ਭੀਮਾ ਕੋਰੇਗਾਓਂ ਮਾਮਲਾ: ਅਮਰੀਕੀ ਅਖ਼ਬਾਰ ਦੀ ਰਿਪੋਰਟ ‘ਚ ਹੈਰਾਨੀਜਨਕ ਖੁਲਾਸਾ

ਮਹਾਰਾਸ਼ਟਰ, ਪੁਣੇ ਦੇ ਭੀਮਾ ਕੋਰੇਗਾਓਂ ਵਿੱਚ ਸਾਲ 2018 ਵਿੱਚ ਹੋਈ ਹਿੰਸਾ ਬਾਰੇ ਹੁਣ ਤੱਕ ਹੋਈ ਜਾਂਚ ਅਤੇ ਗ੍ਰਿਫ਼ਤਾਰੀਆਂ ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਮਗਰੋਂ ਕੌਮਾਂਤਰੀ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਇਸ ਰਿਪੋਰਟ ਨਾਲ ਜਾਂਚ ਅਤੇ ਇਸ ਹਿੰਸਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਕਈ ਖੱਬੇ ਪੱਖੀ ਕਾਰਕੁਨਾਂ ਅਤੇ ਬੁੱਧੀਜੀਵੀਆਂ ਦੀ ਰਿਹਾਈ ਦੇ ਰਸਤੇ ਵੀ ਖੁੱਲ੍ਹ ਸਕਦੇ ਹਨ।

ਛਪੀ ਰਿਪੋਰਟ ਅਨੁਸਾਰ ਵਾਸ਼ਿੰਗਟਨ ਪੋਸਟ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਘੱਟੋ-ਘੱਟ ਇੱਕ ਵਿਅਕਤੀ ਖ਼ਿਲਾਫ਼ ਸਬੂਤ ਉਸਦੇ ਲੈਪਟਾਪ ਵਿੱਚ ਰੱਖੇ ਗਏ ਸਨ। ਇਹ ਦਾਅਵਾ ਅਮਰੀਕਾ ਦੀ ਇੱਕ ਸਾਈਬਰ ਫੌਰੈਂਸਿਕ ਲੈਬ ਦੀ ਜਾਂਚ ਨੂੰ ਅਧਾਰ ਮੰਨ ਕੇ ਕੀਤਾ ਹੈ। ਇਹ ਰਿਪੋਰਟ ਆਉਣ ਨਾਲ ਰੋਨਾ ਵਿਲਸਨ ਅਤੇ ਹੋਰ ਮੁਲਜ਼ਮਾਂ ਦੇ ਵਕੀਲਾਂ ਨੇ ਮੁੰਬਈ ਹਾਈ ਕੋਰਟ ਵਿੱਚ ਪਟੀਸ਼ਨ ਲਾ ਕੇ ਇਲਜ਼ਾਮ ਰੱਦ ਕਰਨ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਹਾਈ ਕੋਰਟ ਵਿੱਚ ਦਾਇਰ ਅਰਜ਼ੀ ਮੁਤਾਬਕ ਰੋਨਾ ਵਿਲਸਨ ਦੇ ਵਕੀਲਾਂ ਨੇ ਜ਼ਬਤ ਕੀਤੇ ਗਏ ਸਮਾਨ ਦੀ ਫੌਰੈਂਸਿਕ ਜਾਂਚ ਲਈ ਅਮਰੀਕਾ ਦੀ ਬਾਰ ਐਸੋਸੀਏਸ਼ਨ ਤੋਂ ਮਦਦ ਮੰਗੀ ਸੀ।

ਜਾਣਕਾਰੀ ਅਨੁਸਾਰ ਪਟੀਸ਼ਨ ਵਿੱਚ ਆਰਸਨਲ ਕੰਸਲਟਿੰਗ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਰੋਨਾ ਵਿਲਸਨ ਦੇ ਲੈਪਟਾਪ ਵਿੱਚ ਪਹਿਲਾ ਦਸਤਾਵੇਜ਼ ਉਸ ਦੀ ਗ੍ਰਿਫਤਾਰੀ ਤੋਂ 22 ਮਹੀਨੇ ਪਹਿਲਾਂ ਰੱਖਿਆ ਗਿਆ ਸੀ। ਉਨ੍ਹਾਂ ਨੂੰ ਇੱਕ ਫੋਲਡਰ ਵਿੱਚ ਰੱਖਿਆ ਗਿਆ ਸੀ ਜੋ ਲੁਕਵੇਂ ਢੰਗ (ਹਿਡਨ) ਨਾਲ ਬਣਾਇਆ ਗਿਆ ਸੀ ਅਤੇ 22 ਮਹੀਨਿਆਂ ਦੌਰਾਨ, ਸਮੇਂ-ਸਮੇਂ ‘ਤੇ ਪਟੀਸ਼ਨਰ ਦੇ ਲੈਪਟਾਪ ਉੱਪਰ ਉਨ੍ਹਾਂ ਦੀ ਜਾਣਕਾਰੀ ਦੇ ਉਨ੍ਹਾਂ ਨੂੰ ਰੱਖਿਆ ਗਿਆ ਸੀ। ਅਰਜ਼ੀ ਵਿੱਚ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਵਿਲਸਨ ਦਾ ਲੈਪਟਾਪ ਕਈ ਵਾਰ ਰਿਮੋਟਲੀ ਕੰਟਰੋਲ ਕੀਤਾ ਗਿਆ ਸੀ।

ਵਾਸ਼ਿੰਗਟਨ ਪੋਸਟ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਰਿਪੋਰਟ ਦੀ ਤਫ਼ਤੀਸ਼ ਅਮਰੀਕਾ ਵਿੱਚ ਤਿੰਨ ਸੁਤੰਤਰ ਮੈਲਵੇਅਰ ਮਾਹਰਾਂ ਤੋਂ ਕਰਵਾਈ ਹੈ ਅਤੇ ਉਨ੍ਹਾਂ ਸਾਰਿਆਂ ਨੇ ਇਸ ਰਿਪੋਰਟ ਨੂੰ ਸਹੀ ਕਰਾਰ ਦਿੱਤਾ ਹੈ। ਜਿਕਰਯੋਗ ਹੈ ਕਿ ਇਸ ਕੇਸ ਵਿੱਚ ਰੋਨਾ ਵਿਲਸਨ, ਵਰਾਵਰਾ ਰਾਓ, ਸੁਧਾ ਭਾਰਦਵਾਜ, ਗੌਤਮ ਨਵਲਖਾ ਸਮੇਤ 14 ਤੋਂ ਵੱਧ ਸਮਾਜ ਸੇਵੀਆਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਇਸ ਰਿਪੋਰਟ ਨਾਲ ਹਾਲੇ ਹੋਰ ਵੀ ਖੁਲਾਸੇ ਜੁੜਨ ਦੀ ਉਮੀਦ ਹੈ। ਰਿਪੋਰਟ ਸਹੀ ਹੋਣ ’ਤੇ ਸਭ ਤੋਂ ਵੱਡਾ ਸਵਾਲ ਇਹੀ ਉੱਠੇਗਾ ਕਿ ਰੋਨਾ ਵਿਲਸਨ ਦੇ ਕੰਪਿਊਟਰ ਨਾਲ ਛੇੜ-ਛਾੜ ਕਿਸ ਨੇ ਕੀਤੀ ਅਤੇ ਅਜਿਹਾ ਕਿਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤਾ ਗਿਆ। ਇਹ ਰਿਪੋਰਟ ਵੱਡੇ ਸਵਾਲ ਉਠਾਉਂਦੀ ਹੈ ਅਤੇ ਸਰਕਾਰ ਤੇ ਐੱਨਆਈਏ ਨੂੰ ਇਨ੍ਹਾਂ ਦਾ ਗੰਭੀਰਤਾ ਨਾਲ ਜਵਾਬ ਦੇਣਾ ਚਾਹੀਦਾ ਹੈ।

ਮਾਮਲੇ ਦੀ ਸੰਖੇਪ ਜਾਣਕਾਰੀ ਇਹ ਹੈ ਕਿ 31 ਦਸੰਬਰ 2017 ਨੂੰ ਐਲਗਰ ਪ੍ਰੀਸ਼ਦ ਨੇ ਮਹਾਰਾਸ਼ਟਰ ’ਚ ਦਲਿਤ ਮਹਾਰ ਰਜਮੈਂਟ ਵੱਲੋਂ ਪੇਸ਼ਵਾ ਦੀ ਫ਼ੌਜ ਨੂੰ ਹਰਾਉਣ ਦੇ 200 ਸਾਲ ਮਨਾਉਣ ’ਤੇ ਸਮਾਗਮ ਕੀਤਾ ਸੀ। ਦੇਸ਼ ਭਰ ਤੋਂ ਕਲਾਕਾਰਾਂ ਤੇ ਸਮਾਜਿਕ ਖੇਤਰ ’ਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ ਸਮਾਗਮ ’ਚ ਹਿੱਸਾ ਲਿਆ। ਇਸ ਦੌਰਾਨ ਹਿੰਸਾ ਹੋਈ ਤੇ ਕੁਝ ਗ੍ਰਿਫ਼ਤਾਰੀਆਂ ਹੋਈਆਂ। ਇਸ ਵਰ੍ਹੇਗੰਢ ਦੇ ਸਮਾਗਮਾਂ ਦੇ ਇੰਤਜ਼ਾਮੀਆ ਸੰਗਠਨ ਐਲਗਾਰ ਪਰਿਸ਼ਦ ਦੇ ਕਈ ਮੈਂਬਰਾਂ ਅਤੇ ਦਲਿਤ ਹੱਕਾਂ ਦੇ ਉੱਘੇ ਕਾਰਕੁਨਾਂ ਨੂੰ ਵੱਖੋ-ਵੱਖ ਸਮਿਆਂ ਉੱਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਉੱਪਰ ‘ਪ੍ਰਧਾਨ ਮੰਤਰੀ ਦੇ ਕਤਲ ਦੀ ਸਾਜਿਸ਼’ ਕਰਨ ਤੋਂ ਇਲਾਵਾ ‘ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼’ ਕਰਨ ਦੇ ਇਲਜ਼ਾਮ ਲਾਏ ਗਏ ਸਨ। ਫਿਲਹਾਲ ਇਹ ਸਾਰੇ ਜੇਲ੍ਹ ਵਿੱਚ ਹਨ।

  • 52
  •  
  •  
  •  
  •