ਬਹਿਬਲ ਕਲਾਂ ਗੋਲੀਕਾਂਡ: ਸੁਮੇਧ ਸੈਣੀ ਅਤੇ ਉਮਰਾਨੰਗਲ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

ਬਹਿਬਲ ਗੋਲੀਕਾਂਡ ਵਿਚ ਮੁਲਜ਼ਮ ਵਜੋ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਮੁਅੱਤਲੀ ਅਧੀਨ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਇੱਥੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਵਿਚ ਚਲਦੇ ਮੁਕੱਦਮੇਂ ਤੱਕ ਅਗਾਂਊ ਜ਼ਮਾਨਤ ਦੀ ਅਰਜ਼ੀ ਲਾ ਕੇ ਗ੍ਰਿਫਤਾਰੀ ਉਪਰ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ’ਤੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਦੋਵਾਂ ਧਿਰਾ ਦੀ ਲੰਬੀ ਬਹਿਸ ਸੁਣਨ ਉਪਰੰਤ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ ਲੰਬੀ ਪੜਤਾਲ ਤੋਂ ਬਾਅਦ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅਤੇ ਮੁਅੱਤਲ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਦੇ ਖ਼ਿਲਾਫ਼ ਬਹਿਬਲ ਗੋਲੀਕਾਂਡ ‘ਚ 15 ਜਨਵਰੀ ਨੂੰ ਅਦਾਲਤ ‘ਚ ਚਲਾਨ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਨੇ ਸੁਮੇਧ ਸੈਣੀ ਦੇ 1 ਮਾਰਚ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹੋਏ ਹਨ, ਜਦਕਿ ਉਮਰਾਨੰਗਲ ਨੂੰ ਵੀ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਰ ਸੈਣੀ ਅਤੇ ਉਮਰਾਨੰਗਲ ਸੰਮਨਾ ਬਾਰੇ ਸੂਚਨਾ ਮਿਲਣ ’ਤੇ ਅਦਾਲਤ ‘ਚ ਪੇਸ਼ ਨਹੀਂ ਹੋਏ।

ਅਦਾਲਤ ਵਿੱਚ ਵਿਸ਼ੇਸ਼ ਜਾਂਚ ਟੀਮ ਅਤੇ ਪੁਲੀਸ ਅਧਿਕਾਰੀਆਂ ਦੇ ਵਕੀਲਾਂ ਦਰਮਿਆਨ ਹੋਈ ਬਹਿਸ ’ਚ ਖੁਲਾਸਾ ਹੋਇਆ ਕਿ ਵਿਸ਼ੇਸ਼ ਜਾਂਚ ਟੀਮ ਸੁਮੇਧ ਸੈਣੀ ਤੋਂ ਬਾਅਦ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਸਕਦੀ ਹੈ। ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਬਹਿਬਲ ਗੋਲੀ ਕਾਂਡ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਮਗਰੋਂ ਪੁਲੀਸ ਅਧਿਕਾਰੀ ਇੱਕ-ਦੂਜੇ ਨੂੰ ਸ਼ੁੱਭ-ਇੱਛਾਵਾਂ ਦੇ ਰਹੇ ਸਨ। ਉਮਰਾਨੰਗਲ ਅਤੇ ਡੀ.ਜੀ.ਪੀ. ਦੀ ਬਹਿਬਲ ਗੋਲੀ ਕਾਂਡ ਦੌਰਾਨ ਕੁਝ ਘੰਟਿਆਂ ਵਿੱਚ ਹੀ ਫੋਨ ’ਤੇ 22 ਵਾਰ ਗੱਲਬਾਤ ਹੋਈ।

  • 114
  •  
  •  
  •  
  •