ਜਨਮ ਦਿਹਾੜੇ ‘ਤੇ ਵਿਸ਼ੇਸ਼: ਸਾਹਿਬਾਜ਼ਾਦਾ ਅਜੀਤ ਸਿੰਘ ਜੀ

ਰਮੇਸ਼ ਬੱਗਾ ਚੋਹਲਾ

ਗੁਰੂ ਨਾਨਕ ਪਾਤਸ਼ਾਹ ਦੀ 10ਵੀ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜੰਦ ਸਾਹਿਬਾਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਮਤ 1743 (ਦੇਸੀ ਮਹੀਨਾ ਮਾਘ) ਮੁਤਾਬਕ 1687 ਈ ਨੂੰ ਹਿਮਾਚਲ ਪ੍ਰਦੇਸ਼ ਦੇ ਰਮਣੀਕ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ। ਛੋਟੀ ਉਮਰੇ ਵਡੇਰੀ ਕੁਰਬਾਨੀ ਸਦਕਾ ਸਿੱਖ ਇਤਿਹਾਸ ਉਨ੍ਹਾਂ ਦਾ ਸਤਿਕਾਰ ਬਾਬਾ ਅਜੀਤ ਸਿੰਘ ਦੇ ਨਾਮ ਨਾਲ ਹੀ ਕਰਦਾ ਹੈ। ਜਦੋਂ ਅਜੀਤ ਸਿੰਘ ਅਜੇ 5 ਕੁ ਮਹੀਨਿਆਂ ਦੇ ਹੀ ਹੋਏ ਤਾਂ ਸਮੇਂ ਦਸਵੇਂ ਪਾਤਸ਼ਾਹ ਦੀ ਪਹਾੜੀ ਰਾਜਿਆਂ ਨਾਲ ਭੰਗਾਣੀ ਦੇ ਮੈਦਾਨ ਵਿੱਚ ਗਹਿਗੱਚ ਲੜਾਈ ਹੋਈ ਸੀ। ਇਸ ਲੜਾਈ ਵਿਚ ਗੁਰੂ ਕਿਆਂ ਦੀ ਮਹਾਨ ਜਿੱਤ ਸਦਕਾ ਸਾਹਿਬਾਜ਼ਾਦੇ ਦਾ ਨਾਮ ਅਜੀਤ ਸਿੰਘ ਰੱਖਿਆ ਗਿਆ।

ਛੋਟੀ ਉਮਰ ਵਿਚ ਹੀ ਬਾਬਾ ਜੀ ਕਾਫੀ ਦਿਮਾਗਦਾਰ ਸਨ। ਜਿਥੇ ਉਨ੍ਹਾਂ ਗੁਰਬਾਣੀ ਦਾ ਡੂੰਘੇਰਾ ਗਿਆਨ ਹਾਸਲ ਕੀਤਾ। ਸਾਹਿਬਾਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਆਯੂ ਦਾ ਵੱਡਾ ਹਿੱਸਾ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ-ਛਾਇਆ ਹੇਠ ਆਨੰਦਪੁਰ ਸਾਹਿਬ ਵਿਖੇ ਹੀ ਬਤੀਤ ਕੀਤਾ। 23 ਮਈ 1699 ਈ: ਨੂੰ ਬਾਬਾ ਅਜੀਤ ਸਿੰਘ ਸੈਂਕੜੇ ਕੇ ਸਿੰਘਾਂ ਦੇ ਜਥੇ ਦੀ ਅਗਵਾਈ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਨੂਹ ਪਹੁੰਚ ਗਏ, ਜਿਥੇ ਉਨ੍ਹਾਂ ਉਥੋ ਦੇ ਰੰਗੜਾਂ ਨੂੰ ਚੰਗਾ ਸਬਕ ਸਿਖਾਇਆ ਜਿਨ੍ਹਾਂ ਨੇ ਪੋਠੋਹਾਰ ਦੀਆਂ ਸੰਗਤਾਂ ਨੂੰ ਆਨੰਦਪੁਰ ਆਉਣ ਸਮੇਂ ਲੁੱਟਿਆ ਸੀ।

29 ਅਗਸਤ 1700 ਈ: ਨੂੰ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ਉਤੇ ਹਮਲਾ ਕੀਤਾ ਤਾਂ ਬਾਬਾ ਜੀ ਨੇ ਬੜੀ ਸੂਰਬੀਰਤਾ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਅਕਤੂਬਰ ਦੇ ਆਰੰਭਲੇ ਦਿਨਾਂ ਵਿਚ ਜਦੋਂ ਪਹਾੜੀ ਰਾਜਿਆ ਨੇ ਨਿਰਮੋਹਗੜ੍ਹ ਤੇ ਧਾਵਾ ਬੋਲਿਆ ਤਾਂ ਉਸ ਵਕਤ ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਦਸਮ ਪਿਤਾ ਦਾ ਡਟਵਾਂ ਸਾਥ ਦਿੱਤਾ।

ਇਕ ਦਿਨ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ। ਇਕ ਗਰੀਬ ਬ੍ਰਾਹਮਣ ਦੇਵਦਾਸ ਰੋਂਦਾ-ਕੁਰਲਾਉਂਦਾ ਹੋਇਆ ਆ ਕੇ ਕਹਿਣ ਲੱਗਾ “ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਹਾਂ। ਪਿੰਡ ਦੇ ਪਠਾਣਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ। ਮੇਰੀ ਕੁੱਟਮਾਰ ਕਰਕੇ ਮੇਰੀ ਧਰਮ-ਪਤਨੀ ਵੀ ਮੇਰੇ ਕੋਲੋਂ ਖੋਹ ਲਈ ਹੈ। ਹੋਰ ਕਿਸੇ ਨੇ ਮੇਰੀ ਫਰਿਆਦ ਵੱਲ ਕੋਈ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਦਾ ਦਰ ਹਮੇਸ਼ਾਂ ਹੀ ਨਿਮਾਣਿਆਂ ਦਾ ਮਾਣ ਬਣਦਾ ਆ ਰਿਹਾ ਹੈ, ਸੋ ਕਿਰਪਾ ਕਰੋ ਮੇਰੀ ਇੱਜ਼ਤ ਮੈਨੂੰ ਵਾਪਸ ਦਿਵਾ ਦਿਉ। ਮੈਂ ਸਦਾ ਵਾਸਤੇ ਗੁਰੂ ਨਾਨਕ ਦੇ ਘਰ ਦਾ ਰਿਣੀ ਰਹਾਂਗਾ।”

ਗੁਰੂ ਸਾਹਿਬ ਨੇ ਸਾਹਿਬਾਜ਼ਾਦਾ ਅਜੀਤ ਸਿੰਘ ਨੂੰ ਕਿਹਾ ਕਿ ਪੁੱਤਰ ਜੀ ਕੁੱਝ ਸਿੰਘਾਂ ਨੂੰ ਨਾਲ ਲੈ ਕੇ ਜਾਉ ਅਤੇ ਜਾਬਰ ਖਾਂ ਤੋਂ ਇਸ ਮਜ਼ਲੂਮ ਦੀ ਤੀਵੀਂ ਛੁਡਾ ਕੇ ਲਿਆਉ। ਸਾਹਿਬਾਜ਼ਾਦਾ ਅਜੀਤ ਸਿੰਘ ਨੇ 100 ਘੋੜ ਸਵਾਰ ਸਿੰਘਾਂ ਦਾ ਟੋਲਾ ਨਾਲ ਲੈ ਕੇ ਬੱਸੀ ਪਿੰਡ ਤੇ ਧਾਵਾ ਬੋਲ ਦਿੱਤਾ। ਜਾਬਰ ਖਾਂ ਦੀ ਹਵੇਲੀ ਨੂੰ ਜਾ ਘੇਰਿਆ ਅਤੇ ਗਰੀਬ ਬ੍ਰਾਹਮਣ ਦੀ ਪਛਾਣ ਤੇ ਉਸ ਦੀ ਅਬਲਾ ਪਤਨੀ ਨੂੰ ਜਾਲਮ ਦੇ ਪੰਜੇ ‘ਚੋ ਛੁਡਾ ਲਿਆ। ਪਿੰਡ ਤੇ ਹਮਲੇ ਸਮੇਂ ਕਸੂਰਵਾਰ ਨੂੰ ਛੱਡ ਕੇ ਕਿਸੇ ਹੋਰ ਦਾ ਕੋਈ ਨੁਕਸਾਨ ਨਹੀਂ ਹੋਇਆ। ਮਨੋਰਥ ਦੀ ਸਿੱਧੀ ਤੋਂ ਬਾਅਦ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਏ ਤਾਂ ਗੁਰੂ ਗੋਬਿੰਦ ਸਿੰਘ ਨੇ ਬਾਬਾ ਜੀ ਨੂੰ ਮਣਾਂ-ਮੂੰਹੀ ਸਤਿਕਾਰ ਬਖਸ਼ਿਆ। ਫਰਿਆਦੀ ਦੀ ਪਤਨੀ ਉਸ ਦੇ ਹਵਾਲੇ ਕੀਤੀ ਗਈ ਅਤੇ ਕੁਕਰਮੀ ਜਾਬਰ ਖਾਂ ਨੂੰ ਢੁੱਕਵੀ ਸਜ਼ਾ ਦਿੱਤੀ ਗਈ।

ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਮੁਗਲਾਂ ਅਤੇ ਪਹਾੜੀਆਂ ਦੇ ਹਮਲਿਆਂ ਦਾ ਸਾਹਿਬਾਜ਼ਾਦਾ ਅਜੀਤ ਸਿੰਘ ਨੇ ਬੜੇ ਹੀ ਦਲੇਰਾਨਾ ਅਤੇ ਸੂਝਪੂਰਵਕ ਢੰਗ ਨਾਲ ਸਾਹਮਣਾ ਕੀਤਾ। ਆਨੰਦਪੁਰ ਸਾਹਿਬ ਦੀ ਛੇਕੜਲੀ ਲੜਾਈ ਸਮੇਂ ਪਹਾੜੀ ਰਾਜਿਆਂ ਤੇ ਮੁਗਲਾਂ ਦੀਆਂ ਸਾਂਝੀਆ ਫੌਜਾਂ ਨੇ ਆਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮਾਂ ਘੇਰਾ ਪਾਈ ਰੱਖਿਆ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆ ਬਾਜਾਂ ਵਾਲੇ ਮਾਹੀ ਨੇ ਆਪਣੇ ਪਿਤਾ (ਗੁਰੂ ਤੇਗ ਬਹਾਦਰ) ਦੁਆਰਾ ਵਸਾਈ ਨਗਰੀ ਨੂੰ ਦਸੰਬਰ 1704 ਈ ਨੂੰ ਛੱਡ ਜਾਣ ਦਾ ਫੈਸਲਾ ਕਰ ਲਿਆ। ਗੁਰੂ ਪਰਿਵਾਰ ਅਤੇ ਖਾਲਸਾ ਫੌਜ ਅਜੇ ਸਰਸਾ ਨਦੀ ਦੇ ਨਜਦੀਕ ਪਹੁੰਚੇ ਹੀ ਸਨ ਕਿ ਦੁਸ਼ਮਣ ਦੀ ਫੌਜ ਨੇ ਆ ਹਮਲਾ ਕੀਤਾ।

ਸਾਹਿਬਾਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਕੁੱਝ ਸ਼ੇਰ ਦਿਲ ਸਿੰਘਾਂ ਨੇ ਦੁਸ਼ਮਣ ਦੇ ਟਿੱਡੀ ਦਲ ਨੂੰ ਉਨ੍ਹਾਂ ਚਿਰ ਤੱਕ ਰੋਕੀ ਰੱਖਿਆ ਜਿਨ੍ਹਾਂ ਵਿਚ ਤੱਕ ਗੁਰੂ ਪਿਤਾ ਅਤੇ ਉਨ੍ਹਾਂ ਦੇ ਸਹਿਯੋਗੀ ਸਰਸਾ ਨਦੀ ਵਿਚ ਨਾ ਠਿੱਲ੍ਹ ਪਏ। ਪਿੱਛੋਂ ਉਹ ਆਪਣੇ ਸਾਥੀਆਂ ਸਮੇਤ ਆਪ ਵੀ ਨਦੀ ਪਾਰ ਕਰ ਗਏ। ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਅਤੇ ਖਾਲਸਾਈ ਫੌਜ ਦੇ ਕੁੱਝ ਕੁ ਗਿਣਤੀ (40) ਦੇ ਸਿੰਘਾਂ ਨੇ ਚਮਕੌਰ ਸਾਹਿਬ ਵਿਖੇ ਚੋਧਰੀ ਬੁਧੀ ਚੰਦ ਦੀ ਇਕ ਗੜ੍ਹੀਨੁਮਾ ਕੱਚੀ ਹਵੇਲੀ ਦੀ ਸ਼ਰਨ ਲੈ ਲਈ। ਇਸ ਗੜ੍ਹੀ ਵਿਚਲੀ ਓਟ ਸਦਕਾ ਗੁਰੂ ਸਾਹਿਬ ਨੇ ਦੁਸ਼ਮਣ ਦੀ ਫੌਜ ਨਾਲ ਲੋਹਾ ਲੈਣ ਦਾ ਮਨ ਬਣਾ ਲਿਆ। ਪੰਜ-ਪੰਜ ਸਿੰਘਾਂ ਦੇ ਜਥੇ ਵਾਰੀ-ਵਾਰੀ ਦੁਸ਼ਮਣਾਂ ਨਾਲ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ।

ਸਿੰਘਾਂ ਨੂੰ ਜੂਝਦਿਆਂ ਦੇਖ ਕੇ ਬਾਬਾ ਅਜੀਤ ਸਿੰਘ ਦਾ ਖੂਨ ਵੀ ਉਬਾਲੇ ਖਾਣ ਲੱਗਿਆ। ਜਦੋਂ ਉਨ੍ਹਾਂ ਨੇ ਗੁਰੂ ਪਿਤਾ ਕੋਲੋਂ ਮੈਦਾਨੇ-ਏ-ਜੰਗ ਵਿਚ ਜਾਣ ਦੀ ਆਗਿਆ ਮੰਗੀ ਤਾਂ ਕਲਗੀਧਰ ਪਾਤਸ਼ਾਹ ਨੇ ਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਕਿਹਾ “ਲਾਲ ਜੀਓ! ਜਦ ਮੈਂ ਆਪਣੇ ਪਿਤਾ (ਗੁਰੂ ਤੇਗ ਬਹਾਦਰ) ਜੀ ਨੂੰ ਸ਼ਹੀਦ ਹੋਣ ਲਈ ਘੱਲਿਆ ਸੀ ਤਾਂ ਉਸ ਸਮੇਂ ਮੈਂ ਆਪਣਾ ਧਰਮੀ ਪੁੱਤਰ ਹੋਣ ਦਾ ਫਰਜ ਅਦਾ ਕੀਤਾ ਸੀ। ਉਸੇ ਹੀ ਤਰਜ਼ ਤੇ ਅੱਜ ਮੈਂ ਤੈਨੂੰ ਰਣ-ਤੱਤੇ ਵਲ ਭੇਜ ਕੇ ਧਰਮੀ ਪਿਤਾ ਬਣਨਾ ਚਾਹੁੰਦਾ ਹਾਂ। ਵਾਹਿਗੁਰੂ ਨੇ ਮੈਨੂੰ ਏਥੇ ਭੇਜਿਆ ਹੀ ਇਸ ਵਾਸਤੇ ਹੈ।

ਦਸਵੇਂ ਪਾਤਸ਼ਾਹ ਨੇ ਏਨੀ ਖੁਸ਼ੀ ਅਤੇ ਉਤਸ਼ਾਹ ਨਾਲ ਸਾਹਿਬਜ਼ਾਦੇ ਨੂੰ ਜੰਗ ਵਲ ਤੋਰਿਆ ਜਿੰਨੇ ਚਾਅ ਨਾਲ ਜੰਵ ਚਾੜ੍ਹੀਦੀ ਹੈ। ਸੀਸ ਉਪਰ ਹੀਰਿਆ ਨਾਲ ਜੜੀ ਸੁੰਦਰ ਕਲਗੀ ਝਲਕਾਂ ਮਾਰ ਰਹੀ ਸੀ। ਜਦੋਂ ਉਹ ਬਾਹਰ ਨਿਕਲੇ ਤਾਂ ਮੁਗਲਾਂ ਦੀਆਂ ਫੌਜਾਂ ਨੂੰ ਲੱਗਾ ਕਿ ਜਿਵੇ ਹਜ਼ੂਰ ਆਪ ਹੀ ਗੜੀ ਵਿਚੋਂ ਬਾਹਰ ਆ ਗਏ ਹੋਣ। ਜਿਧਰ ਕਿਸੇ ਨੂੰ ਰਾਹ ਮਿਲਿਆ ਉਧਰ ਹੀ ਡਰਦਾ ਹੋਇਆ ਦੌੜ ਗਿਆ। ਵੱਡੀ ਗਿਣਤੀ ਵਿਚ ਵੈਰੀਆਂ ਨੂੰ ਸਦਾ ਦੀ ਨੀਂਦ ਬਖਸ਼ ਕੇ ਬਾਬਾ ਜੀ ਆਪ ਵੀ ਸ਼ਹਾਦਤ ਪ੍ਰਾਪਤ ਕਰ ਗਏ। ਸਾਰਾ ਜਿਸਮ ਤੀਰਾਂ ਤੇ ਤਲਵਾਰਾ ਨਾਲ ਛਲਣੀ ਹੋਇਆ ਪਿਆ ਸੀ, ਪਰ ਆਤਮਾ ਪਰਮਾਤਮਾ ਵਿਚ ਲੀਨ ਹੋਈ ਚੁੱਕੀ ਸੀ।
ਲਾਲ ਦੀ ਬਹਾਦਰੀ ਦੇਖ ਕੇ ਦਸਮੇਸ਼ ਪਿਤਾ ਜੀ ਕਹਿ ਰਹੇ ਸਨ, “ਬੇਟਾ ਅਜੀਤ! ਤੇਰੀ ਸ਼ਹਾਦਤ ਨੇ ਸਹੀ ਅਰਥਾਂ ਵਿਚ ਮੈਨੂੰ ਅਕਾਲ ਪੁਰਖ ਵੱਲੋਂ ਸੁਰਖਰੂ ਕਰ ਦਿੱਤਾ ਹੈ।”

ਸੰਪਰਕ: 9463132719

  • 112
  •  
  •  
  •  
  •