ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਲਈ ਉੱਤਰਾਖੰਡ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ

ਅੰਮਿ੍ਤਸਰ: ਕਾਫ਼ੀ ਅਰਸੇ ਦੀ ਚੁੱਪੀ ਤੋਂ ਬਾਅਦ ਉਤਰਾਖੰਡ ਦੇ ਹਰਿਦੁਆਰ ਦੀ ਹਰਿ ਕੀ ਪਾਉੜੀ ਵਿਖੇ ਸਥਿਤ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਹੁਣ ਮੁੜ ਸਰਗਰਮ ਹੋਈ ਜਾਪਦੀ ਹੈ। ਬੀਬੀ ਜਗੀਰ ਕੌਰ ਦੇ ਪ੍ਰਧਾਨ ਬਨਣ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਸਬੰਧੀ ਬਣਾਈ ਗਈ ਸਬ ਕਮੇਟੀ ਦੀ ਇਕੱਤਰਤਾ ਕਰਕੇ ਫ਼ੈਸਲਾ ਕੀਤਾ ਗਿਆ ਕਿ ਇਸ ਧਾਰਮਿਕ ਅਸਥਾਨ ਦੀ ਮੁੜ ਸਥਾਪਨਾ ਸਬੰਧੀ ਸ਼੍ਰੋਮਣੀ ਕਮੇਟੀ ਦੇ ਇਕ ਉੱਚ ਪੱਧਰੀ ਵਫ਼ਦ ਵਲੋਂ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਤਿ੍ਵੇਂਦਰ ਸਿੰਘ ਰਾਵਤ ਨਾਲ ਜਲਦ ਮੁਲਾਕਾਤ ਕੀਤੀ ਜਾਵੇਗੀ।

ਗੁ: ਗਿਆਨ ਗੋਦੜੀ ਦੀ ਪੁਨਰ ਸਥਾਪਨਾ ਸਬੰਧੀ ਬਣੀ ਸਬ-ਕਮੇਟੀ ਦੀ ਇਕੱਤਰਤਾ ਉਪਰੰਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਹਰਿਦੁਆਰ ਫੇਰੀ ਦੀ ਯਾਦ ਵਿਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨਾਲ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਤਹਿਤ ਹੀ ਉਤਰਾਖੰਡ ਦੇ ਮੁੱਖ ਮੰਤਰੀ ਨਾਲ ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਜਲਦ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਫ਼ਦ ਵਿਚ ਉਹ ਖ਼ੁਦ (ਬੀਬੀ ਜਗੀਰ ਕੌਰ) ਵੀ ਸ਼ਾਮਲ ਹੋਣਗੇ ਅਤੇ ਇਸ ਤੋਂ ਇਲਾਵਾ ਦਿੱਲੀ ਕਮੇਟੀ ਦੇ ਪ੍ਰਧਾਨ ਸਮੇਤ ਸਿੱਖ ਸੰਪ੍ਰਦਾਵਾਂ ਦੇ ਆਗੂ ਵੀ ਇਸ ਦਾ ਹਿੱਸਾ ਹੋਣਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਗੱਲਬਾਤ ਸਬੰਧੀ ਸਮਾਂ ਲੈਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਲਿਖਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਕਾਂਸ਼ੀਪੁਰ ਤੋਂ ਮੈਂਬਰ ਹਰਭਜਨ ਸਿੰਘ ਚੀਮਾ ਨੂੰ ਵੀ ਮੁੱਖ ਮੰਤਰੀ ਤੋਂ ਸਮਾਂ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ।

  • 62
  •  
  •  
  •  
  •