ਬਰਤਾਨੀਆ ਦੀ ਪੁਲਿਸ ‘ਸਕਾਟਲੈਂਡ ਯਾਰਡ’ ਵੱਲੋਂ ਪਹਿਲੀ ਸਿੱਖ ਮਹਿਲਾ ਅਫ਼ਸਰ ਨੂੰ ਸਿਜਦਾ

ਬਰਤਾਨੀਆ ਦੀ ਪੁਲਿਸ ‘ਸਕਾਟਲੈਂਡ ਯਾਰਡ’ ਨੇ ਕਰਪਾਲ ਕੌਰ ਸੰਧੂ ਦੇ ਪਹਿਲੀ ਦੱਖਣੀ ਏਸ਼ੀਆਂ ਮਹਿਲਾ ਤੇ ਸਿੱਖ ਔਰਤ ਅਧਿਕਾਰੀ ਦੇ ਤੌਰ ’ਤੇ ਇਸ ਸੇਵਾ ਵਿੱਚ ਸ਼ਾਮਲ ਹੋਣ ਦੀ 50ਵੀਂ ਵਰ੍ਹੇਗੰਢ ਮਨਾਈ। ਸੰਧੂ ਤੋਂ ਬਾਅਦ ਹੀ ਹੋਰਨਾਂ ਔਰਤਾਂ ਦੇ ਸਕਾਟਲੈਂਡ ਯਾਰਡ ਵਿੱਚ ਭਰਤੀ ਹੋਣ ਦਾ ਰਾਹ ਖੁੱਲ੍ਹਿਆ ਸੀ। ਪੁਲਿਸ ਕਾਂਸਟੇਬਲ ਕਰਪਾਲ ਕੌਰ ਸੰਧੂ ਨੇ 1971-73 ਦੌਰਾਨ ਲੰਡਨ ਵਿੱਚ ਮੈਟਰੋਪੋਲਿਟਨ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਨੂੰ ਪੂਰੇ ਬਰਤਾਨੀਆ ਵਿੱਚ ਪੁਲਿਸ ਦਸਤੇ ਦੀ ‘ਸੱਚੀ ਅਗਾਂਹਵਧੂ ਦੂਤ’ ਮੰਨਿਆ ਜਾਂਦਾ ਹੈ।

ਸਹਾਇਕ ਕਮਿਸ਼ਨਰ ਹੇਲੇਨ ਬੌਲ ਨੇ ਕਿਹਾ ਕਿ ਇਸ ਗੱਲ ਵਿੱਚ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ 1971 ਵਿੱਚ ਮੈਟਰੋਪੋਲੀਟਨ ਪੁਲਿਸ ਨਾਲ ਜੁੜਨ ਦਾ ਕਰਪਾਲ ਕੌਰ ਸੰਧੂ ਦਾ ਫ਼ੈਸਲਾ ਦਲੇਰੀ ਭਰਿਆ ਸੀ। ਉਸ ਨੂੰ ਉਸ ਵੇਲੇ ਮਹਿਕਮੇ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਪਹਿਲੀ ਏਸ਼ੀਆਈ ਮਹਿਲਾ ਸਿੱਖ ਅਧਿਕਾਰੀ ਕਰਪਾਲ ਕੌਰ ਸੰਧੂ ਹੋਰਨਾਂ ਔਰਤਾਂ ਲਈ ਵੀ ਮਾਰਗ ਦਰਸ਼ਕ ਬਣੀ ਹੈ। 1971 ਤੋਂ ਬਾਅਦ ਹੋਰ ਔਰਤਾਂ ਵੀ ਇਹ ਸੇਵਾ ਨਿਭਾਅ ਰਹੀਆਂ ਹਨ।

ਨੈਸ਼ਨਲ ਸਿੱਖ ਪੁਲਿਸ ਐਸੋਸੀਏਸ਼ਨ ਯੂਕੇ ਨੇ ਮੈਟਰੋ ਪੁਲਿਸ ਸਿੱਖ ਐਸੋਸੀਏਸ਼ਨ ਦੇ ਨਾਲ ਮਿਲ ਕੇ ਕਰਪਾਲ ਕੌਰ ਸੰਧੂ ਦੀ ਯਾਦ ਵਿੱਚ ਵਿਸ਼ੇਸ਼ ਡਿਜੀਟਲ ਪ੍ਰੋਗਰਾਮ ਦਾ ਆਯੋਜਨ ਕੀਤਾ। ਸੰਧੂ 1943 ਵਿੱਚ ਪੂਰਬੀ ਅਫ਼ਰੀਕਾ ਦੇ ਜਾਂਜੀਬਾਰ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਈ ਸੀ ਅਤੇ ਉਹ 1962 ਵਿੱਚ ਬਰਤਾਨੀਆ ਆ ਗਈ, ਜਿੱਥੇ ਉਸ ਨੂੰ ਚੇ ਫਾਰਮ ਹਸਪਤਾਲ ਵਿੱਚ ਨਰਸ ਦੀ ਨੌਕਰੀ ਮਿਲੀ। ਉਹ 1971 ਵਿੱਚ 27 ਸਾਲ ਦੀ ਉਮਰ ਵਿੱਚ ਮੈਟਰੋਪੋਲਿਟਨ ਪੁਲਿਸ ਵਿੱਚ ਭਰਤੀ ਹੋਈ ਸੀ। ਮੈਟਰੋਪੋਲਿਟਨ ਪੁਲਿਸ ਨੇ ਕਿਹਾ ਕਿ ਕਰਪਾਲ ਕੌਰ ਸੰਧੂ ਦਾ ਨਵੰਬਰ 1973 ਵਿੱਚ ਕਤਲ ਹੋ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਸੰਧੂ ਦਾ ਕਤਲ ਉਸ ਦੇ ਪਤੀ ਨੇ ਹੀ ਕੀਤਾ ਸੀ, ਜਿਸ ਨੂੰ ਬਾਅਦ ਵਿੱਚ 1974 ’ਚ ਉਮਰਕੈਦ ਦੀ ਸਜ਼ਾ ਹੋਈ। ਉਸ ਦਾ ਪਤੀ ਉਸ ਦੇ ਪੁਲਿਸ ’ਚ ਨੌਕਰੀ ਕਰਨ ਦਾ ਵਿਰੋਧ ਕਰਦਾ ਸੀ।

  • 125
  •  
  •  
  •  
  •