ਕੇਂਦਰੀ ਸਿੰਘ ਸਭਾ ਵੱਲੋਂ ਨੌਦੀਪ ਕੌਰ ਦੀ ਕਾਨੂੰਨੀ ਤੇ ਮਾਇਕ ਸਹਾਇਤਾ ਦਾ ਐਲਾਨ

ਕੇਂਦਰੀ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਬੁੱਧੀਜੀਵੀਆਂ ਨੇ ਜੇਲ੍ਹ ਵਿੱਚ ਬੰਦ ਨੌਦੀਪ ਕੌਰ ਨੂੰ ਕਾਨੂੰਨੀ ਅਤੇ ਮਾਇਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਇੱਕਠੇ ਹੋਏ ਸਿੱਖ ਵਿਚਾਰਵਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਕੁੰਡਲੀ (ਸੋਨੀਪਤ) ਦੇ ਏਰੀਏ ਵਿੱਚ ਫੈਕਟਰੀ ਮਾਲਕਾਂ ਦੀ ਧੱਕੇਸ਼ਾਹੀ ਵਿਰੁੱਧ 12 ਜਨਵਰੀ ਨੂੰ ਮੁਜ਼ਾਹਰਾ ਕਰਦੀ ਨੌਦੀਪ ਕੌਰ ਨੂੰ ਫੜ੍ਹਕੇ ਉਸ ਉੱਤੇ ਤਸ਼ੱਦਦ ਕਰਨਾ ਅਤੇ ਸੰਗੀਨ ਆਈ.ਪੀ.ਸੀ. ਧਾਰਾਵਾਂ ਲਗਾਕੇ, ਉਸਨੂੰ ਜੇਲ੍ਹ ਵਿੱਚ ਸੁੱਟਣ ਦੀ ਸਖਤ ਨਿਖੇਧੀ ਕੀਤੀ ਹੈ।

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਦੀ ਵਸਨੀਕ ਨੌਦੀਪ ਕੌਰ, ਸੋਨੀਪਤ ਵਿੱਚ ਮਜ਼ਦੂਰ ਅਧਿਕਾਰ ਸੰਗਠਨ ਵਿੱਚ ਕੰਮ ਕਰਦੀ ਹੈ ਅਤੇ ਉਸਨੂੰ ਕੁੰਡਲੀ (ਦਿੱਲੀ ਬਾਰਡਰ) ਉੱਤੇ ਚਲਦੇ ਕਿਸਾਨ ਸੰਘਰਸ਼ ਵਿੱਚ ਵੀ ਸਮੂਲੀਅਤ ਕੀਤੀ ਹੈ। ਪਿਛਲੇ ਸ਼ੁੱਕਰਵਾਰ ਨੂੰ ਅਮਰੀਕਾ ਦੀ ਵਕੀਲ, ਲੇਖਕ ਮੀਨਾ ਹੈਰਿਸ ਜਿਹੜੀ ਯੂ.ਐਸ.ਏ ਦੀ ਵਾਇਸ ਪ੍ਰੈਜੀਡੈਂਟ ਕਮਲਾ ਹੈਰਿਸ ਦੀ ਭਤੀਜੀ ਹੈ, ਨੇ ਆਪਣੇ ਟਵੀਟ ਰਾਹੀਂ ਨੌਦੀਪ ਦੀ ਰਿਹਾਈ ਦੀ ਮੰਗ ਕੀਤੀ ਹੈ। ਉਸਨੇ ਟਵੀਟ ਵਿੱਚ ਕਿਹਾ ਕਿ “ਨੌਦੀਪ ਉੱਤੇ ਪੁਲਿਸ ਨੇ ਗ੍ਰਿਫਤਾਰ ਕਰਕੇ ਤਸੱਦਦ ਕੀਤਾ, ਜਿਨਸੀ ਧੱਕਾ ਕੀਤਾ।”

ਜੇਲ੍ਹ ਵਿੱਚ ਬੰਦ ਨੌਦੀਪ ਦੀ ਜਮਾਨਤ ਦੀ ਦਰਖਾਸਤ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀ ਹੈ। ਹੁਣ ਨੌਦੀਪ ਦੀ ਜਮਾਨਤ ਲਈ ਹਾਈ ਕੋਰਟ ਵਿੱਚ ਅਰਜੀ ਦਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੰਘ ਸਭਾ ਨੇ ਨੌਦੀਪ ਦੀ ਭੈਣ ਰਾਜਵੀਰ ਤੱਕ ਪਹੁੰਚ ਕਰਕੇ, ਪੀੜ੍ਹਤ ਪਰਿਵਾਰ ਨੂੰ ਹਰ ਸੰਭਵ ਮੱਦਦ ਕਰਨ ਦਾ ਵਾਇਦਾ ਕੀਤਾ। ਸਿੱਖ ਵਿਚਾਰਵਾਨਾਂ ਨੇ ਸਿੱਖ ਭਾਈਚਾਰੇ ਅਤੇ ਕਿਸਾਨ ਸੰਘਰਸ਼ ਦੇ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੀੜ੍ਹਤ ਨੂੰ ਪੁਲਿਸ ਧੱਕੇ ਅਤੇ ਬੇਇਨਸਾਫੀ ਵਿਰੁੱਧ ਲੜ੍ਹਨ ਵਿੱਚ ਹਰ ਸੰਭਵ ਮਦਦ ਕਰਨ। ਇਸ ਮੌਕੇ ਪ੍ਰੋ. ਮਨਜੀਤ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਸੁਖਦੇਵ ਸਿੰਘ, ਡਾ. ਪਿਆਰੇ ਲਾਲ ਗਰਗ, ਲੇਖਕ ਰਾਜਵਿੰਦਰ ਸਿੰਘ ਰਾਹੀਂ, ਗੁਰਬਚਨ ਸਿੰਘ ਐਡੀਟਰ ਦੇਸ਼ ਪੰਜਾਬ, ਰਜਿੰਦਰ ਸਿੰਘ ਖਾਲਸਾ ਪੰਚਾਇਤ, ਅਤੇ ਆਰ.ਐਸ ਚੀਮਾ ਸੀਨੀਅਰ ਐਡਵੋਕਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਦਿ ਹਾਜ਼ਰ ਸਨ।

  •  
  •  
  •  
  •  
  •