ਦੁਬਈ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖਾਂ ਨੇ ਕੋਵਿਡ ਵੈਕਸੀਨ ਦਾ ਲੰਗਰ ਲਾਇਆ

ਲੰਬਾ ਸਮਾਂ ਚੱਲੀ ਕੋਰੋਨਾ ਦੀ ਮਹਾਂਮਾਰੀ ਦੇ ਇਲਾਜ ਲਈ ਹੁਣ ਵੈਕਸੀਨ ਬਣ ਗਈ ਹੈ। ਪਰ ਹਾਲੇ ਇਹ ਆਮ ਲੋਕਾ ਵਿਚ ਸੌਖੇ ਤਰੀਕੇ ਨਾਲ ਉਪਲਬਧ ਨਹੀਂ ਹੋਈ। ਬਹੁਤ ਸਾਰੇ ਲੋਕ ਕੋਰੋਨਾ ਵੈਕਸੀਨ ਦੇ ਲਈ ਸਰਕਾਰਾਂ ਤੱਕ ਪਹੁੰਚ ਬਣਾਉਣ ਦੇ ਯਤਨਾਂ ਦੇ ਵਿਚ ਹਨ। ਅਜਿਹੇ ਦੇ ਵਿਚ ਦੁਬਈ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿਖੇ ਕੋਵਿਡ ਵੈਕਸੀਨ ਦਾ ਮੁਫ਼ਤ ਲੰਗਰ ਚਲਾਇਆ ਗਿਆ।

ਜੇਬਲ ਅਲੀ ਵਿਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਕੋਵਿਡ ਵੈਕਸੀਨ ਦੇਣ ਲਈ ਤਿੰਨ ਦਿਨਾਂ ਦੀ ਮੁਹਿੰਮ ਚਲਾਈ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਗੁਰਦੁਆਰਾ ਸਾਹਿਬ ‘ਚ ਵੱਖ-ਵੱਖ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਤਕਰੀਬਨ 5000 ਵੈਕਸੀਨ ਲਗਾਉਣ ਲਈ ਇੱਕ ਸਮਾਗਮ ਕੀਤਾ ਗਿਆ।

ਗੁਰਦੁਆਰੇ ਦੇ ਚੇਅਰਮੈਨ ਸੁਰੇਂਦਰ ਸਿੰਘ ਕੰਧਾਰੀ ਨੇ ਕਿਹਾ ਕਿ ਇਹ ਵੈਕਸੀਨ ਦੇਣ ਦੇ ਸਥਾਨ ਦੀ ਜਾਣਕਾਰੀ ਸ਼ੋਸ਼ਲ ਮੀਡੀਆ ‘ਤੇ ਪੋਸਟ ਕਰਨ ਤੋਂ ਕੁੱਝ ਘੰਟਿਆ ਬਾਅਦ ਹਜ਼ਾਰਾਂ ਲੋਕ ਇਸ ਵੈਕਸੀਨ ਦੀ ਰਜਿਸ਼ਟ੍ਰੇਸ਼ਨ ਲਈ ਆ ਗਏ। ਉਨ੍ਹਾਂ ਕਿਹਾ ਕਿ ਅਸੀਂ ਇਸ ਮਨਜ਼ੂਰਸੁਦਾ ਵੈਕਸੀਨ ਦੇ ਦੂਸਰੇ ਗੇੜ ਦੀ ਆਗਿਆ ਲਈ ਸਰਕਾਰ ਦੇ ਸਬੰਧਤ ਵਿਭਾਗ ਤੱਕ ਪਹੁੰਚ ਕਰ ਰਹੇ ਹਾਂ।

ਕੰਧਾਰੀ ਨੇ ਕਿਹਾ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ 35 ਕੌਮੀਅਤਾਂ ਦੇ ਲੋਕਾਂ ਨੂੰ ਟੀਕਾ ਲਗਾਇਆ ਗਿਆ। ਉਨ੍ਹਾਂ ਕਿਹਾ ”ਅਸੀਂ ਇਸ ਨੂੰ ਹਰੇਕ, ਕਿਸੇ ਵੀ ਉਮਰ ਅਤੇ ਕਿਸੇ ਵੀ ਕੌਮੀਅਤ ਲਈ ਖੁੱਲ੍ਹਾ ਰੱਖਿਆ ਸੀ। ਅਸੀਂ ਸਾਰੇ ਇੱਕ ਹਾਂ, ਅਸੀਂ ਸਾਰੇ ਮਨੁੱਖ ਹਾਂ, ਸਾਨੂੰ ਇਕ ਦੂਜੇ ਅਤੇ ਮਾਨਵਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ।”

ਉਨ੍ਹਾਂ ਦੱਸਿਆ ਕਿ ਇਹ ਕਿਤੇ ਵੀ ਉਪਲਬਧ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ, ਲੋਕ ਗੁਰਦੁਆਰਾ ਸਾਹਿਬ ਆ ਕੇ ਇਹ ਵੈਕਸੀਨ ਲੈਣ ਤੋਂ ਬਾਅਦ ਧੰਨਵਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਨੂੰ ਇਹ ਟੀਕਾ ਲਗਾਇਆ ਗਿਆ ਹੈ, ਅਸੀਂ ਉਨ੍ਹਾਂ ਨੂੰ ਦੂਜੀ ਖੁਰਾਕ ਲਈ 31 ਦਿਨਾਂ ਵਿਚ ਵਾਪਸ ਇੱਥੇ ਹੀ ਆਉਣ ਲਈ ਕਿਹਾ ਹੈ।

  • 217
  •  
  •  
  •  
  •