ਕਿਸਾਨ ਸੰਘਰਸ਼ ਨੂੰ ਸਰਕਾਰੀ ਦਮਨ ਨਾਲ ਨਹੀਂ ਕੁਚਲਿਆ ਜਾ ਸਕਦਾ: ਸੰਯੁਕਤ ਕਿਸਾਨ ਮੋਰਚਾ

ਕਿਸਾਨ ਸੰਘਰਸ਼ ਨੂੰ ਹੁਣ ਵਿਦੇਸ਼ੀ ਹਸਤੀਆਂ ਦਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ। ਜਿਸ ਕਾਰਨ ਹੁਣ ਭਾਰਤ ਸਰਕਾਰ ਬੌਖਲਾਹਟ ‘ਚ ਨਜ਼ਰ ਆ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਅਧੀਨ ਆਉਂਦੀ ਦਿੱਲੀ ਪੁਲਿਸ ਵੱਲੋਂ ਕੌਮਾਂਤਰੀ ਹਸਤੀਆਂ ਖ਼ਿਲਾਫ਼ ਮੁਕੱਦਮੇ ਦਰਜ ਕਰਨ ਦੀ ਖ਼ਬਰ ਆਈ ਸੀ। ਜਿਸ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਿੰਦਾ ਕੀਤੀ ਗਈ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਤੰਤਰ ਦਾ ਘਾਣ ਕਰਕੇ ਆਪਣੇ ਨਾਲ ਅਸਹਿਮਤ ਹੋਣ ਵਾਲਿਆਂ ਦੀਆਂ ਆਵਾਜ਼ਾਂ ਨੂੰ ਰੋਕਣਾ ਚਾਹੁੰਦੀ ਹੈ। ਜਿਸ ਕਾਰਨ ਦਿੱਲੀ ਦੀਆਂ ਸਰਹੱਦਾਂ ‘ਤੇ ਪਾਣੀ, ਬਿਜਲੀ ਅਤੇ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਰਹੀ ਹੈ। ਪਰ ਇਹ ਆਵਾਜ਼ਾਂ ਇਸ ਨਾਲ ਹੋਰ ਬੁਲੰਦ ਹੋਣਗੀਆਂ। ਮੋਰਚੇ ਦੀ ਬੈਠਕ ਦੌਰਾਨ ਕਿਸਾਨ ਅੰਦੋਲਨ ਦੇ ਮੌਜੂਦਾ ਉਭਾਰ ਬਾਰੇ ਚਰਚਾ ਕਰਨ ਦੇ ਨਾਲ ਨਾਲ ਦਿੱਲੀ ਪੁਲਿਸ ਵੱਲੋਂ ਪੌਪ ਗਾਇਕਾ ਰਿਹਾਨਾ ਅਤੇ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਖ਼ਿਲਾਫ਼ ਮੁਕੱਦਮੇ ਦਰਜ ਕਰਨ ਦੀ ਆਲੋਚਨਾ ਕੀਤੀ ਗਈ।

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਰਕਾਰੀ ਦਮਨ ਨਾਲ ਨਹੀਂ ਕੁਚਲਿਆ ਜਾ ਸਕਦਾ ਹੈ ਅਤੇ ਜਿੰਨਾ ਅੰਦੋਲਨ ਉਪਰ ਜਬਰ ਕੀਤਾ ਜਾਵੇਗਾ, ਓਨਾ ਹੀ ਇਸ ਦਾ ਫ਼ੈਲਾਓ ਹੋ ਰਿਹਾ ਹੈ। ਹੁਣ ਵਿਦੇਸ਼ੀ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਵੱਲੋਂ ਕਿਸਾਨ ਸੰਘਰਸ਼ ਨੂੰ ਸਮਰਥਨ ਭਾਰਤ ਸਰਕਾਰ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਜੋ ਭਾਜਪਾਈ ਟ੍ਰੰਪ ਦੀ ਚੋਣ ਮੁਹਿੰਮ ਦੇ ਸਮਰਥਕ ਸਨ ਉਨ੍ਹਾਂ ਨੂੰ ਇਹ ਦਖਲ ਅੰਦਾਜੀ ਲੱਗ ਰਹੀ ਹੈ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹੁਣ ਬਰਤਾਨੀਆ ਦੀ ਸੰਸਦ ਦੀ ਪਟੀਸ਼ਨਾਂ ਬਾਰੇ ਕਮੇਟੀ ਭਾਰਤ ਵਿੱਚ ਚੱਲ ਰਹੇ ਕਿਸਾਨ ਪ੍ਰਦਰਸ਼ਨਾਂ ਅਤੇ ਪ੍ਰੈੱਸ ਦੀ ਆਜ਼ਾਦੀ ਦੇ ਮੁੱਦੇ ’ਤੇ ਹਾਊਸ ਆਫ਼ ਕਾਮਨਜ਼ ਵਿੱਚ ਬਹਿਸ ਕਰਾਉਣ ਬਾਰੇ ਵਿਚਾਰ ਕਰ ਰਹੀ ਹੈ।

  • 83
  •  
  •  
  •  
  •