‘ਜੇ ਅਨੰਦਪੁਰ ਸਾਹਿਬ ਦਾ ਮਤਾ ਮਨਵਾ ਲਿਆ ਜਾਂਦਾ ਤਾਂ ਅੱਜ ਇਹ ਦਿਨ ਦੇਖਣੇ ਨਹੀਂ ਸੀ ਪੈਣੇ’

ਜੇ ਅਨੰਦਪੁਰ ਸਾਹਿਬ ਦਾ ਮਤਾ ਉਸ ਵੇਲੇ ਮਨਵਾ ਲਿਆ ਜਾਂਦਾ ਤਾਂ ਕੇਂਦਰ ਦੀ ਮਜਾਲ ਨਹੀਂ ਸੀ ਕਿ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਕੋਈ ਕਾਨੂੰਨ ਬਣਾ ਸਕਦਾ, ਫਿਰ ਇਹ ਦਿਨ ਦੇਖਣੇ ਨਾ ਪੈਂਦੇ ਜੋ ਅੱਜ ਦੇਖ ਰਹੇ ਹਾਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਡੈਮੋਕੇਟ੍ਰਿਕ ਦੇ ਸੀਨੀਅਰ ਆਗੂ ਜਥੇਦਾਰ ਰਣਜੀਤ ਸਿੰਘ ਤਲਵੰਡੀ ਤੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਹ ਮਤਾ ਮਨਵਾ ਲਿਆ ਜਾਂਦਾ ਤਾਂ ਨਾ ਧਰਮ ਯੁੱਧ ਮੋਰਚਾ ਲਗਾਉਣਾ ਪੈਂਦਾ, ਨਾ ਆਪਰੇਸ਼ਨ ਬਲਿਊ ਸਟਾਰ ਦੀ ਨੌਬਤ ਹੀ ਆਉਂਦੀ ਤੇ ਨਾ ਹੀ ਸਾਨੂੰ 10 ਸਾਲ ਦਾ ਸੰਤਾਪ ਹੰਢਾ ਕੇ ਹਜ਼ਾਰਾਂ ਨੌਜਵਾਨਾਂ ਦੀ ਸ਼ਹਾਦਤ ਦੇਣੀ ਪੈਂਦੀ । ਇੰਨਾ ਹੀ ਨਹੀਂ 1984 ਦਾ ਸਿੱਖ ਕਤਲੇਆਮ ਵੀ ਨਾ ਹੁੰਦਾ।

ਜਥੇਦਾਰ ਰਣਜੀਤ ਸਿੰਘ ਤਲਵੰਡੀ ਤੇ ਢੀਂਡਸਾ ਨੇ ਦੱਸਿਆ ਪਰ ਉਸ ਵੇਲੇ ਜਥੇਦਾਰ ਤਲਵੰਡੀ ਦੇ ਸਾਥੀ ਕੇਂਦਰ ਦੇ ਲਾਲਚ ਵਿੱਚ ਆ ਕੇ ਸਾਥ ਛੱਡ ਗਏ ਅਤੇ ਹੁਕਮਰਾਨੀਆ ਦੇ ਲਾਲਚ ਵਿੱਚ ਪੈ ਕੇ ਕੌਮ ਦਾ ਭਵਿੱਖ ਮਿੱਟੀ ਵਿਚ ਰੋਲ ਗਏ । ਅਕਾਲੀ ਦਲ ਦੇ ਆਗੂਆਂ ਨੇ ਧੋਖੇ ਨਾਲ ਇਹ ਮੋਰਚਾ ਚੁੱਕਵਾ ਦਿੱਤਾ ਅਤੇ ਜਥੇਦਾਰ ਤਲਵੰਡੀ ਨਾਲ ਅਕਾਲੀ ਦਲ ਦਾ ਕੋਈ ਵੀ ਲੀਡਰ ਨਹੀਂ ਖੜ੍ਹਿਆ। ਰਣਜੀਤ ਸਿੰਘ ਤਲੰਵਡੀ ਨੇ ਦੱਸਿਆ ਕਿ ਹੁਣ ਵੀ ਇਹ ਰਾਜਸੀ ਪਾਰਟੀਆਂ ਕਹਿਣ ਨੂੰ ਕਿਸਾਨਾਂ ਦੇ ਨਾਲ ਹਨ ਪਰ ਸਭ ਨੂੰ ਪਤਾ ਹੈ ਕਿ ਜਦੋਂ ਤੱਕ ਆਰਡੀਨੈਂਸ ਕਾਨੂੰਨ ਨਹੀਂ ਬਣ ਗਏ ਇਹ ਲੋਕ ਇੰਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਦਸਦੇ ਰਹੇ ਤੇ ਹੁਣ ਜਦੋਂ ਸਭ ਜੱਗ ਜਾਹਰ ਹੋ ਗਿਆ ਤਾਂ ਕਿਸਾਨਾਂ ਦੇ ਹੱਕ ਵਿਚ ਮਗਰਮੱਛੀ ਅੱਥਰੂ ਵਹਾਉਂਦਿਆਂ ਵਜੀਰੀ ਛੱਡਣ ਦਾ ਢੌਂਗ ਰਚਿਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜੋ ਅਸਲ ਵਿਚ ਰਾਜਾਂ ਦੇ ਅਧਿਕਾਰ ਬਚਾਉਣ ਦੀ ਲੜਾਈ ਦਾ ਪਹਿਲਾ ਕਦਮ ਹੈ, ਵਿਚ ਜਿੱਤ ਦੀ ਪ੍ਰਾਪਤੀ ਲਈ ਹਰ ਕੁਰਬਾਨੀ ਕਰਨ ਲਈ ਸਾਨੂੰ ਸਭ ਨੂੰ ਤਿਆਰ ਰਹਿਣਾ ਚਾਹੀਦਾ ਹੈ ਤਾਂ ਜੋ ਆਨੰਦਪੁਰ ਸਾਹਿਬ ਮਤੇ ਵੇਲੇ ਕੀਤੀ ਗਲਤੀ ਫਿਰ ਨਾ ਦੁਹਰਾ ਬੈਠੀਏ।

  • 729
  •  
  •  
  •  
  •