ਯੂਕੇ: ਅਨੋਖੀ ਯਾਦ ਸ਼ਕਤੀ ਵਾਲੀ ਚਾਰ ਵਰ੍ਹਿਆਂ ਦੀ ਸਿੱਖ ਬੱਚੀ ਨੇ ਰਚਿਆ ਇਤਿਹਾਸ

ਉੱਚ ਪ੍ਰਤਿਭਾਸ਼ਾਲੀ (ਆਈ.ਕਯੂ.) ਵਾਲੇ ਬੱਚਿਆਂ ਦੇ ਮੇਨਸਾ ਕਲੱਬ ‘ਚ 4 ਸਾਲ ਦੀ ਇਕ ਬਿ੍ਟਿਸ਼ ਸਿੱਖ ਲੜਕੀ ਨੂੰ ਸ਼ਾਮਿਲ ਕੀਤਾ ਗਿਆ ਹੈ। ਦਿਆਲ ਕੌਰ ਆਪਣੇ ਪਰਿਵਾਰ ਨਾਲ ਬਰਮਿੰਘਮ ‘ਚ ਰਹਿੰਦੀ ਹੈ। ਉਸ ਨੇ ਬਹੁਤ ਘੱਟ ਉਮਰ ਤੋਂ ਹੀ ਸਿੱਖਣ ਦੀ ਅਸਧਾਰਨ ਸਮਰੱਥਾ ਪ੍ਰਦਰਸ਼ਿਤ ਕੀਤੀ ਅਤੇ ਉਹ ਅੰਗਰੇਜ਼ੀ ਵਰਨਮਾਲਾ ਦੇ ਸਾਰੇ ਅੱਖਰਾਂ ਨੂੰ 14 ਮਹੀਨਿਆਂ ਦੀ ਉਮਰ ਤੱਕ ਪਹਿਚਾਣਨ ਲੱਗ ਪਈ ਸੀ।

ਬੱਚੀ ਨੇ ਮੇਨਸਾ ਜਾਂਚ ‘ਚ ਸ਼ਾਮਿਲ ਹੋਣ ਲਈ ਇੱਛਾ ਜਾਹਰ ਕੀਤੀ ਅਤੇ ਕੋਰੋਨਾ ਕਾਰਨ ਤਾਲਾਬੰਦੀ ਦੇ ਚਲਦਿਆਂ ਇਸ ‘ਚ ਆਨਲਾਈਨ ਮਾਧਿਅਮ ਰਾਹੀਂ ਸ਼ਾਮਿਲ ਹੋਈ ਅਤੇ 145 ਆਈ.ਕਯੂ. ਅੰਕ ਹਾਸਿਲ ਕੀਤਾ। ਇਸ ਉਪਲੱਬਧੀ ਨਾਲ ਉਸ ਨੂੰ ਬਰਤਾਨੀਆ ਦੀ ਉਸ ਚੋਟੀ ਦੀ ਇਕ ਫੀਸਦੀ ਆਬਾਦੀ ਵਾਲੀ ਸ਼੍ਰੇਣੀ ‘ਚ ਸ਼ਾਮਿਲ ਕਰ ਦਿੱਤਾ, ਜਿਨ੍ਹਾਂ ਨੂੰ ਕੁਦਰਤ ਦਾ ਇਹ ਬੇਮਿਸਾਲ ਵਰਦਾਨ ਪ੍ਰਾਪਤ ਹੈ।

ਬਿ੍ਟਿਸ਼ ਮੇਨਸਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਨ ਸਟੀਵੇਂਜ ਨੇ ਕਿਹਾ ਕਿ ਅਸੀਂ ਦਿਆਲ ਕੌਰ ਦਾ ਮੇਨਸਾ ‘ਚ ਸਵਾਗਤ ਕਰਦੇ ਹਾਂ, ਜਿਥੇ ਉਹ ਕਰੀਬ 2000 ਜੂਨੀਅਰ ਤੇ ਕਿਸ਼ੋਰ ਮੈਂਬਰਾਂ ਦੇ ਭਾਈਚਾਰੇ ‘ਚ ਸ਼ਾਮਿਲ ਕੀਤੀ ਗਈ। ਉਸ ਦੇ ਪਿਤਾ ਸਰਬਜੀਤ ਸਿੰਘ ਜੋ ਇਕ ਅਧਿਆਪਕ ਹਨ, ਤੇ ਮਾਤਾ ਰਾਜਵਿੰਦਰ ਕੌਰ ਨੇ ਕਿਹਾ ਸਾਡੇ ਲਈ ਇਹ ਮਹਿਸੂਸ ਕਰਨਾ ਸੁਭਾਵਿਕ ਹੈ ਕਿ ਸਾਡੀ ਬੱਚੀ ਵਿਸ਼ੇਸ਼ ਹੈ, ਜੋ ਲੱਖਾਂ ‘ਚੋਂ ਇਕ ਹੈ। ਸਰਬਜੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ।

  • 86
  •  
  •  
  •  
  •