ਬੰਗਾਲ ਦੇ ਮੈਂਬਰ ਪਾਰਲੀਮੈਂਟ ਬਨਾਮ ਪੰਜਾਬੀ ਲੋਕ

-ਗੁਰਪ੍ਰੀਤ ਸਿੰਘ ਮੰਡਿਆਣੀ

ਬੰਗਾਲ ਤੋਂ ਮੈਂਬਰ ਲੋਕ ਸਭਾ 40 ਸਾਲਾ ਬੀਬੀ ਮਹੂਆ ਮੋਇਤਰਾ ਵੱਲੋਂ ਬੀਤੀ 10 ਫਰਵਰੀ ਨੂੰ ਕੀਤੀ ਗਈ ਕੜਾਕੇਦਾਰ ਤਕਰੀਰ ਅੱਜ ਕੱਲ ਸ਼ੋਸਲ ਮੀਡੀਆ ’ਤੇ ਛਾਈ ਹੋਈ ਹੈ। ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਦੀ ਖੜੀ ਕੀਤੀ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਤੇ ਅਮਰੀਕਾ ਦੀ ਪੋਸਟ ਗਰੈਜੂਏਟ ਇਸ ਨੌਜੁਆਨ ਬੀਬੀ ਦੀ ਤਕਰੀਰ ਦਾ ਬਹੁਤਾ ਹਿੱਸਾ ਕਿਸਾਨੀ ਅੰਦੋਲਨ ਬਾਬਤ ਸੀ। ਅੰਗਰੇਜੀ ਵਿੱਚ ਕੀਤੀ ਇਸ ਤਕਰੀਰ ਨੂੰ ਜੇ ਸਰਸਰੀ ਨਜ਼ਰ ਨਾਲ ਵੀ ਦੇਖੀਏ ਤਾਂ ਇਹੋ ਜਿਹੀ ਤਕਰੀਰ ਪੰਜਾਬ ਦੇ ਕਿਸੇ ਐਮ.ਪੀ ਦੇ ਮੂੰਹੋਂ ਕਦੇ ਨਹੀਂ ਸੁਣੀ ਗਈ । ਇਹੋ ਜਿਹੀ ਸਪੀਚ ਉਹੀ ਬੰਦਾ ਤਿਆਰ ਕਰ ਸਕਦਾ ਹੈ, ਜਿਹੜਾ ਹੋਰ ਗੁਣਾਂ ਤੋਂ ਇਲਾਵਾ ਨਿੱਤ ਕਈ-ਕਈ ਘੰਟੇ ਕੰਪਿਊਟਰ ’ਤੇ ਬੈਠਦਾ ਹੋਵੇ ਤੇ ਕਿਤਾਬਾਂ ਪੜ੍ਹਨ ਦਾ ਮੁੱਢ ਤੋਂ ਹੀ ਆਦੀ ਹੋਵੇ। ਬੀਬੀ ਮੋਇਤਰਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਮਰਹੂਮ ਲਾਲ ਬਹਾਦਰ ਸ਼ਾਸਤਰੀ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਨਾਲ ਕੀਤਾ, ਉਹ ਇਕਰਾਰ ਵੀ ਯਾਦ ਕਰਾਇਆ ਜਿਸ ਵਿੱਚ ਸ਼ਾਸਤਰੀ ਜੀ ਨੇ ਫਸਲਾਂ ਨੂੰ ਮੁਕੱਰਰ ਸ਼ੁਦਾ ਭਾਅ ’ਤੇ ਸਰਕਾਰੀ ਖ੍ਰੀਦ ਦੀ ਗਰੰਟੀ ਦਿੱਤੀ ਸੀ। ਹੈਰਾਨੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਨਾਲ ਹੋਏ ਕਿਸੇ ਅਜਿਹੇ ਇਕਰਾਰਨਾਮੇ ਦਾ ਪੰਜਾਬ ਵਿੱਚ ਕਿਸੇ ਨੂੰ ਇਲਮ ਨਹੀਂ ਹੈ।

ਇੱਥੇ ਬੀਬੀ ਮੋਇਤਰਾ ਦੀ ਤਕਰੀਰ ਦਾ ਮੁਕਾਬਲਾ ਪੰਜਾਬ ਦੇ ਐਮ.ਪੀਆਂ ਨਾਲ ਕਰਨਾ ਮਕਸਦ ਨਹੀਂ ਹੈ, ਬਲਕਿ ਇੱਥੇ ਇਹ ਦੇਖਣਾ ਬਣਦਾ ਹੈ ਬੰਗਾਲੀ ਅਤੇ ਪੰਜਾਬੀ ਲੋਕ ਆਪਦੇ ਪਾਰਲੀਮੈਂਟ ਮੈਂਬਰਾਂ ਤੋਂ ਕੀ ਉਮੀਦ ਰੱਖਦੇ ਹਨ। ਇਹ ਗੱਲ ਕੁਦਰਤੀ ਹੈ ਕਿ ਵੋਟਾਂ ਰਾਂਹੀ ਜਿੱਤਣ ਵਾਲਾ ਹਰੇਕ ਪਬਲਿਕ ਨੁਮਾਇੰਦਾ ਆਪਦੇ ਵੋਟਰਾਂ ਦੇ ਟੇਸਟ ਨੂੰ ਸਭ ਤੋਂ ਪਹਿਲਾ ਮੂਹਰੇ ਰੱਖਦਾ ਹੈ। ਮਿਸਾਲ ਦੇ ਤੌਰ ’ਤੇ ਬਜਟ ਸੈਸ਼ਨ ਵਿੱਚ ਪੰਜਾਬ ਦੇ ਸਾਰੇ ਐਮ.ਪੀਆਂ ਨੇ ਪੰਜਾਬੀ ਵਿੱਚ ਆਪਦੀ ਗੱਲ ਰੱਖੀ। ਪੰਜਾਬ ਵਿੱਚੋਂ ਕਿਸੇ ਨੇ ਇਹ ਇਤਰਾਜ ਨਹੀਂ ਕੀਤਾ ਕਿ ਸਾਡੇ ਐਮ.ਪੀ ਹਿੰਦੀ ਜਾਂ ਅੰਗਰੇਜੀ ਵਿੱਚ ਕਿਉਂ ਨਹੀਂ ਬੋਲੇ। ਪੰਜਾਬ ਦੇ ਐਮ.ਪੀਆਂ ਨੂੰ ਪੰਜਾਬੀ ਵਿੱਚ ਬੋਲਕੇ ਪੰਜਾਬ ਵਿੱਚ ਤਾਂ ਆਪਦੀ ਗੱਲ ਵਧੀਆਂ ਤਰੀਕੇ ਨਾਲ ਪਹੁੰਚਾ ਦਿੱਤੀ ਪਰ ਉਹ ਕਿਸਾਨੀ ਦਾ ਦਰਦ ਸਮੁੱਚੇ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਪੁੱਜਦਾ ਕਰਨ ਵਿੱਚ ਨਾਕਾਮਯਾਬ ਰਹੇ, ਹਲਾਂਕਿ ਸਮੇਂ ਦੀ ਲੋੜ ਇਹ ਸੀ ਕਿ ਇਹ ਗੱਲਾਂ ਭਾਰਤ ਅਤੇ ਭਾਰਤ ਤੋਂ ਬਾਹਰ ਵੀ ਪੁੱਜਦੀਆਂ ਕੀਤੀਆਂ ਜਾਣ। ਹਾਲਾਂਕਿ ਪੰਜਾਬ ਦੇ ਐਮ ਪੀ ਜੋ ਬੋਲੇ ਨੇ ਉਹ ਸਾਰੀਆਂ ਗੱਲਾਂ ਤੋਂ ਪੰਜਾਬ ਦੇ ਲੋਕ ਭਲੀ ਭਾਂਤ ਵਾਕਿਫ ਨੇ, ਮੌਕੇ ਦੀ ਜ਼ਰੂਰਤ ਸਰਕਾਰ ਨੂੰ ਸੁਨਾਉਣ ਦੀ ਨਹੀਂ ਸੀ ਬਲਕਿ ਕੌਮੀ ਤੇ ਕੌਮਾਂਤਰੀ ਭਾਈਚਾਰੇ ਤੱਕ ਆਪਦਾ ਪੱਖ ਦੱਸਣਾ ਮੌਕੇ ਦੀ ਲੋੜ ਸੀ।

ਹੁਣ ਗੱਲ ਕਰੀਏ ਪੰਜਾਬ ਦੇ ਲੋਕਾਂ ਅਤੇ ਬੰਗਾਲੀਆਂ ਦੇ ਟੇਸਟ ਦੀ। ਬੰਗਾਲ ਦੇ ਮੈਂਬਰ ਪਾਰਲੀਮੈਂਟ ਮੈਂਬਰਾਂ ਦੀਆਂ ਤਕਰੀਰਾਂ ਹਮੇਸ਼ਾਂ ਹੀ ਔਸਤ ਨਾਲੋਂ ਉੱਚ ਪਾਏ ਦੀਆਂ ਹੁੰਦੀਆਂ ਹਨ। ਇਹ ਗੱਲ ਕੁਦਰਤੀ ਹੈ ਕਿ ਇਹ ਸਪੀਚਾਂ ਬੰਗਾਲੀ ਲੋਕਾਂ ਦੇ ਮਨ ਨੂੰ ਭਉਂਦੀਆਂ ਵੀ ਹੋਣਗੀਆਂ । ਪੰਜਾਬੀ ਲੋਕਾਂ ਦੀ ਆਪਦੇ ਐਮ.ਪੀਆਂ ਤੋਂ ਜਿਆਦਾ ਇਹ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੇ ਐਮ.ਪੀ. ਲੋਕਾਂ ਦੇ ਭੋਗ, ਮੰਗਣੇ ਅਤੇ ਵਿਆਹਾਂ ਵਿੱਚ ਜਰੂਰ ਸ਼ਿਰਕਤ ਕਰਨ, ਟੂਰਨਾਂਮੈਂਟਾਂ ਅਤੇ ਹੋਰ ਸਮਾਜਿਕ ਫੰਕਸ਼ਨਾਂ ਵਿੱਚ ਜਰੂਰ ਹਾਜ਼ਰੀ ਭਰਨ। ਐਮ.ਪੀਜ ਤੋਂ ਗਰਾਂਟਾ ਲੈਣ ਜਾਂ ਕੰਮ ਕਰਾਉਣੇ ਵੀ ਪੰਜਾਬੀ ਲੋਕਾਂ ਦੇ ਏਜੰਡੇ ਵਿੱਚ ਹਮੇਸ਼ਾਂ ਰਹਿੰਦੇ ਹਨ। ਕੋਈ ਸਿਟਿੰਗ ਐਮਪੀ ਜਦੋਂ ਦੁਬਾਰਾ ਵੋਟਾਂ ਵਿਚ ਖੜ੍ਹਦਾ ਹੈ ਤਾਂ ਉਹਦੇ ਵੱਲੋਂ ਲੋਕ ਸਭਾ ਸੈਸ਼ਨਾਂ ਵਿਚ ਦਿਖਾਈ ਗਈ ਕਾਰਗੁਜ਼ਾਰੀ ਕਿਸੇ ਪੜਚੋਲ ਵਿੱਚ ਨਹੀਂ ਆਉਂਦੀ ਬਲਕਿ ਹਲਕੇ ਵਿੱਚ ਨਾ ਆਉਣਾ ਦਾ ਹੀ ਜ਼ਿਆਦਾਤਰ ਉਲਾਂਭਾ ਦਿੱਤਾ ਜਾਂਦਾ ਹੈ। ਸੋ ਪੰਜਾਬੀ ਲੋਕ ਆਪਣੇ ਐਮ ਪੀਜ ਤੋਂ ਚਾਹੁੰਦੇ ਨੇ ਉਸ ਕਾਸੇ ਨੂੰ ਪਾਰਲੀਮੈਂਟ ਮੈਂਬਰ ਸਾਹਮਣੇ ਰੱਖਦੇ ਹਨ ਬੰਗਾਲ ਦੇ ਐਮ ਪੀ ਉਹ ਗੱਲਾਂ ਉੱਥੇ ਕੰਮ ਕਰਦੇ ਨੇ ਜੋ ਬੰਗਾਲੀ ਲੋਕ ਚਾਹੁੰਦੇ ਹਨ।

  •  
  •  
  •  
  •  
  •