ਜਸਟਿਸ ਮਾਰਕੰਡੇ ਕਾਟਜੂ ਨੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬਿਆਨ ਦੀ ਕੀਤੀ ਆਲੋਚਨਾ

ਭਾਰਤ ਦੀ ਸੁਪਰੀਮ ਕੋਰਟ ਦਾ ਸਾਬਕਾ ਜੱਜ ਜਸਟਿਸ ਮਾਰਕੰਡੇ ਕਾਟਜੂ ਜਿਹੜੇ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਵੀ ਰਹੇ ਹਨ ਨੇ ਆਖਿਆ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਸਮੇਤ ਬਹੁਤ ਸਾਰੇ ਲੋਕਾਂ ਨੇ ਮਸ਼ਹੂਰ ਗਾਇਕਾ ਰਿਹਾਨਾ ਦੀ ਭਾਰਤੀ ਕਿਸਾਨਾਂ ਦੀ ਹਮਾਇਤ ਕਰਨ ਦੀ ਆਲੋਚਨਾ ਕਰਨੀ ਗਲਤ ਹੈ। ਉਹਨਾਂ ਕਿਹਾ ਕਿ ਜੇ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਤਾਂ ਭਾਰਤ ਨੂੰ ਵੀ ਵਿਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਾਖਲ ਦੇਣ ਦਾ ਅਧਿਕਾਰ ਨਹੀਂ ਰਹਿ ਜਾਂਦਾ।

ਉਹਨਾਂ ਆਖਿਆ ਕਿ ਭਾਰਤ ਦੇ ਇਸ ਤਰਕ ਨਾਲ, ਜਰਮਨੀ ਤੋਂ ਬਾਹਰ ਕਿਸੇ ਨੂੰ ਵੀ ਨਾਜ਼ੀ ਦੇ ਦੌਰ ਵਿੱਚ ਜਰਮਨੀ ਵਿੱਚ ਯਹੂਦੀਆਂ ਉੱਤੇ ਹੋਏ ਅਤਿਆਚਾਰਾਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਸੀ। ਇਸ ਤਰਕ ਨਾਲ ਪਾਕਿਸਤਾਨ ਤੋਂ ਬਾਹਰ ਕਿਸੇ ਨੂੰ ਵੀ ਪਾਕਿਸਤਾਨ ਵਿਚ ਅਹਿਮਦੀਆਂ, ਹਿੰਦੂਆਂ, ਸਿੱਖਾਂ ਅਤੇ ਈਸਾਈਆਂ ਦੇ ਅੱਤਿਆਚਾਰ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। ਇਸ ਤਰਕ ਨਾਲ ਭਾਰਤ ਤੋਂ ਬਾਹਰ ਕਿਸੇ ਨੂੰ ਵੀ ਭਾਰਤ ਵਿਚ ਮੁਸਲਮਾਨਾਂ ‘ਤੇ ਹੋ ਰਹੇ ਲਿੰਚਿੰਗ ਅਤੇ 1984 ਵਿਚ ਹੋਏ ਸਿੱਖ ਕਤਲੇਆਮ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। ਇਸ ਤਰਕ ਨਾਲ ਅਮਰੀਕਾ ਤੋਂ ਬਾਹਰ ਕਿਸੇ ਨੂੰ ਵੀ ਅਮਰੀਕਾ ਦੇ ਕਈ ਹਿੱਸਿਆਂ ਵਿਚ ਜਾਤੀਵਾਦ ਅਤੇ ਕਾਲੇ ਲੋਕਾਂ ਨਾਲ ਮਾੜੇ ਵਿਵਹਾਰ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ।

ਉਨ੍ਹਾਂ ਅੱਗੇ ਆਖਿਆ ਕਿ ਇਸ ਤਰਕ ਨਾਲ ਚੀਨ ਤੋਂ ਬਾਹਰ ਕਿਸੇ ਨੂੰ ਵੀ ਚੀਨ ਵਿਚ ਵਿਯੂਰ ਮੁਸਲਿਮ ਘੱਟ ਗਿਣਤੀਆਂ ਦੇ ਅੱਤਿਆਚਾਰ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। ਇਸ ਤਰਕ ਨਾਲ ਦੱਖਣੀ ਅਫਰੀਕਾ ਤੋਂ ਬਾਹਰ ਕਿਸੇ ਨੂੰ ਵੀ ਨਸਲਵਾਦ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਸੀ। ਇਸ ਤਰਕ ਨਾਲ ਬਰਮਾ ਤੋਂ ਬਾਹਰ ਕਿਸੇ ਨੂੰ ਵੀ ਬਰਮਾ ਵਿੱਚ ਰੋਹਿੰਗਿਆਂ ਦੇ ਅੱਤਿਆਚਾਰ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਸੀ। ਇਹ ਵੀ ਉਨ੍ਹਾਂ ਦੇਸ਼ਾਂ ਦੇ ਸਾਰੇ ਅੰਦਰੂਨੀ ਮਾਮਲੇ ਸਨ।

  • 58
  •  
  •  
  •  
  •