ਵੱਡਾ ਘੱਲੂਘਾਰਾ: ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ

-ਪ੍ਰਮਿੰਦਰ ਸਿੰਘ ਪ੍ਰਵਾਨਾ

ਸਿੱਖ ਧਰਮ ਦੀ ਗੁਰਮਤਿ ਵਿਚਾਰਧਾਰਾ ਨੇ ਸਮਾਜ ਵਿਚ ਇਨਕਲਾਬ ਲੈ ਆਂਦਾ। ਸਮਾਜ ਨੂੰ ਨਾਮ ਜਪਣ, ਕ੍ਰਿਤ ਕਰਨ ਅਤੇ ਵੰਡ ਕੇ ਛਕਣ ਦੇ ਸਿਧਾਂਤ ਨਾਲ ਜੋੜਿਆ। ਚੜ੍ਹਦੀ ਕਲਾ ਅਤੇ ਸਵੈ ਮਾਣ ਨਾਲ ਜੀਵਨ ਜਿਉਣ ਦੀ ਜਾਚ ਸਿਖਾਈ। ਨਿਮਾਣੇ ਤੇ ਨਿਤਾਣੇ ਲੋਕ ਜਦੋਂ ਗੁਰਮਤਿ ਵਿਚਾਰਧਾਰਾ ਦਾ ਗਾਡੀਰਾਹ ਅਪਣਾ ਲੈਂਦੇ ਤਾਂ ਉਹ ਮੌਤ ਦੇ ਡਰ ਤੋਂ ਮੁਕਤ ਹੋ ਜਾਂਦੇ। ਉਨ੍ਹਾਂ ਅੰਦਰ ‘ਨਿਸ਼ਚੇ ਕਰ ਅਪਨੀ ਜੀਤ ਕਰੋਂ’ ਦਾ ਜੋਸ਼ ਠਾਠਾਂ ਮਾਰਨ ਲਗਦਾ। ਉਨ੍ਹਾਂ ਸਮਿਆਂ ‘ਚ ਜਦੋਂ ਕਿ ਮੁਗਲਾਂ ਨੇ ਜ਼ੁਲਮਾਂ ਦੀ ਹੱਦ ਮੁਕਾ ਦਿੱਤੀ ਤਾਂ ਸਿੱਖਾਂ ਨੇ ਵੀ ਕੁਰਬਾਨੀਆਂ ਦੇ ਗੰਜ ਲਾ ਦਿੱਤੇ।

ਮੁਗਲਾਂ ਨੇ ਸਿੱਖਾਂ ਨੂੰ ਮੁਕਾਉਣ ਲਈ ਸਭ ਹੀਲੇ ਵਰਤੇ। ਮੁਗਲਾਂ ਵੱਲੋਂ ਸਿੱਖਾਂ ‘ਤੇ ਕੀਤੇ ਗਏ ਸਭ ਤੋਂ ਵੱਡੇ ਹੱਲਿਆਂ ਨੂੰ ਘੱਲੂਘਾਰਿਆਂ ਵੱਜੋਂ ਯਾਦ ਕੀਤਾ ਜਾਂਦਾ ਹੈ। ਪਹਿਲਾ ਘੱਲੂਘਾਰਾ ਜਿਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ, 1746 ਈਸਵੀ ਵਿਚ ਕਾਹਨੂੰਵਾਨ ਦੇ ਛੰਬ ਵਿਚ ਹੋਇਆ। ਦੂਜਾ ਘੱਲੂਘਾਰਾ 1762 ਈਸਵੀ ਵਿਚ ਕੁੱਪ ਰਹੀੜੇ ਹੋਇਆ ਜਿਸ ਵਿਚ ਇਕ ਹੀ ਦਿਨ ਵਿਚ 30000 ਤੋਂ ਵੱਧ ਸਿੰਘਾਂ ਨੇ ਆਪਣੀ ਜਾਨ ਕੁਰਬਾਨ ਕੀਤੀ। ਇਹ ਘੱਲੂਘਾਰਾ ਕੁੱਪ ਰਹੀੜੇ ਤੋਂ ਸ਼ੁਰੂ ਹੋ ਕੇ ਧਲੇਰ ਝਨੇਰ ਵਿਚੋਂ ਹੁੰਦਾ ਹੋਇਆ ਪਿੰਡ ਕੁਤਬ ਬਾਹਮਣੀਆ ਕੋਲ ਜਾ ਕੇ ਖਤਮ ਹੋਇਆ।

ਮੁਗਲ ਬਾਦਸ਼ਾਹ ਅਹਿਮਦ ਸ਼ਾਹ ਅਦਬਾਲੀ ਇਕ ਲੱਖ ਫੌਜ ਲੈ ਕੇ 1762 ਈਸਵੀ ਵਿਚ ਪੰਜਾਬ ਵਿਚ ਦਾਖਲ ਹੋਇਆ। ਸਿੱਖਾਂ ਨੇ ਮਲੇਰਕੋਟਲੇ ਕੋਲ ਕੁੱਪ ਰਹੀੜੇ ਦੇ ਮੈਦਾਨ ਵਿਚ ਡੇਰੇ ਲਾਏ ਹੋਏ ਸਨ। ਸਿੱਖਾਂ ਦੇ ਵਹੀਰ ਵਿਚ ਬਜ਼ੁਰਗ, ਔਰਤਾਂ ਤੇ ਬੱਚੇ ਸ਼ਾਮਲ ਸਨ। ਅਦਬਾਲੀ ਨੇ ਸਿੱਖਾਂ ‘ਤੇ ਅਚਾਨਕ ਹਮਲਾ ਬੋਲ ਦਿੱਤਾ। ਸਿੱਖਾਂ ਨੇ ਬੱਚਿਆਂ ਤੇ ਔਰਤਾਂ ਨੂੰ ਮਾਲਵੇ ਵੱਲ ਸੁਰੱਖਿਅਤ ਭੇਜ ਦਿੱਤਾ। ਸਿੰਘ ਲੜਦੇ ਹੋਏ ਵਹੀਰ ਦੇ ਪਿੱਛੇ ਪਿੱਛੇ ਜਾ ਰਹੇ ਸਨ। ਉਸ ਵੇਲੇ ਤੱਕ ਇਕ ਪਾਸਿਓਂ ਜੈਨ ਖਾਨ, ਦੂਜੇ ਪਾਸੇ ਭੀਖਣ ਖਾਂ ਨਵਾਬ ਮਾਲੇਰਕੋਟਲਾ ਅਤੇ ਲੱਛਮੀ ਸਹਾਏ ਦੀਵਾਨ ਰਾਏ ਕੋਟ ਆਪਣੀਆਂ ਫੌਜਾਂ ਲੈ ਕੇ ਪਹੁੰਚ ਚੁੱਕੇ ਸਨ।

ਸਿੰਘਾਂ ਨੇ ਚਾਰੇ ਪਾਸਿਓਂ ਘਿਰੇ ਵੇਖ ਕੇ ਸਿਰ ਧੜ ਦੀ ਬਾਜ਼ੀ ਲਾ ਕੇ ਲੜਨਾ ਸ਼ੁਰੂ ਕਰ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਲੜ ਰਹੇ ਸਿੰਘਾਂ ਨੂੰ ਲੜਾਈ ਵਿਚ ਉਲਝੇ ਤਾੜ ਕੇ, ਅਬਦਾਲੀ ਦੀ ਫੌਜ ਨੇ ਅੱਗੇ ਜਾ ਰਹੇ ਵਹੀਰ ‘ਤੇ ਹਮਲਾ ਕਰ ਦਿੱਤਾ ਤੇ ਵੱਡੀ ਗਿਣਤੀ ਵਿਚ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਉਧਰ ਸਿੱਖ ਵੀ ਵਹੀਰ ਦੀ ਰਾਖੀ ਲਈ ਆ ਪਹੁੰਚੇ। ਉਹ ਵਹੀਰ ਦੇ ਆਲੇ ਦੁਆਲੇ ਫੌਜੀ ਕਿਲ੍ਹਾ ਬਣਾ ਕੇ ਲੜ ਰਹੇ ਸਨ। ਸ਼ਾਮ ਤੱਕ ਬਹੁਤ ਸਾਰੇ ਸਿੱਖ ਸ਼ਹੀਦ ਹੋ ਚੁੱਕੇ ਸਨ। ਇਸ ਆਹਮੋ ਸਾਹਮਣੀ ਜੰਗ ਵਿਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਜੋ ਕਿਸੇ ਹੋਰ ਜੰਗ ਵਿਚ ਨਹੀਂ ਹੋਇਆ। ਮੀਲਾਂ ਤੱਕ ਲਾਸ਼ਾਂ ਦੇ ਢੇਰ ਲੱਗ ਗਏ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ‘ਤੇ ਵੀ ਅਨੇਕਾਂ ਹੀ ਜ਼ਖ਼ਮ ਸਨ।

ਸਿੰਘਾਂ ਨੇ ਇਹ ਜਾਣ ਲਿਆ ਸੀ ਕਿ ਹੁਣ ਦੁਸ਼ਮਣ ਤੋਂ ਬਚਣਾ ਮੁਸ਼ਕਿਲ ਹੈ। ਇਸ ਲਈ ਲੜ ਮਰਨਾ ਹੀ ਬਿਹਤਰ ਹੈ। ਸਿੰਘਾਂ ਨੇ ਆਪਣਾ ਪੂਰਾ ਤਾਣ ਲਾ ਕੇ ਤਕੜਾ ਹਮਲਾ ਕੀਤਾ । ਇਹ ਬੇਮਿਸਾਲ ਦਲੇਰੀ ਦੀ ਜੰਗ ਸੀ। ਸੀਸ ਤਲੀ ਤੇ ਧਰ ਕੇ ਲੜਨ ਵਾਲੇ ਸਿੰਘਾਂ ਨੇ ਅਬਦਾਲੀ ਦੇ ਵੱਡੇ ਵੱਡੇ ਜਰਨੈਲਾਂ ਨੂੰ ਮਾਰ ਮੁਕਾਇਆ। ਅਬਦਾਲੀ ਦੀ ਫੌਜ ਸਿੱਖਾਂ ਦੀ ਦਲੇਰੀ ਵੇਖ ਕੇ ਝਾੜੀਆਂ ਵਿਚ ਲੁਕ ਲੁਕ ਕੇ ਜਾਨ ਬਚਾਉਣ ਲੱਗੀ। ਸਿੰਘ ਲੜਦੇ ਲੜਦੇ ਕੁਤਬ ਬਾਹਮਣੀਆਂ ਪਹੁੰਚ ਗਏ। ਅਬਦਾਲੀ ਦੀ ਫੌਜ ਨੇ ਭੱਜਣਾ ਸ਼ੁਰੂ ਕਰ ਦਿੱਤਾ। ਤੁਰਕ ਮਲੇਰ ਕੋਟਲਾ ਮੁੜ ਗਏ। ਖਿੰਡੇ ਪੁੰਡੇ ਸਿੰਘ ਵੀ ਇਕੱਠੇ ਹੋ ਕੇ ਬਰਨਾਲੇ ਚਲੇ ਗਏ।

ਇਹ ਜੰਗ ਸਿੰਘਾਂ ਦੀ ਦਲੇਰੀ ਦੀ ਹੈਰਾਨਕੁੰਨ ਮਿਸਾਲ ਹੈ। ਤੁਰਕਾਂ ਨੇ ਇਹ ਜਾਣ ਲਿਆ ਸੀ ਕਿ ਸਿੰਘਾਂ ਨਾਲ ਟੱਕਰ ਲੈਣੀ ਅਸਾਨ ਨਹੀਂ ਹੈ। ਸਭ ਤੋਂ ਵੱਡੀ ਕਮਾਲ ਦੀ ਗੱਲ ਇਹ ਹੈ ਕਿ ਇੰਨੇ ਵੱਡੇ ਨੁਕਸਾਨ ਦੇ ਬਾਵਜੂਦ ਸਿੰਘਾਂ ਨੇ ਅਗਲੇ ਸਾਲ 1763 ਈਸਵੀ ਵਿਚ ਸਰਹਿੰਦ ਜਿੱਤ ਲਈ। ਸਿੰਘਾਂ ਨੇ ਅਬਦਾਲੀ ਨੂੰ ਅੰਮ੍ਰਿਤਸਰ ਤੋਂ ਵੀ ਭਜਾ ਦਿੱਤਾ। ਇਸ ਤਰ੍ਹਾਂ ਇਹ ਘੱਲੂਘਾਰੇ ਸਿੰਘ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹਨ, ਜਿਨ੍ਹਾਂ ਨੇ ਅੱਗੇ ਜਾ ਕੇ ਆਜ਼ਾਦ ਸਿੱਖ ਰਾਜ ਦੀਆਂ ਨੀਂਹਾਂ ਪੱਕੀਆਂ ਕੀਤੀਆਂ।

-(ਫੋਨ: 510-781-0487)

  • 72
  •  
  •  
  •  
  •