ਦਿੱਲੀ ਪੁਲਿਸ ਨੇ ਦੀਪ ਸਿੱਧੂ ਸਣੇ ਅੱਠ ਲੋਕਾਂ ‘ਤੇ ਰੱਖਿਆ ਇਨਾਮ

ਨਵੀਂ ਦਿੱਲੀ- ਦਿੱਲੀ ਪੁਲਿਸ ਵੱਲੋਂ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਏ ਘਟਨਾਕ੍ਰਮ ਸਬੰਧੀ 8 ਲੋਕਾਂ ‘ਤੇ ਇਨਾਮ ਦਾ ਐਲਾਨ ਕੀਤਾ ਹੈ। ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ ‘ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਉੱਥੇ ਹੀ ਜਜਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ‘ਤੇ ਦਿੱਲੀ ਪੁਲਿਸ ਵਲੋਂ 50-50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਨ੍ਹਾਂ ਦੀ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਦੀਪ ਸਿੱਧੂ ਦੀ ਤਲਾਸ਼ ‘ਚ ਕ੍ਰਾਇਮ ਬ੍ਰਾਂਚ ਦੀਆਂ ਟੀਮਾਂ ਜੁੱਟੀਆਂ ਹੋਈਆਂ ਹਨ ਪਰ ਉਹ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਕਿਹਾ ਜਾ ਰਿਹਾ ਹੈ ਕਿ ਦਿੱਲੀ ‘ਚੋਂ ਨਿਕਲ ਜਾਣ ਤੋਂ ਬਾਅਦ ਦੀਪ ਸਿੱਧੂ ਦੀ ਲੋਕੇਸ਼ਨ ਹਰਿਆਣਾ ਸੀ। ਉਸ ਤੋਂ ਬਾਅਦ ਉਸ ਦੀ ਲੋਕੇਸ਼ਨ ਪੰਜਾਬ ਹੋ ਗਈ। ਇਸ ਤੋਂ ਬਾਅਦ ਹੁਣ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਹ ਬਿਹਾਰ ‘ਚ ਹੋ ਸਕਦਾ ਹੈ।

ਦੱਸਣਯੋਗ ਹੈ ਕਿ ਕਿਸਾਨ ਟਰੈਕਟਰ ਰੈਲੀ ਦੌਰਾਨ ਲੱਖਾਂ ਕਿਸਾਨ ਸਰਕਾਰ ਵੱਲੋਂ ਸੁਝਾਏ ਗਏ ਰਾਹ ਤੋਂ ਅਲੱਗ ਲਾਲ ਕਿਲੇ ਵੱਲ ਚਲੇ ਗਏ ਸਨ ਅਤੇ ਇਹਨਾਂ ਵਿਚੋਂ ਕੁੱਝ ਲੋਕਾਂ ਨੇ ਲਾਲ ਕਿਲੇ ਤੇ ਕਈ ਥਾਂ ਕਿਸਾਨੀ ਅਤੇ ਸਿੱਖਾਂ ਦਾ ਧਾਰਮਿਕ ਝੰਡਾ ਲਹਿਰਾਇਆ ਸੀ। ਇਸ ਘਟਨਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਇਹਨਾਂ ਨੌਜਵਾਨਾਂ ਨਾਲੋਂ ਆਪਣਾ ਸਬੰਧ ਤੋੜ ਲਿਆ ਸੀ। ਸੰਯੁਕਤ ਕਿਸਾਨ ਮੋਰਚੇ ਵਾਲਿਆਂ ਵੱਲੋਂ ਪਾਸਾ ਵੱਟਣ ਤੋਂ ਬਾਅਦ ਇਹਨਾਂ ਨੌਜਵਾਨਾਂ ਤੇ ਪੁਲਸ ਨੇ ਸਖਤੀ ਕਰ ਦਿੱਤੀ ਸੀ ਅਤੇ ਉਹ ਰੂਪੋਸ਼ ਹੋ ਗਏ ਸਨ। ਇਸ ਕੇਸ ਵਿੱਚ ਦਿੱਲੀ ਦੀ ਕ੍ਰਾਈਮ ਬ੍ਰਾਂਚ ਦੀਆਂ 13 ਟੀਮਾਂ ਪੜਤਾਲ ਕਰ ਰਹੀਆਂ ਹਨ, ਜਿਨ੍ਹਾਂ ਨੇ 50 ਤੋਂ ਵੱਧ ਘਰਾਂ ਦੀ ਪਛਾਣ ਕੀਤੀ ਹੈ। ਹਿੰਸਾ ਤੋਂ ਬਾਅਦ 14 ਟਰੈਕਟਰ ਵੀ ਜ਼ਬਤ ਕਰ ਲਏ ਗਏ ਹਨ।

  • 210
  •  
  •  
  •  
  •