ਸਿੱਖ ਇਤਿਹਾਸ ਦਾ ਅਹਿਮ ਪੰਨਾ ਵੱਡਾ ਘੱਲੂਘਾਰਾ

-ਦਿਲਜੀਤ ਸਿੰਘ ਬੇਦੀ

ਵੱਡਾ ਘੱਲੂਘਾਰਾ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਅਹਿਮ ਪੰਨਾ ਹੈ। ਇਸ ਦੌਰਾਨ ਸਿੱਖਾਂ ਨੂੰ ਸਮੂਹਿਕ ਤੌਰ ’ਤੇ ਸ਼ਹੀਦ ਕਰ ਕੇ ਉਨ੍ਹਾਂ ਦਾ ਬੀਜ ਨਾਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਹਨੂਵਾਨ ਦੇ ਛੰਭ ਵਿਚ 1746 ਈ. ਨੂੰ ਛੋਟਾ ਘੱਲੂਘਾਰਾ ਵਾਪਰਦਾ ਹੈ ਅਤੇ ਪੂਰੇ 16 ਸਾਲਾ ਬਾਅਦ 5 ਫਰਵਰੀ, 1762 ਈਸਵੀ ਵਿਚ ਕੁੱਪ-ਰਹੀੜੇ ਵਿੱਚ ਵੱਡਾ ਘੱਲੂਘਾਰਾ। ਜਦੋਂ ਕੋਈ ਵੱਡਾ ਕੌਮੀ ਮਸਲਾ ਸਾਹਮਣੇ ਹੁੰਦਾ ਸੀ ਤਾਂ ਸਿੱਖ ਦੀਵਾਲੀ, ਵਿਸਾਖੀ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਜੁੜਦੇ ਸਨ। ਹਿੰਦੋਸਤਾਨ ਵਿਚ ਭਾਰੀ ਲੁੱਟਮਾਰ ਤੋਂ ਬਾਅਦ ਜਦੋਂ ਅਹਿਮਦ ਸ਼ਾਹ ਦੁਰਾਨੀ 1761 ਈਸਵੀ ਵਿਚ ਪੰਜਾਬ ’ਚੋਂ ਲੰਘਿਆ ਤਾਂ ਉਸ ਨੂੰ ਸਿੱਖਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ ਸੀ। ਇਸੇ ਹਮਲੇ ਦੌਰਾਨ ਹੀ ਕੈਦ ਕਰ ਕੇ ਲਿਜਾਈਆਂ ਜਾ ਰਹੀਆਂ 2200 ਹਿੰਦੂ ਇਸਤਰੀਆਂ ਨੂੰ ਸਿੱਖਾਂ ਨੇ ਅਹਿਮਦ ਸ਼ਾਹ ਤੋਂ ਛੁਡਾ ਕੇ ਸਤਿਕਾਰ ਨਾਲ ਘਰੋ-ਘਰੀ ਪਹੁੰਚਾਇਆ ਸੀ। ਦੁਰਾਨੀ ਇਸ ਗੱਲੋਂ ਬਹੁਤ ਔਖਾ ਸੀ ਅਤੇ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ।

ਪੰਜਾਬ ਵਿਚ ਕੁਝ ਲੋਕ ਅਹਿਮਦ ਸ਼ਾਹ ਲਈ ਸਿੱਖਾਂ ਦੀ ਮੁਖਬਰੀ ਕਰ ਰਹੇ ਸਨ, ਉਨ੍ਹਾਂ ਵਿਚੋਂ ਇਕ ਨਿਰੰਜਣੀ ਫਿਰਕੇ ਦਾ ਆਗੂ ਆਕੁਲ ਦਾਸ ਸੀ। ਦੂਜੇ ਪਾਸੇ ਸਿੱਖ, ਮੁਖਬਰਾਂ ਨੂੰ ਸਬਕ ਸਿਖਾਉਣਾ (ਸੋਧਾ ਲਾਉਣਾ) ਚਾਹੁੰਦੇ ਸਨ। ਦੁਰਾਨੀ ਦੇ ਵਾਪਸ ਜਾਂਦਿਆਂ ਹੀ ਸਿੱਖ ਮੁਖੀਆਂ ਨੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਦੀਵਾਲੀ ਮੌਕੇ ਹੋਏ ਇਕੱਠ ਵਿਚ ਮੁਖਬਰਾਂ ਨੂੰ ਸਮਝਾਉਣ ਜਾਂ ਸਬਕ ਸਿਖਾਉਣ ਦਾ ਗੁਰਮਤਾ ਪਾਸ ਕਰ ਦਿੱਤਾ। ਉਸ ਸਮੇਂ ਦੇ ਪ੍ਰਮੁੱਖ ਸਿੱਖ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜੋ ਬੁੱਢਾ ਦਲ ਨਿਹੰਗ ਸਿੰਘਾਂ ਖਾਲਸਾ ਪੰਥ ਦੇ ਮੁਖੀ ਸਨ ਅਤੇ ਹੋਰ ਪ੍ਰਮੁੱਖ ਸਰਦਾਰਾਂ ਨੇ ਆਕੁਲ ਦਾਸ ਨੂੰ ਸਿੱਖਾਂ ਦਾ ਫੈਸਲਾ ਸੁਣਾ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ’ਤੇ ਕੋਈ ਅਸਰ ਨਾ ਹੋਇਆ।

ਦੂਜੇ ਪਾਸੇ ਅਹਿਮਦ ਸ਼ਾਹ ਭਾਰਤ ’ਤੇ ਛੇਵੇਂ ਹਮਲੇ ਦੀ ਤਿਆਰੀ ਕਰ ਕੇ ਰੁਹਤਾਸ ਵਿੱਚ ਪਹੁੰਚ ਚੁੱਕਾ ਸੀ। ਆਕੁਲ ਦਾਸ ਸਿੱਖਾਂ ਵਿਰੁੱਧ ਅਹਿਮਦ ਸ਼ਾਹ ਨੂੰ ਉਥੇ ਹੀ ਜਾ ਮਿਲਿਆ। ਸਿੱਖ ਮਲੇਰਕੋਟਲੇ ਲਾਗੇ ਦੇ ਪਿੰਡਾਂ ਵਿਚ ਇਕੱਠੇ ਹੋਣ ਲੱਗੇ। ਉਥੋਂ ਦੇ ਹਾਕਮ ਭੀਖਨ ਖਾਂ ਨੇ ਸਿੱਖਾਂ ਦੇ ਉਸ ਇਲਾਕੇ ਵਿਚ ਇਕੱਠੇ ਹੋਣ ਦੀ ਖਬਰ ਸਰਹਿੰਦ ਦੇ ਹਾਕਮ ਜ਼ੈਨ ਖਾਂ ਨੂੰ ਦਿੰਦੇ ਹੋਏ ਉਨ੍ਹਾਂ ਵਿਰੁੱਧ ਸਹਾਇਤਾ ਵੀ ਮੰਗੀ। ਜ਼ੈਨ ਖਾਂ, ਅਹਿਮਦ ਸ਼ਾਹ ਵੇਲੇ ਸਰਹਿੰਦ ਦਾ ਗਵਰਨਰ ਸੀ। ਉਸ ਨੇ ਅਹਿਮਦ ਸ਼ਾਹ ਨੂੰ ਮਾਲਵੇ ਵੱਲ ਕੂਚ ਕਰਨ ਦੀ ਬੇਨਤੀ ਕੀਤੀ। ਜਿਹੜੀ ਤੁਰੰਤ ਪ੍ਰਵਾਨ ਕਰਦੇ ਹੋਏ ਉਸ ਨੂੰ ਹੁਕਮ ਦਿੱਤਾ ਗਿਆ ਕਿ ਉਹ ਸਿੱਖਾਂ ਖ਼ਿਲਾਫ਼ ਜੰਗ ਛੇੜ ਕੇ ਉਨ੍ਹਾਂ ਨੁੰ ਉਲਝਾ ਲਵੇ ਅਤੇ ਉਥੋਂ ਹਿੱਲਣ ਨਾ ਦੇਵੇ।

ਸਿੱਖਾਂ ਦਾ ਦਲ ਮਾਲੇਰਕੋਟਲੇ ਲਾਗੇ ਕੁੱਪ ਪਿੰਡ ਵਿਚ ਇਕੱਠਾ ਹੋ ਰਿਹਾ ਸੀ ਕਿ ਅਹਿਮਦ ਸ਼ਾਹ ਦੇ ਜਰਨੈਲਾਂ ਨੇ ਉਨ੍ਹਾਂ ’ਤੇ ਹੱਲਾ ਬੋਲ ਦਿੱਤਾ। ਤੀਹ ਹਜ਼ਾਰ ਸਿੰਘਾਂ ਦੇ ਦਲ ਤੋਂ ਇਲਾਵਾ ਬੱਚੇ ਅਤੇ ਇਸਤਰੀਆਂ ਵੀ ਉਥੇ ਮੌਜੂਦ ਸਨ। ਜ਼ੈਨ ਖਾਂ ਅਤੇ ਉਸ ਦੀਆਂ ਫੌਜਾਂ ਦਾ ਖਾਲਸਾ ਟਾਕਰਾ ਕਰ ਰਿਹਾ ਸੀ ਕਿ ਅਹਿਮਦ ਸ਼ਾਹ ਦਾ ਭਾਰੀ ਲਸ਼ਕਰ ਵੀ ਉਥੇ ਆਣ ਪੁੱਜਾ। ਸਿੰਘਾਂ ਨੇ ਇਸਤਰੀਆਂ ਤੇ ਬੱਚਿਆਂ ਨੂੰ ਘੇਰੇ ਵਿਚ ਲੈ ਕੇ ਅਤੇ ਮਨੁੱਖੀ ਕਿਲ੍ਹਾ ਬਣਾ ਕੇ ਉਸ ਦਾ ਮੁਕਾਬਲਾ ਜਾਰੀ ਰੱਖਿਆ। ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਰਦਾਰ ਬਘੇਲ ਸਿੰਘ, ਸਰਦਾਰ ਸ਼ਾਮ ਸਿੰਘ, ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ, ਤਾਰਾ ਸਿੰਘ ਗੈਬਾ ਆਦਿ ਸਰਦਾਰ ਸਾਰੀ ਸਥਿਤੀ ਦੀ ਸਖਤ ਨਿਗਰਾਨੀ ਕਰ ਰਹੇ ਸਨ। ਉਹ ਜਿੱਥੇ ਵੀ ਮੋਰਚਾ ਕਮਜ਼ੋਰ ਪੈਂਦਾ ਦੇਖਦੇ, ਤੁਰੰਤ ਉਥੇ ਪਹੁੰਚ ਜਾਂਦੇ। ਲੜ ਰਹੀਆਂ ਫੌਜਾਂ ਨੂੰ ਨਾ ਕੇਵਲ ਹੱਲਾਸ਼ੇਰੀ ਦਿੰਦੇ ਬਲਕਿ ਆਪ ਅੱਗੇ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ।

ਇਹ ਬੇਜੋੜ ਯੁੱਧ ਸੀ, ਜਿਸ ਵਿਚ ਸਿੰਘਾਂ ਨੂੰ ਲੱਖਾਂ ਦੇ ਦੁਰਾਨੀ ਲਸ਼ਕਰ ਨਾਲ ਜੂਝਣਾ ਪੈ ਰਿਹਾ ਸੀ ਪਰ ਗੁਰੂ ਗੋਬਿੰਦ ਸਿੰਘ ਦੁਆਰਾ ਸਵਾ ਲੱਖ ਨਾਲ ਇਕ ਨੂੰ ਲੜਾਉਣ ਦੇ ਜੋਸ਼ ਵਿਚ ਹੀ ਉਹ ਦੁਸ਼ਮਣ ਨਾਲ ਅੜੇ ਹੋਏ ਸਨ। ਅਹਿਮਦ ਸ਼ਾਹ ਇਕ ਥਾਂ ’ਤੇ ਜੰਮ ਕੇ ਸਿੰਘਾਂ ਦਾ ਮੁਕਾਬਲਾ ਕਰਨਾ ਚਾਹੁੰਦਾ ਸੀ ਪਰ ਸਿੰਘਾਂ ਦੀ ਗਿਣਤੀ ਘੱਟ ਹੋਣ ਕਰਕੇ ਉਹ ਅਜਿਹੇ ਮੁਕਾਬਲੇ ਲਈ ਤਿਆਰ ਨਹੀਂ ਸਨ, ਦੂਜਾ ਉਨ੍ਹਾਂ ਦੇ ਦਲ ਨਾਲ ਇਸਤਰੀਆਂ ਅਤੇ ਬੱਚੇ ਵੀ ਸਨ, ਜਿਨ੍ਹਾਂ ਨੂੰ ਉਹ ਦੁਸ਼ਮਣ ਤੋਂ ਬਚਾ ਕੇ ਰੱਖਣਾ ਚਾਹੁੰਦੇ ਸਨ। ਘੇਰਾ ਬਣਾ ਕੇ ਜੂਝਦੇ ਹੋਏ ਉਹ ਅੱਗੇ ਨੂੰ ਵਧ ਰਹੇ ਸਨ ਅਤੇ ਇਹ ਲੜਾਈ ਖੁੱਲ੍ਹੇ ਇਲਾਕੇ ਦੀ ਜਗ੍ਹਾ ਪਿੰਡਾਂ ਵਿਚ ਹੋਣ ਲੱਗੀ। ਕੁੱਪ, ਕੁਤਬਾ-ਬਾਹਮਣੀ ਅਤੇ ਗਹਿਲ ਆਦਿ ਪਿੰਡਾਂ ਵਿਚ ਹੋਈ ਲੜਾਈ ਬਹੁਤ ਭਿਆਨਕ ਸੀ।

ਰਾਤ ਪੈ ਜਾਣ ਕਾਰਨ ਲੜਾਈ ਕੁਝ ਸ਼ਾਂਤ ਹੋਈ ਤਾਂ ਸਿੰਘਾਂ ਨੇ ਸ਼ਾਮ ਵੇਲੇ ਰਹਿਰਾਸ ਮਗਰੋਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ। ਪਿੰਡਾਂ ਦੇ ਲੋਕ ਅਬਦਾਲੀ ਦੀਆਂ ਫੌਜਾਂ ਦੇ ਡਰ ਤੋਂ ਸਿੱਖਾਂ ਨੂੰ ਕੋਈ ਸਹਾਇਤਾ ਦੇਣ ਤੋਂ ਡਰ ਰਹੇ ਸਨ ਤਾਂ ਸਿੱਖਾਂ ਨੇ ਅੱਗੇ ਬਰਨਾਲੇ ਵੱਲ ਜਾਣ ਦਾ ਮਨ ਬਣਾ ਲਿਆ ਪਰ ਉਥੇ ਪੁੱਜਣ ਤੋਂ ਪਹਿਲਾਂ ਹੀ ਅਬਦਾਲੀ ਦੀਆਂ ਫੌਜਾਂ ਨੇ ਉਨ੍ਹਾਂ ਦਾ ਮਨੁੱਖੀ ਕਿਲ੍ਹੇ ਰੂਪੀ ਬਣਾਇਆ ਹੋਇਆ ਘੇਰਾ ਤੋੜ ਦਿੱਤਾ ਅਤੇ ਬੱਚਿਆਂ ਅਤੇ ਇਸਤਰੀਆਂ ਦਾ ਕਤਲੇਆਮ ਸ਼ੁਰੂ ਹੋ ਗਿਆ। ਬੱਚਿਆਂ ਅਤੇ ਇਸਤਰੀਆਂ ਸਮੇਤ ਲਗਭਗ ਤੀਹ ਤੋਂ ਪੈਂਤੀ ਹਜ਼ਾਰ ਸਿੱਖ ਇਸ ਲੜਾਈ ਵਿਚ ਸ਼ਹੀਦੀ ਪਾ ਗਏ। ਕੋਈ ਵੀ ਸਿੱਖ ਅਜਿਹਾ ਨਹੀਂ ਸੀ ਬਚਿਆ ਜਿਸ ਦੇ ਕੋਈ ਫੱਟ ਨਾ ਲੱਗਾ ਹੋਵੇ।
ਹਰ ਸਿੰਘ ਨੇ ਆਪਣਾ ਪੂਰਾ ਤਾਣ ਲਾ ਕੇ ਇਹ ਯੁੱਧ ਲੜਿਆ ਅਤੇ ਸਿੰਘਾਂ ’ਤੇ ਕਾਬੂ ਨਾ ਪੈਂਦਾ ਵੇਖ ਕੇ ਅਹਿਮਦ ਸ਼ਾਹ ਬਰਨਾਲੇ ਵੱਲ ਚਲਾ ਗਿਆ। ਮੀਲਾਂ ਤੀਕ ਲੋਥਾਂ ਖਿੱਲਰੀਆਂ ਪਈਆਂ ਸਨ। ਸ਼ਹੀਦ ਹੋਏ ਸਿੰਘਾਂ ਦੇ ਸਿਰਾਂ ਦੇ 50 ਗੱਡੇ ਭਰ ਕੇ ਅਹਿਮਦ ਸ਼ਾਹ ਲਾਹੌਰ ਲੈ ਗਿਆ ਅਤੇ ਉਥੇ ਜਾ ਕੇ ਉਸ ਨੇ ਉਨ੍ਹਾਂ ਸਿਰਾਂ ਦੇ ਮੀਨਾਰ ਉਸਾਰ ਦਿੱਤੇ। ਵੱਡਾ ਘੱਲੂਘਾਰਾ ਕੌਮ ਦੀ ਆਨ ਅਤੇ ਸ਼ਾਨ ਨੂੰ ਬਚਾਉਣ ਲਈ ਕੀਤੀਆਂ ਗਈਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਅਜਿਹੇ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਵਿਰਾਸਤ ’ਤੇ ਮਾਣ ਕਰਦੇ ਹਾਂ।

  • 91
  •  
  •  
  •  
  •