ ਜ਼ਾਬਰ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਬਜਾਇ ਇਸ ਸੰਸਾਰ ਪੱਧਰ ਦੇ ਵੱਡੇ ਇਤਿਹਾਸਿਕ ਅੰਦੋਲਨ ਨੂੰ ਸੱਟ ਮਾਰਨ ਉਤੇ ਨਿਰੰਤਰ ਬੀਤੇ 5-6 ਮਹੀਨਿਆ ਤੋਂ ਅਮਲ ਕਰਦੇ ਆ ਰਹੇ ਹਨ। ਇਹੀ ਵਜਹ ਸੀ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਹੋਣ ਵਾਲੀਆ 11 ਮੀਟਿੰਗਾਂ ਵਿਚ ਵੀ ਕੋਈ ਸਾਰਥਿਕ ਹੱਲ ਨਾ ਕੱਢਿਆ ਗਿਆ । ਬਲਕਿ ਆਪਣੇ ਕਾਰਪੋਰੇਟ ਘਰਾਣਿਆ ਦੀ ਮਨੁੱਖਤਾ ਵਿਰੋਧੀ ਸੋਚ ਨੂੰ ਅਤੇ ਆਪਣੀ ਹਊਮੈ ਨੂੰ ਪੱਠੇ ਪਾਉਣ ਦੇ ਦੁੱਖਦਾਇਕ ਅਮਲ ਕੀਤੇ ਜਾਂਦੇ ਆ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਪੁੱਛਣਾ ਚਾਹੇਗਾ ਕਿ ਜਿਥੇ ਲਾਲ ਕਿਲ੍ਹੇ ਤੇ ਕੁਝ ਸਮਾਂ ਪਹਿਲੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਤਿਰੰਗਾ ਝੰਡਾ ਝੁਲਾਕੇ ਆਏ ਸਨ ਅਤੇ ਜਿਥੇ 26 ਜਨਵਰੀ ਦੇ ਦਿਨ ਵੱਡੀ ਗਿਣਤੀ ਵਿਚ ਕਮਾਡੋ ਫੋਰਸ ਅਤੇ ਹੋਰ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਰਹਿੰਦੇ ਹਨ । ਉਥੇ ਰੋਹ ਵਿਚ ਆਈ ਨੌਜ਼ਵਾਨੀ ਨੂੰ ਪਹਿਲੇ ਪਹੁੰਚਣ ਅਤੇ ਫਿਰ ਅੰਦਰ ਦਾਖਲ ਹੋਣ ਦੀ ਖੁੱਲ੍ਹ ਹੁਕਮਰਾਨਾਂ ਵੱਲੋਂ ਖੁਦ ਨਹੀਂ ਦਿੱਤੀ ਗਈ ? ਕੀ ਇਹ ਕਿਸਾਨੀ ਮੋਰਚੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿ਼ਸ ਦੀ ਕੜੀ ਦਾ ਹਿੱਸਾ ਨਹੀਂ ਸੀ ?

ਉਨ੍ਹਾਂ ਕਿਹਾ ਕਿ ਜਿਵੇਂ ਅੱਜ ਫਿਰਕੂ ਹੁਕਮਰਾਨਾਂ ਦੀ ਬਾਲਾਕੋਟ, ਪੁਲਵਾਮਾ ਵਿਖੇ ਪਹਿਲੋ ਹੀ ਰਚੀ ਗਈ ਸਾਜਿ਼ਸ ਰਾਹੀ ਸਰਜੀਕਲ ਸਟਰਾਇਕ ਕਰਕੇ ਇਥੋਂ ਦੇ ਨਿਵਾਸੀਆ ਨੂੰ ਬਹੁਤ ਹੀ ਸੂਖਮ ਢੰਗ ਨਾਲ ਗੁੰਮਰਾਹ ਕਰਕੇ ਮੁਲਕ ਨਿਵਾਸੀਆ ਦੀਆਂ ਵੋਟਾਂ ਬਟੋਰਨ ਉਤੇ ਕੰਮ ਕੀਤਾ ਸੀ, ਉਸੇ ਤਰ੍ਹਾਂ ਦੀ ਸਾਜਿ਼ਸ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਚੱਲ ਰਹੇ ਕਿਸਾਨ ਮੋਰਚੇ ਅਤੇ ਇਸ ਮੋਰਚੇ ਵਿਚ ਵੱਡੀ ਗਿਣਤੀ ਵਿਚ ਸਾਮਿਲ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਪਹਿਲੇ ਬਦਨਾਮ ਕਰਨ ਅਤੇ ਫਿਰ ਇਸ ਰਾਹੀ ਕਿਸਾਨ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਹੈ।

ਅਜਿਹੇ ਅਮਲ ਕਰਕੇ ਇਹ ਮੁਲਕ ਨਿਵਾਸੀਆ, ਕਿਸਾਨਾਂ-ਮਜਦੂਰਾਂ, ਪੰਜਾਬੀਆਂ ਤੇ ਸਿੱਖ ਕੌਮ ਨੂੰ ਕਤਈ ਬਦਨਾਮ ਨਹੀਂ ਕਰ ਸਕਣਗੇ ਅਤੇ ਨਾ ਹੀ ਕਿਸਾਨ ਮਾਰੂ ਕਾਨੂੰਨਾਂ ਨੂੰ ਜ਼ਬਰੀ ਲਾਗੂ ਕਰਨ ਦੇ ਮਨਸੂਬਿਆ ਵਿਚ ਕਾਮਯਾਬ ਹੋ ਸਕਣਗੇ। ਇਹ ਕਿਸਾਨ ਮਾਰੂ, ਮੁਲਕ ਨਿਵਾਸੀ ਮਾਰੂ ਅਤੇ ਅਰਾਜਕਤਾ ਫੈਲਾਉਣ ਵਾਲੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਕੇ ਹੀ ਹੁਕਮਰਾਨ ਮਾਹੌਲ ਨੂੰ ਸੁਖਾਵਾਂ ਬਣਾ ਸਕਦੇ ਹਨ । ਵਰਨਾ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਇਥੋਂ ਦੇ ਨਿਵਾਸੀ, ਕਿਸਾਨ, ਮਜਦੂਰ, ਨੌਜ਼ਵਾਨੀ ਅਤੇ ਹੋਰ ਵਰਗ ਨਹੀਂ ਹੋਣਗੇ, ਬਲਕਿ ਹੁਕਮਰਾਨ ਹੀ ਗਲੋਬਲ ਪੱਧਰ ਤੇ ਜਿ਼ੰਮੇਵਾਰ ਠਹਿਰਾਏ ਜਾਣਗੇ ।

  • 160
  •  
  •  
  •  
  •