ਸ਼ਹੀਦੀ ਦਿਵਸ ’ਤੇ ਵਿਸ਼ੇਸ਼: ਸਭਰਾਵਾਂ ਦੀ ਜੰਗ ਅਤੇ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ

-ਅੰਗਰੇਜ ਸਿੰਘ ਹੁੰਦਲ

ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਸੰਮਤ ਨਾਨਕਸ਼ਾਹੀ 316 (1785 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿਛੋਕੜ ਜੈਸਲਮੇਰ ਨਾਲ ਸਬੰਧਿਤ ਸੀ। ਇਹ ਪਹਿਲਾਂ ਫੂਲ ਮਹਿਰਾਜ ਦੇ ਪਿੰਡਾਂ ਵਿੱਚ ਆਬਾਦ ਹੋਏ, ਫਿਰ 1735 ਈ. ਨੂੰ ਜਗਰਾਉਂ ਦੇ ਇਲਾਕੇ ਕਾਉਂਕੇ ਵਿੱਚ ਜਾ ਵਸੇ। ਕਾਉਂਕੇ ਤੋਂ ਬਾਅਦ ਇਨ੍ਹਾਂ ਇੱਕ ਉਦਾਸੀ ਸੰਤ ਮੂਲ ਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੋੜ੍ਹੀ ਰਖਵਾਈ ਅਤੇ ਉੱਚੀ ਜਗ੍ਹਾ ’ਤੇ ਤਿੰਨ-ਮੰਜ਼ਲਾ ਮਕਾਨ ਉਸਾਰ ਕੇ ਇਸ ਦਾ ਨਾਂ ‘ਅਟਾਰੀ’ ਰੱਖਿਆ।

ਸ਼ਾਮ ਸਿੰਘ ਅਟਾਰੀ ਚੰਗੇ ਘੋੜ-ਸਵਾਰ, ਤੀਰ-ਅੰਦਾਜ਼ ਤੇ ਤਲਵਾਰਬਾਜ਼ ਸਨ। ਉਨ੍ਹਾਂ ਦੇ ਪਿਤਾ ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਕਾਫੀ ਪ੍ਰੇਮ-ਪਿਆਰ ਸੀ। ਸ਼ਾਮ ਸਿੰਘ ਅਟਾਰੀ ਵੀ ਨਿਹਾਲ ਸਿੰਘ ਦੇ ਜਿਉਂਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਚੁੱਕੇ ਸਨ। ਪਿਤਾ ਦੇ ਹੁੰਦਿਆਂ ਹੀ ਉਨ੍ਹਾਂ ਨੇ 12 ਮਾਰਚ 1816 ਈ: ਨੂੰ ਮਹਾਰਾਜਾ ਰਣਜੀਤ ਸਿੰਘ ਕੋਲੋਂ ਇਕ ਹੀਰਿਆਂ ਜੜੀ ਕਲਗੀ ਪ੍ਰਾਪਤ ਕਰ ਲਈ ਸੀ। ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਮ ਸਿੰਘ ਅਟਾਰੀ ਨੂੰ ਪਿਤਾ ਦੀ ਪਦਵੀ ’ਤੇ ਨਿਯੁਕਤ ਕਰ ਦਿੱਤਾ। 1818 ਦੀ ਮੁਲਤਾਨ ਦੀ ਪਹਿਲੀ ਐਸੀ ਲੜਾਈ ਸੀ, ਜਿਸ ਵਿਚ ਸ਼ਾਮ ਸਿੰਘ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਹਿੱਸਾ ਲਿਆ ਤੇ ਬਹਾਦਰੀ ਦੇ ਜੌਹਰ ਦਿਖਾਏ। ਬਹਾਦਰੀ ਦੇ ਜੌਹਰਾਂ ਬਾਰੇ ਜਾਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਮ ਸਿੰਘ ਤੋਂ ਖੁਸ਼ ਹੋ ਕੇ ਉਸ ਨੂੰ ਸ਼ਹਿਜ਼ਾਦਾ ਖੜਕ ਸਿੰਘ, ਦਲ ਸਿੰਘ ਤੇ ਮਿਸਰ ਦੀਵਾਨ ਚੰਦ ਨਾਲ 1818 ਵਿਚ ਹੀ ਪਿਸ਼ਾਵਰ ਦੀ ਮੁਹਿੰਮ ’ਤੇ ਭੇਜਿਆ ਅਤੇ ਖ਼ਾਲਸਾ ਫੌਜਾਂ ਪਿਸ਼ਾਵਰ ਜਿੱਤ ਕੇ ਮੁੜੀਆਂ। ਇਸ ਮਗਰੋਂ ਸਾਲ 1819 ਵਿਚ ਕਸ਼ਮੀਰ, 1828 ਵਿਚ ਸੰਧੜ, 1831 ਵਿਚ ਸਈਅਦ ਅਹਿਮਦ ਬਰੇਲਵੀ ’ਤੇ ਜਿੱਤ, 1834 ਵਿਚ ਬੰਨੂ ਅਤੇ 1837 ਵਿਚ ਹਜ਼ਾਰੇ ਦੀ ਮੁਹਿੰਮ ਆਦਿ ਸ਼ਾਮ ਸਿੰਘ ਅਟਾਰੀ ਨੇ ਪ੍ਰਮੁੱਖ ਲੜਾਈਆਂ ਲੜੀਆਂ ਅਤੇ ਇਨ੍ਹਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ। ਪਿਸ਼ਾਵਰ ਦੀ ਮੁਹਿੰਮ ਤੋਂ ਵਾਪਸ ਆ ਕੇ ਸਰਦਾਰ ਸ਼ਾਮ ਸਿੰਘ ਨੇ ਆਪਣੀ ਲੜਕੀ ਨਾਨਕੀ ਦਾ ਸਾਕ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਕੀਤਾ।

27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਛਿਪਣ ਲੱਗ ਪਿਆ। ਹੌਲੀ-ਹੌਲੀ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਡੋਗਰਾਸ਼ਾਹੀ ਆਰੰਭ ਹੋ ਗਈ। ਕਤਲਾਂ ਤੇ ਗਦਾਰੀਆਂ ਦਾ ਮੁੱਢ ਬੱਝ ਗਿਆ। ਇੱਥੋਂ ਹੀ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਲੜਾਈ ਦਾ ਆਰੰਭ ਹੋਇਆ। ਸਿੱਖਾਂ ਨਾਲ ਅੰਗਰੇਜ਼ਾਂ ਦੀ ਪਹਿਲੀ ਲੜਾਈ ਸਮੇਂ ਅੰਗਰੇਜ਼ਾਂ ਦੀ ਫੌਜ ਵਿਚ 44 ਹਜ਼ਾਰ ਜਵਾਨ ਤੇ 100 ਤੋਪਾਂ ਸਨ। ਅੰਗਰੇਜ਼ ਮੁਲਤਾਨ ’ਤੇ ਚੜ੍ਹਾਈ ਕਰਨ ਲੱਗੇ। ਸਿੱਖ ਫੌਜਾਂ ਦਾ ਕਮਾਂਡਰ-ਇਨ-ਚੀਫ ਤੇਜਾ ਸਿੰਘ ਅਤੇ ਵਜ਼ੀਰ ਲਾਲ ਸਿੰਘ ਸਨ। ਇਨ੍ਹਾਂ ਦੋਵਾਂ ਨੂੰ ਲਾਲਚ ਦੇ ਕੇ ਅੰਗਰੇਜ਼ਾਂ ਨੇ ਆਪਣੇ ਨਾਲ ਮਿਲਾ ਲਿਆ, ਜਿਸ ਕਾਰਨ ਸਿੱਖ ਫੌਜਾਂ ਦੀ ਚੜ੍ਹਾਈ ਦੀ ਯੋਜਨਾ ਇਨ੍ਹਾਂ ਦੋਵਾਂ ਨੇ ਸਫਲ ਨਾ ਹੋਣ ਦਿੱਤੀ।

ਦੂਸਰੇ ਪਾਸੇ ਖਾਲਸਾ ਰਾਜ ਦੇ ਨਮਕ-ਹਰਾਮੀ ਵਜੀਰ ਧਿਆਨ ਸਿੰਘ ਡੋਗਰੇ ਦੀ ਮਾੜੀ ਨੀਤੀ ਸਿੱਖ ਰਾਜ ਦੀ ਪਿੱਠ ਵਿੱਚ ਗੱਦਾਰੀ ਦਾ ਛੁਰਾ ਮਾਰ ਰਹੀ ਸੀ। ਸਿੱਖਾਂ ਦੀ ਅੰਗਰੇਜ਼ਾਂ ਨਾਲ ਹੋਈ ਮੁੱਦਕੀ ਦੀ ਲੜਾਈ, ਫੇਰੂਮਾਨ ਦੀ ਲੜਾਈ, ਬੱਦੋਵਾਲ ਦੀ ਲੜਾਈ ਅਤੇ ਆਲੀਵਾਲ ਦੀ ਲੜਾਈ ਵਿੱਚ ਡੋਗਰਿਆਂ ਦੀ ਗੱਦਾਰੀ ਕਾਰਨ ਸਿੱਖਾਂ ਦੀ ਹਾਰ ਹੋਈ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਪਿੱਛੋਂ ਲਾਹੌਰ ਦਰਬਾਰ ਦਾ ਕੰਮ-ਕਾਜ ਮਹਾਰਾਣੀ ਜਿੰਦ ਕੌਰ ਦੀ ਦੇਖ-ਰੇਖ ਹੇਠ ਚੱਲ ਰਿਹਾ ਸੀ। ਮਹਾਰਾਣੀ ਜਿੰਦ ਕੌਰ ਨੇ 10 ਘੋੜਸਵਾਰਾਂ ਦੇ ਹੱਥ ਸ਼ਾਮ ਸਿੰਘ ਅਟਾਰੀਵਾਲਾ ਨੂੰ ਭੇਜੇ ਸੁਨੇਹੇ ਵਿਚ ਆਖਿਆ ਕਿ ਉਹ ਲਾਹੌਰ ਵੱਲ ਵਧ ਰਹੀਆਂ ਬਰਤਾਨਵੀ ਫੌਜਾਂ ਨੂੰ ਰੋਕੇ। ਜਦ ਦਸ ਘੋੜ ਸਵਾਰ ਮਹਾਰਾਣੀ ਜਿੰਦਾ ਦੀ ਚਿੱਠੀ ਲੈ ਕੇ ਸ਼ਾਮ ਸਿੰਘ ਅਟਾਰੀ ਕੋਲ ਪੁੱਜੇ ਤਾਂ ਮਹਾਰਾਣੀ ਜਿੰਦਾ ਦੀ ਦਰਦ-ਭਰੀ ਚਿੱਠੀ ਦਾ ਸ਼ਾਮ ਸਿੰਘ ’ਤੇ ਡਾਢਾ ਅਸਰ ਹੋਇਆ।

ਚਿੱਠੀ ਪੜ੍ਹ ਕੇ ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਜੋਸ਼ ਚੜ੍ਹਿਆ ਅਤੇ ਸਿਰ ’ਤੇ ਕੱਫਣ ਬੰਨ੍ਹ ਕੇ ਸਭਰਾਵਾਂ ਦੇ ਨਜ਼ਦੀਕ ਮੈਦਾਨ-ਏ-ਜੰਗ ਵਿੱਚ ਪਹੁੰਚ ਗਿਆ। ਉਥੇ ਉਨ੍ਹਾਂ ਨੇ ਦੇਖਿਆ ਕਿ ਡੋਗਰਾ ਤੇਜ ਸਿੰਘ ਤੇ ਲਾਲ ਸਿੰਘ ਨੇ ਜੰਗ ਦੀ ਰਣਨੀਤੀ ਇਹੋ ਜਿਹੇ ਸ਼ਰਮਨਾਕ ਤਰੀਕੇ ਨਾਲ ਬਣਾਈ ਹੋਈ ਹੈ ਕਿ ਜਿੱਤ ਦੀ ਕੋਈ ਆਸ ਨਹੀਂ। ਸ਼ਾਮ ਸਿੰਘ ਕੋਲ ਲੜਾਈ ਦੀ ਜ਼ਿੰਮੇਦਾਰੀ ਸੰਭਾਲਣ ਤੋ ਇਲਾਵਾ ਹੋਰ ਕੋਈ ਰਾਹ ਨਾ ਰਿਹਾ। ਉਨ੍ਹਾਂ ਨੇ ਆਪਣੀ ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਖ਼ਾਲਸਾ ਤੇ ਫਿਰੰਗੀ ਫ਼ੌਜਾਂ ਨੇ ਜੰਗ ਵਿੱਚ ਮਰ-ਮਿਟਣ ਦੀ ਤਿਆਰੀ ਕੀਤੀ ਹੋਈ ਸੀ। ਰਾਜਾ ਗੁਲਾਬ ਸਿੰਘ ਦਾ ਰਾਜਨੀਤਕ ਜੋੜ-ਤੋੜ ਰਣ-ਭੂਮੀ ਵਿਚ ਤੇਜ ਸਿੰਘ ਤੇ ਲਾਲ ਸਿੰਘ ਦੀ ਗੱਦਾਰੀ ਨਾਲੋਂ ਵਧੇਰੇ ਖਤਰਨਾਕ ਸੀ। ਲਾਹੌਰ ਦਰਬਾਰ ਦੇ ਮੁਖਤਿਆਰ ਦੀ ਹੈਸੀਅਤ ਵਿਚ ਉਹ ਆਪਣਾ ਸੁਆਰਥ ਸਿੱਧ ਕਰਨ ਲਈ ਅੰਗਰੇਜ਼ ਗਵਰਨਰ ਜਨਰਲ ਨਾਲ ਗੱਲਬਾਤ ਚਲਾ ਰਿਹਾ ਸੀ ਤੇ ਆਪਣੇ ਜਾਤੀ ਲਾਭ ਲਈ ਅੰਗਰੇਜ਼ਾਂ ਨਾਲ ਮਿਲ ਚੁੱਕਾ ਸੀ।

ਤੇਜਾ ਸਿੰਘ ਗਦਾਰ ਨੇ 9 ਫਰਵਰੀ ਦੀ ਰਾਤ ਨੂੰ ਲੜਾਈ ਲੱਗਣ ਤੋਂ ਕੁਝ ਘੰਟੇ ਪਹਿਲੇ ਸਰਦਾਰ ਸ਼ਾਮ ਸਿੰਘ ਨਾਲ ਮੀਟਿੰਗ ਵੇਲੇ ਬਥੇਰੀ ਕੋਸ਼ਿਸ਼ ਕੀਤੀ ਕਿ ਉਹ ਅੰਗਰੇਜ਼ਾਂ ਵਿਰੁੱਧ ਜੰਗ ਨਾ ਕਰੇ, ਲੜਾਈ ਕਰਨ ਦੀ ਥਾਂ ਭੱਜ ਜਾਏ ਪਰ ਸ਼ਾਮ ਸਿੰਘ ਅਜਿਹਾ ਧਰੋਹ ਕਰਨ ਦੀ ਸੋਚ ਵੀ ਨਹੀਂ ਸਕਦੇ ਸਨ। ਉਸ ਵੇਲੇ ਫਿਰੋਜ਼ਪੁਰ ਵਿਚ ਸਿਰਫ਼ 7000 ਫੌਜੀ ਸਨ। ਜੇ ਸਿੱਖ ਉਸ ਵੇਲੇ ਹਮਲਾ ਕਰ ਦਿੰਦੇ ਤਾਂ ਅੰਗਰੇਜ਼ ਸਦਾ ਵਾਸਤੇ ਹਾਰ ਜਾਂਦੇ ਤੇ ਜੰਗ ਦਾ ਨਕਸ਼ਾ ਕੁਝ ਹੋਰ ਹੀ ਹੁੰਦਾ। ਗਦਾਰ ਤੇਜ਼ ਸਿੰਘ ਨੇ ਸਾਰਾ ਜੰਗੀ ਨਕਸ਼ਾ ਅੰਗਰੇਜ਼ਾਂ ਨੂੰ ਭੇਜ ਦਿੱਤਾ।

10 ਫਰਵਰੀ, 1846 ਵਾਲੇ ਦਿਨ ਸ਼ਾਮ ਸਿੰਘ ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ) ਜੰਗ ਦੇ ਮੈਦਾਨ ਵਿਚ ਆ ਨਿੱਤਰੇ ਤੇ ਐਲਾਨ ਕੀਤਾ ਕਿ ਉਹ ਅੰਗਰੇਜ਼ਾਂ ਦਾ ਡੱਟ ਕੇ ਮੁਕਾਬਲਾ ਕਰਨਗੇ ਤੇ ਆਪਣੀ ਪੰਜ ਦਰਿਆਵਾਂ ਦੀ ਧਰਤੀ ’ਤੇ ਅੰਗਰੇਜ਼ਾਂ ਨੂੰ ਪੈਰ ਨਹੀਂ ਰਖਣ ਦੇਣਗੇ। ਅੰਗਰੇਜ਼ ਤੇ ਖ਼ਾਲਸਾ ਫੌਜਾਂ ਵਿਚਾਲੇ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰੱਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਰਾਜਾ ਗੁਲਾਬ ਸਿੰਘ ਨਾਲ ਹੋਏ ਗੁਪਤ ਸਮਝੌਤੇ ਕਾਰਨ ਅੰਗਰੇਜ਼ਾਂ ਦੇ ਹੌਸਲੇ ਬੁਲੰਦ ਸਨ। ਉਨ੍ਹਾਂ ਦਾ ਜੰਗੀ ਸਾਮਾਨ ਮੈਦਾਨ ਵਿਚ ਪਹੁੰਚ ਚੁੱਕਾ ਸੀ। ਬਾਰੂਦ ਦੀ ਸਪਲਾਈ ਲਈ ਦਰਿਆ ’ਤੇ ਆਰਜ਼ੀ ਪੁਲ ਤਿਆਰ ਕੀਤਾ। ਤਿੰਨ ਘੰਟੇ ਯੁੱਧ ਹੁੰਦਾ ਰਿਹਾ। ਜਦ ਲਾਲ ਸਿੰਘ ਤੇ ਤੇਜ ਸਿੰਘ ਨੇ ਵੇਖਿਆ ਕਿ ਖ਼ਾਲਸਾ ਫ਼ੌਜ ਬੜੀ ਬਹਾਦਰੀ ਨਾਲ ਸ਼ਾਮ ਸਿੰਘ ਦੀ ਕਮਾਂਡ ਥੱਲੇ ਲੜ ਰਹੀ ਹੈ ਤਾਂ ਬਾਰੂਦ ਦੀ ਥਾਂ ਪੇਟੀਆਂ ਵਿਚ ਸਰ੍ਹੋਂ ਤੇ ਰੇਤ ਭੇਜ ਦਿੱਤੀ। ਇਸ ਨਾਲ ਬੰਦੂਕਚੀਆਂ ਨੂੰ ਬਾਰੂਦ ਮਿਲਣਾ ਬੰਦ ਹੋ ਗਿਆ। ਇੰਨੇ ਤੱਕ ਅੰਗਰੇਜ਼ ਫ਼ੌਜਾਂ ਦੋ-ਤਿੰਨ ਥਾਵਾਂ ਤੋਂ ਸਿੱਖਾਂ ਦੇ ਮੋਰਚੇ ਵਿਚ ਦਾਖਲ ਹੋ ਗਈਆਂ। ਸਾਜ਼ਿਸ਼ ਅਧੀਨ ਡੋਗਰੇ ਜਰਨੈਲ ਮੈਦਾਨ-ਏ-ਜੰਗ ’ਚੋਂ ਆਪਣੀਆਂ ਫੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ ਅਤੇ ਉਹ ਜਾਂਦੇ-ਜਾਂਦੇ ਸਤਲੁਜ ਦਰਿਆ ’ਤੇ ਬਣੇ ਹੋਏ ਪੁਲ ਨੂੰ ਵੀ ਤੋੜ ਗਏ ਅਤੇ ਬਾਰੂਦ ਭਰੀਆਂ ਬੇੜੀਆਂ ਦਰਿਆ ਵਿਚ ਡੋਬ ਦਿੱਤੀਆਂ। ਇਸ ਨਾਲ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ।

ਜਰਨੈਲਾਂ ਤੋਂ ਬਿਨਾਂ ਸਿੱਖ ਫ਼ੌਜ ਦਾ ਉਸ ਵੇਲੇ ਘਬਰਾ ਜਾਣਾ ਕੁਦਰਤੀ ਸੀ। ਸਿੱਖ ਫ਼ੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ-ਲੜਦਿਆਂ ਉਸ ਯੋਧੇ ਨੂੰ ਗੋਲੀਆਂ ਦੇ ਸੱਤ ਜ਼ਖਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਅੰਤ ਨੂੰ ਹਾਰ ਗਈ। ਸ਼ਾਹ ਮੁਹੰਮਦ ਲਿਖਦਾ ਹੈ:

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ,
ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।

ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਦੀ ਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿੱਚ 12 ਫਰਵਰੀ, 1846 ਨੂੰ ਪਤਨੀ ਦੀ ਚਿਖਾ ਨੇੜੇ ਕਰ ਦਿੱਤਾ ਗਿਆ। ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਅਟਾਰੀ ਵਿੱਚ ਸਰਕਾਰ ਵੱਲੋਂ ਅਤੇ ਸਭਰਾਵਾਂ ਵਿੱਚ ਸ਼ਹੀਦ ਦੀ ਯਾਦ ਵਿਚ ਬਣੇ ਗੁਰਦੁਆਰਾ ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲਾ ਵਿੱਚ ਕਾਰ ਸੇਵਾ ਵਾਲੇ ਬਾਬਾ ਸ਼ਿੰਦਰ ਸਿੰਘ ਦੀ ਅਗਵਾਈ ਵਿੱਚ ਸਲਾਨਾ ਸਮਾਗਮ ਕਰਵਾਇਆ ਜਾਂਦਾ ਹੈ।

  •  
  •  
  •  
  •  
  •