ਜਨਤਕ ਹੱਕਾਂ ‘ਤੇ ਜਨੂੰਨੀ ਸਰਕਾਰਾਂ ਤੇ ਗਦਾਰਾਂ ਦੇ ਡਾਕੇ

-ਅਵਤਾਰ ਸਿੰਘ ਮਿਸ਼ਨਰੀ

ਜਦ ਦਾ ਵੀ ਸੰਸਾਰ ਹੋਂਦ ਵਿੱਚ ਆਇਐ ਇਸ ਵਿੱਚ ਕਰਤਾਰ ਨੇ ਭਾਂਤ ਸੁਭਾਂਤੇ ਜੀਵ ਜੰਤੂ ਅਤੇ ਹੋਰ ਬਹੁਤ ਕੁਝ ਪੈਦਾ ਕਰ ਉਸ ਨੇ ਆਪਣੇ ਹੁਕਮ ਵਿੱਚ ਸਭ ਲਈ ਖਾਣ, ਪੀਣ ਅਤੇ ਰਹਿਣ ਲਈ ਸਾਧਨ ਵੀ ਪੈਦਾ ਕੀਤੇ ਹਨ। ਹਵਾ, ਪਾਣੀ, ਅਕਾਸ਼ ਅਤੇ ਧਰਤੀ ਉਸ ਪ੍ਰਵਦਗਾਰ ਨੇ ਸਭ ਲਈ ਦਿੱਤੇ ਹਨ। ਉਹ ਦਾਤਾ ਅਤੇ ਸਭ ਨੂੰ ਦੇਵਣਹਾਰ ਹੈ- ਦਦਾ ਦਾਤਾ ਏਕੁ ਹੈ ਸਭ ਕਉ ਦੇਵਣਹਾਰ॥ (੨੫੭) ਉਹ ਕਰਤਾਰ ਹੀ ਸਭ ਦਾ ਪਿਤਾ ਹੈ-ਏਕੁ ਪਿਤਾ ਏਕਸ ਕੇ ਹਮ ਬਾਰਿਕ॥ (੬੧੧) ਉਸ ਦੇ ਪੈਦਾ ਕੀਤੇ ਹੋਏ ਪਦਾਰਥਾਂ ਦੇ ਸਾਰੇ ਹੀ ਸਾਂਝੀਵਾਲ ਹਨ-ਸਭੇ ਸਾਂਝੀਵਾਲ ਸਦਾਇਨਿ॥ (੯੭) ਦੇਖੋ! ਜਦ ਤੋਂ ਛੋਟੇ ਕਬੀਲੇ, ਰਾਜ ਅਤੇ ਸਰਕਾਰਾਂ ਹੋਂਦ ਵਿੱਚ ਆਈਆਂ, ਸੁਆਰਥੀ, ਪਾਰਟੀਬਾਜ਼ ਅਤੇ ਚਾਲਬਾਜ ਲੋਕ ਆਗੂ ਬਣੇ, ਉਨ੍ਹਾਂ ਨੇ ਜਨਤਾ ਦੇ ਹੱਕਾਂ ਤੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਆਪਣੇ ਸੁਆਰਥਾਂ ਅਤੇ ਲਾਲਚਾਂ ਲਈ, ਰਾਜਸ਼ਕਤੀ ਅਤੇ ਗੰਦੀ ਰਾਜਨੀਤੀ ਦੀ ਧੌਂਸ ਨਾਲ, ਅਣਮਨੁੱਖੀ ਵਰਤਾਰੇ ਵਰਤਾ ਅਤੇ ਆਪ ਹੁਦਰੇ ਹੁਕਮ ਚਲਾ ਕੇ, ਜਨਤਾ ਨੂੰ ਲੁੱਟਿਆ, ਕੁੱਟਿਆ ਅਤੇ ਜ਼ਬਰੀ ਉਨ੍ਹਾਂ ਦੇ ਹੱਕ ਖੋਹੇ ਹਨ। ਇਸ ਕਰਕੇ ਜਦ ਵੀ ਜਨਤਾ ਆਪਣੇ ਹੱਕਾਂ ਲਈ ਜਾਗੀ, ਉਸ ਨੇ ਹਰ ਹੀਲਾ ਚਾਰਾ, ਨੀਤੀ ਅਤੇ ਮੌਕੇ ਦੇ ਹਥਿਆਰ ਵਰਤ ਕੇ ਕਈ ਵਾਰ ਰਾਜ ਪਲਟੇ ਵੀ ਕੀਤੇ।

ਸੱਚ, ਹੱਕ ਅਤੇ ਇਨਸਾਫ ਲਈ ਕਈ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਵੀ ਅਵਾਜ਼ ਉਠਾਈ ਭਾਵੇਂ ਉਹ ਹਿੰਦੂ, ਮੁਸਲਿਮ, ਈਸਾਈ, ਬੋਧੀ, ਸਿੱਖ ਜਾਂ ਕੋਈ ਹੋਰ ਮਨੁੱਖਤਾ ਨਾਲ ਹਮਦਰਦੀ ਰੱਖਣਵਾਲਾ ਆਗੂ ਸੀ ਪਰ ਵਕਤੀਆ ਜ਼ਾਬਰ ਸਰਕਾਰਾਂ ਨੇ ਉਨ੍ਹਾਂ ਨੂੰ ਵੀ ਭਿਆਨਕ ਤੋਂ ਭਿਆਨਕ ਸਜਾਵਾਂ ਦਿੱਤੀਆਂ ਅਤੇ ਬਹੁਤਿਆਂ ਨੂੰ ਬੜੀ ਬੇਕਿਰਕੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਪਰ ਸੱਚ, ਹੱਕ ਅਤੇ ਇਨਸਾਫ ਦੀ ਗੱਲ ਕਰਨ ਵਾਲੇ ਲੋਕ ਹਰ ਸਮੇਂ ਪੈਦਾ ਹੁੰਦੇ ਰਹੇ ਅਤੇ ਰਹਿਣਗੇ। ਦੁਨੀਆਂ ਦਾ ਇਤਿਹਾਸ ਤਾਂ ਬਹੁਤ ਵੱਡਾ ਹੈ ਪਰ ਆਪਾਂ ਭਾਰਤ ਵਰਗੇ ਮੰਨੇ ਜਾਂਦੇ ਰਿਸ਼ੀਆਂ, ਮੁਨੀਆਂ, ਭਗਤਾਂ ਅਤੇ ਗੁਰੂਆਂ ਪੀਰਾਂ ਦੇ ਦੇਸ਼ ਨੂੰ ਜ਼ਾਲਮ ਮੁਗਲ ਅਤੇ ਫਰੰਗੀ ਸਰਕਾਰਾਂ ਤੋਂ ਅਜ਼ਾਦ ਕਰਾਉਣ ਲਈ, ਘੱਟ ਤੋਂ ਘੱਟ ਗਿਣਤੀ ਵਿੱਚ ਹੁੰਦੇ ਹੋਏ ਵੱਧ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਪੰਜਾਬੀ ਖਾਸ ਕਰਕੇ ਸਿੱਖਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੂੰ ਭਾਰਤ ਸਰਕਾਰ ਬਣਨ ਤੋਂ ਥੋੜਾ ਚਿਰ ਬਾਅਦ ਜ਼ਰਾਇਮਪੇਸ਼ਾ ਕੌਮ ਕਹਿ ਕੇ ਦਬਾਉਣਾਂ ਅਤੇ ਕੌਮ ਦੇ ਲੀਡਰਾਂ ਨੂੰ ਵੱਡੇ-ਵੱਡੇ ਲਾਲਚ ਦੇ ਕੇ ਪਾੜੋ ਅਤੇ ਰਾਜ ਕਰੋ ਨੀਤੀ ਤਹਿਤ ਖ੍ਰੀਦਣਾਂ ਸ਼ੁਰੂ ਕਰ ਦਿੱਤਾ।

ਅਣਖੀ ਪੰਜਾਬੀਆਂ ਅਤੇ ਸਿੱਖਾਂ ਨੇ ਆਪਣੇ ਹੱਕਾਂ ਲਈ ਕਈ ਮੋਰਚੇ ਲਾਏ ਪਰ ਫਿਰਕਾਪ੍ਰਸਤ ਸਰਕਾਰ ਨੇ ਇੱਡੇ ਵੱਡੇ ਭਾਰਤ ਵਿੱਚ, ਮਹਾਂ ਪੰਜਾਬ ਨੂੰ ਵੀ ਪੰਜਾਬੀ ਬੋਲਦੇ ਬਹੁਤੇ ਇਲਾਕੇ ਕੱਟ ਕੇ ਲੰਗੜਾ ਜਿਹਾ ਪੰਜਾਬ ਦਿੱਤਾ ਪਰ ਉਸ ਵਿੱਚ ਵੀ ਮਤਰੇਈ ਮਾਂ ਵਾਲਾ ਵਿਤਕਰਾ ਕਰਦੇ ਹੋਏ ਪੰਜਾਬੀ ਸਿੱਖਾਂ ਦੇ ਹੱਕ ਖੋਹ ਲਏ ਗਏ। ਮੋਦੀ ਸਰਕਾਰ ਜੋ ਕਟੜਵਾਦੀ ਸੰਘ ਦੀ ਦੁਬੇਲ ਹੈ ਕਾਲੇ ਕਨੂੰਨ ਬਣਾ ਕੇ ਕਿਸਾਨਾਂ, ਮਜ਼ਦੂਰਾਂ ਅਤੇ ਆਂਮ ਲੋਕਾਂ ਦੇ ਹੱਕਾਂ ‘ਤੇ ਡਾਕੇ ਮਾਰ ਕੇ ਸਭ ਕੁਝ ਅੰਬਾਨੀਆਂ-ਅੰਡਾਨੀਆਂ ਦੇ ਹੱਥ ਦੇ ਰਹੀ ਹੈ। ਇਸ ਲਈ ਪੰਜਾਬ ਦੇ ਗੈਰਤਮੰਦ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਹੱਕਾਂ ਲਈ ਮੋਰਚਾ ਲਾਇਆ, ਦਿੱਲੀ ਘੇਰੀ, ਪਰ ਸਰਕਾਰ ਅਜੇ ਤੱਕ ਵੀ ਟੱਸ ਤੋਂ ਮੱਸ ਨਹੀਂ ਹੋਈ। ਹੁਣ ਜਿੱਥੇ ਸਾਰੇ ਭਾਰਤ ਦੇ ਕਿਸਾਨ ਇਸ ਮੋਰਚੇ ‘ਚ ਸ਼ਾਮਲ ਹੋ ਗਏ ਓਥੇ ਹਰ ਵਰਗ ਦੇ ਸਤਾਏ ਹੋਏ ਲੋਕ ਕਿਸਾਨ ਮਜਦੂਰਾਂ ਦੀ ਹਮਾਇਤ ਤੇ ਆ ਗਏ ਹਨ। ਵਿਦੇਸ਼ਾਂ ਵਿੱਚ ਵੀ ਇਸ ਹੱਕੀ ਮੋਰਚੇ ਦੀ ਅਵਾਜ਼ ਗੂੰਜੀ ਹੈ। ਬੀਬੀ ਰਿਹਾਨਾਂ ਵਰਗੇ ਟੌਪ ਸਟਾਰ ਤੇ ਵਿਦੇਸ਼ੀ ਲੀਡਰ ਵੀ ਕਿਸਨਾਂ ਦੀ ਪਿੱਠ ‘ਤੇ ਆ ਗਏ ਹਨ। ਇਸ ਲਈ ਅਗਲੀਆਂ 22 ਦੀਆਂ ਚੋਣਾਂ ‘ਚ ਮੋਦੀ ਸਰਕਾਰ ਦਾ ਤਖਤਾ ਪਲਟ ਸਕਦਾ ਹੈ।

ਜਰਾ ਸੋਚੋ! ਕੀ ਆਪਣੇ ਹੱਕਾਂ ਦੀ ਗੱਲ ਕਰਨਾਂ, ਹੱਕ ਮੰਗਣਾ ਜਾਂ ਹੱਕਾਂ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨਾ ਗੁਨਾਹ ਹੈ? ਲੋਕ ਹੁਣ ਕਿੰਨਾਕੁ ਚਿਰ ਇਨ੍ਹਾਂ ਆਪਣੇ ਦਿਸਣ ਵਾਲੇ ਅਖੌਤੀ ਲੀਡਰਾਂ ਉੱਤੇ ਵਿਸ਼ਵਾਸ਼ ਕਰਨਗੇ? ਬਾਕੀ ਫਿਰਕਾਪ੍ਰਸਤ ਤੇ ਮੌਕਾਪ੍ਰਸਤ ਪਾਰਟੀਆਂ ਅਤੇ ਸਰਕਾਰਾਂ ਨੇ ਤਾਂ ਸਾਡੇ ਹੱਕਾਂ ਦਾ ਵਿਰੋਧ ਭਾਵੇਂ ਕਰਨਾ ਸੀ ਪਰ ਸਾਡੇ ਆਪਣੇ ਹੀ ਆਪਣੇ ਹੱਕਾਂ ਦਾ ਵਿਰੋਧ ਕਰਕੇ, ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਨ। ਦਾਸ ਲੇਖਕ ਅਤੇ ਪ੍ਰਚਾਰਕ ਹੋਣ ਦੇ ਨਾਤੇ, ਆਪਣੇ ਹਮਸਾਥੀ ਲੇਖਕਾਂ, ਪ੍ਰਚਾਰਕਾਂ ਅਤੇ ਧਰਮ, ਸਮਾਜਸੇਵੀ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਪੁਰਜੋਰ ਬੇਨਤੀ ਕਰਦਾ ਹੈ ਕਿ ਆਪਣੀਆਂ ਕਲਮਾਂ ਅਤੇ ਵਿਚਾਰਾਂ ਨੂੰ ਆਪਣੇ ਹੱਕਾਂ ਲਈ ਵਰਤੋਂ, ਧਰਮ ਅਸਥਾਨਾਂ ਅਤੇ ਮੀਡੀਏ ਰਾਹੀਂ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨਾਂ ਅਤੇ ਸੰਸਥਾਵਾਂ ਦੇ ਹੱਕ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰੋ, ਇਹ ਤੁਹਾਡਾ ਹੱਕ ਹੈ।

ਸਦਾ ਯਾਦ ਰੱਖੋ! ਹੱਕ ਮੰਗੇ ਨਹੀਂ ਸਗੋਂ ਆਪਾ ਵਾਰ ਕੇ, ਖੋਹੇ ਜਾਂ ਪ੍ਰਾਪਤ ਕੀਤੇ ਜਾਂਦੇ ਹਨ। ਅੱਜ ਅਜ਼ਾਦ ਭਾਰਤ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਪੰਜਾਬੀ ਸਿੱਖ ਹਰ ਪੱਖੋਂ ਗੁਲਾਮ ਹਨ ਜੋ ਕਿਸੇ ਤਰ੍ਹਾਂ ਵੀ ਆਪਣੇ ਹੱਕਾਂ ਦੀ ਅਵਾਜ਼ ਨਹੀਂ ਉੱਠਾ ਸਕਦੇ, ਜੇ ਕਦੇ ਸਿੰਘ ਸੁਭਾਅ ਕਰਕੇ ਉੱਠਾਉਂਦੇ ਵੀ ਹਨ ਤਾਂ ਉਨ੍ਹਾਂ ਦੇ ਹੱਕਾਂ ਦੀ ਅਵਾਜ਼ ਨੂੰ ਸਰਕਾਰੀ ਜ਼ਬਰ-ਜ਼ੁਲਮ ਨਾਲ ਦਬਾਅ ਦਿੱਤਾ ਜਾਂਦਾ ਹੈ ਜਾਂ ਮਾਰ-ਕੁਟਾਈ, ਬੇਇਜ਼ਤੀ ਕਰਕੇ ਜੇਲ੍ਹਾਂ ਵਿੱਚ ਡੱਕ ਅਤੇ ਫਾਂਸੀ ਦੇ ਤਖਤੇ ਤੇ ਚਾੜ੍ਹ ਦਿੱਤਾ ਜਾਂਦਾ ਹੈ। ਇਉਂ ਆਏ ਦਿਨ ਸਾਡੇ ਹੱਕਾਂ ਤੇ ਸਰਕਾਰੀ ਜਨੂੰਨੀਆਂ ਅਤੇ ਫਿਰਕਾਪ੍ਰਸਤ ਪਾਰਟੀਆਂ ਵੱਲੋਂ ਬੇਖੌਫ ਡਾਕੇ ਮਾਰਨੇ ਜਾਰੀ ਹਨ। ਕੀ ਅਜੇ ਵੀ ਸਿੱਖ ਜਥੇਬੰਦੀਆਂ ਕੇਵਲ ਤੇ ਕੇਵਲ “ਸ਼ਬਦ ਗੁਰੂ ਗ੍ਰੰਥ ਸਾਹਿਬ” ਦੀ ਛਤਰ-ਛਾਇਆ ਹੇਠ ਇਕੱਠੀਆਂ ਹੋ ਕੇ, ਘੱਟ ਤੋਂ ਘੱਟ ਸਿੱਖ ਸਿਧਾਂਤਾਂ ਦਾ ਮਲੀਆਮੇਟ ਕਰਨ ਵਾਲੀ ਸਰਕਾਰ ਅਤੇ ਸਰਕਾਰੀ ਹੱਥ-ਠੋਕੇ ਡੇਰੇਦਾਰਾਂ ਤੇ ਜਥੇਦਾਰਾਂ ਦਾ ਖਹਿੜਾ ਨਹੀਂ ਛੱਡਣਗੀਆਂ? ਜੋ ਹੱਕਾਂ ਲਈ ਲੜਨ ਵਾਲਿਆਂ ਦੀਆਂ ਮੁਖਬਰੀਆਂ ਕਰਕੇ ਅਤੇ ਸਿੱਖ ਸਿਧਾਤਾਂ ਨੂੰ ਪੈਰਾਂ ਵਿੱਚ ਰੋਲ ਕੇ ਸਿੱਖ ਕੌਮ ਦੀ ਜੜ੍ਹੀ ਤੇਲ ਦੇ ਰਹੇ ਹਨ।

(ਸੰਪਰਕ: 5104325827)

  • 54
  •  
  •  
  •  
  •