ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਹੁਣ ਨਵੇਂ ਰੂਪ ’ਚ ਆਵੇਗੀ ਨਜ਼ਰ, ਖ਼ਰਚਿਆਂ ਨੂੰ ਦਿਖਾਇਆ ਜਾਵੇਗਾ Site ਤੇ

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੂਚਨਾ ਤਕਨੀਕ ਰਾਹੀਂ ਸੰਗਤ ਤੱਕ ਆਪਣੀ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਵੈੱਬਸਾਈਟ ਜਾਰੀ ਕੀਤੀ ਹੈ। ਇਸ ਵੈੱਬਸਾਈਟ (www.sgpcamritsar.org) ਦਾ ਰਸਮੀਂ ਉਦਘਾਟਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਵੈੱਬਸਾਈਟ ਨੂੰ ਤਿਆਰ ਕਰਨ ਦੀਆਂ ਸੇਵਾਵਾਂ ਮਾਈਕਰੋ ਸੋਲਿਊਸ਼ਨ ਪ੍ਰਾਈਵੇਟ ਜਲੰਧਰ ਵੱਲੋਂ ਮੁਫ਼ਤ ਦਿੱਤੀਆਂ ਗਈਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਆਧੁਨਿਕ ਤਕਨੀਕ ਅਤੇ ਵਰਤੋਂ ਲੋੜਾਂ ਨੂੰ ਸਾਹਮਣੇ ਰੱਖ ਕੇ ਸ਼੍ਰੋਮਣੀ ਕਮੇਟੀ ਦੀ ਨਵੀਂ ਵੈੱਬਸਾਈਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੈੱਬਸਾਈਟ ਤੋਂ ਸੰਗਤਾਂ ਸ਼੍ਰੋਮਣੀ ਕਮੇਟੀ ਦੇ ਸਾਰੇ ਮਹਿਕਮਿਆਂ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੀਆਂ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਅਤੇ ਕੀਤੇ ਜਾਂਦੇ ਖ਼ਰਚਿਆਂ ਨੂੰ ਵੈੱਬਸਾਈਟ ’ਤੇ ਦਿਖਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ ਨਾਲ ਸਬੰਧਤ ਸਾਰੀਆਂ ਪੁਸਤਕਾਂ ਵੀ ਵੈੱਬਸਾਈਟ ’ਤੇ ਡਿਜ਼ੀਟਲ ਰੂਪ ਵਿਚ ਉਪਲੱਬਧ ਹੋਣਗੀਆਂ। ਇਸ ਤੋਂ ਸ਼੍ਰੋਮਣੀ ਕਮੇਟੀ ਦਾ ਇਤਿਹਾਸ, ਮੌਜੂਦਾ ਅਹੁਦੇਦਾਰਾਂ ਅਤੇ ਮੈਂਬਰਾਂ ਬਾਰੇ ਜਾਣਕਾਰੀ, ਸ਼੍ਰੋਮਣੀ ਕਮੇਟੀ ਦੇ ਹੁਣ ਤੱਕ ਰਹੇ ਪ੍ਰਧਾਨਾਂ ਦਾ ਵੇਰਵਾ, ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦਾ ਇਤਿਹਾਸ, ਸਿੱਖ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਬਾਰੇ ਜਾਣਕਾਰੀ ਮਿਲ ਸਕੇਗੀ। ਸਮੇਂ-ਸਮੇਂ ਇਸ ਵੈੱਬਸਾਈਟ ’ਤੇ ਸ਼੍ਰੋਮਣੀ ਕਮੇਟੀ ਦੇ ਸ਼ਾਨਾਮੱਤੇ ਸੌ ਸਾਲਾ ਇਤਿਹਾਸ ਨੂੰ ਪਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਪਹਿਲਾਂ ਹੀ ਸੰਗਤ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸਰਾਂ ਅੰਦਰ ਕਮਰਾ ਬੁੱਕ ਕਰਵਾਉਣ ਲਈ ਆਨਲਾਈਨ ਸਹੂਲਤ ਚੱਲ ਰਹੀ ਹੈ, ਉਥੇ ਹੀ ਹੁਣ ਇਸ ਵੈੱਬਸਾਈਟ ’ਤੇ ਸ੍ਰੀ ਅਖੰਡਪਾਠ ਸਾਹਿਬ ਵੀ ਬੁੱਕ ਕਰਵਾਏ ਜਾ ਸਕਣਗੇ। ਇਸ ਤੋਂ ਇਲਾਵਾ ਰਾਗੀ ਜਥਿਆਂ ਦੀ ਸੇਵਾ ਪ੍ਰਾਪਤ ਕਰਨ ਲਈ ਵੀ ਸੰਗਤਾਂ ਆਨਲਾਈਨ ਵਿਧੀ ਦੀ ਵਰਤੋਂ ਕਰ ਸਕਣਗੀਆਂ। ਇਹ ਆਨਲਾਈਨ ਸਹੂਲਤਾਂ ਦੂਰ-ਦੁਰਾਡੇ ਬੈਠੀਆਂ ਸੰਗਤਾਂ ਲਈ ਇਕ ਕਲਿੱਕ ’ਤੇ ਉਪਲੱਬਧ ਹੋਣਗੀਆਂ, ਜਿਸ ਨਾਲ ਸੇਵਾ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਮੀਡੀਆ ਸਰਗਰਮੀਆਂ ਵੀ ਨਵੀਂ ਵੈੱਬਸਾਈਟ ਦਾ ਹਿੱਸਾ ਹੋਣਗੀਆਂ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਸੁਝਾਅ ਅਨੁਸਾਰ ਵੈੱਬਸਾਈਟ ਨੂੰ ਅਪਡੇਟ ਕੀਤਾ ਜਾਂਦਾ ਰਹੇਗਾ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਵੈੱਬਸਾਈਟ ਤਿਆਰ ਕਰਨ ਵਾਲੇ ਸ੍ਰੀ ਸੰਦੀਪ ਕੁਮਾਰ ਗੁਪਤਾ, ਸ੍ਰੀਮਤੀ ਮੋਨਿਕਾ ਗੁਪਤਾ ਅਤੇ ਮੀਧਾਂਸ ਗੁਪਤਾ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀਆਂ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਅਜਾਇਬ ਸਿੰਘ ਅਭਿਆਸੀ, ਯੁਵਰਾਜ ਭੁਪਿੰਦਰ ਸਿੰਘ, ਬੀਬੀ ਰਜਨੀਤ ਕੌਰ, ਮੀਤ ਸਕੱਤਰ  ਕੁਲਵਿੰਦਰ ਸਿੰਘ ਰਮਦਾਸ ਆਦਿ  ਮੌਜੂਦ ਸਨ।

  • 63
  •  
  •  
  •  
  •