ਕਿਸਾਨ ਆਗੂ ਸਰਕਾਰੀ ਹਿੰਸਾ ਦੇ ਸ਼ਿਕਾਰ ਨੌਜਵਾਨਾਂ ਨਾਲ ਖੜ੍ਹੇ ਹੋਣ: ਹਰਦੀਪ ਸਿੰਘ ਡਿਬਡਿਬਾ

26 ਜਨਵਰੀ ਦੀ ਘਟਨਾਕ੍ਰਮ ‘ਚ ਸ਼ਹੀਦ ਹੋਏ 22 ਸਾਲਾ ਨਵਰੀਤ ਸਿੰਘ ਦੇ ਦਾਦਾ ਸ: ਹਰਦੀਪ ਸਿੰਘ ਡਿਬਡਿਬਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸਰਕਾਰ ਤੇ ਇਸ ਦੇ ਹਮਾਇਤੀ ਮੀਡੀਏ ਨੇ ਉਸ ਦਿਨ ਦਿੱਲੀ ‘ਚ ਹਿੰਸਾ ਦਾ ਅਜਿਹਾ ਹੋ ਹੱਲਾ ਖੜ੍ਹਾ ਕੀਤਾ ਕਿ ਕਿਸਾਨ ਲੀਡਰਸ਼ਿਪ ਤੇ ਪੰਜਾਬ ਦੀ ਸਮੁੱਚੀ ਸਿਆਸੀ ਲੀਡਰਸ਼ਿਪ ਵੀ ਉਸੇ ਵਹਿਣ ‘ਚ ਵਹਿ ਤੁਰੀ ਤੇ ਲਾਲ ਕਿਲ੍ਹੇ ਤੇ ਆਈ.ਟੀ.ਓ. ਚੌਕ ‘ਚ ਹੋਈ ਸਰਕਾਰੀ ਹਿੰਸਾ ਦੇ ਸ਼ਿਕਾਰ ਨੌਜਵਾਨਾਂ ਤੇ ਕਿਸਾਨਾਂ ਵਲੋਂ ਮੂੰਹ ਮੋੜ ਬੈਠੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਲੋੜ ਇਹ ਹੈ ਕਿ ਉਸ ਦਿਨ ਹੋਈ ਸਰਕਾਰੀ ਹਿੰਸਾ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਉਠਾਈ ਜਾਵੇ ਤੇ ਸ਼ਿਕਾਰ ਲੋਕਾਂ ਦੀ ਡਟ ਕੇ ਮਦਦ ਕੀਤੀ ਜਾਵੇ।

ਸ. ਡਿਬਡਿਬਾ ਨੇ ਆਖਿਆ ਕਿ 26 ਜਨਵਰੀ ਨੂੰ ਦਿੱਲੀ ’ਚ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਲਈ ਕੇਂਦਰ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਉਸ ਦਿਨ ਕਿਸਾਨਾਂ ਨੇ ਨਹੀਂ ਸਗੋਂ ਸਰਕਾਰ ਨੇ ਹਿੰਸਾ ਕੀਤੀ ਸੀ। ਇਸ ਦਾ ਜਿਊਂਦਾ ਜਾਗਦਾ ਸਬੂਤ ਨਵਰੀਤ ਸਿੰਘ ਦੀ ਮੌਤ ਹੈ। ਸੁਖਪਾਲ ਸਿੰਘ ਖਹਿਰਾ ਨੇ ਨਵਰੀਤ ਸਿੰਘ ਦੀ ਮੌਤ ਪੁਲਿਸ ਗੋਲੀ ਨਾਲ ਹੋਣ ਦੇ ਮੁੱਦੇ ਨੂੰ ਸੰਜੀਦਗੀ ਨਾਲ ਉਭਾਰਦਿਆਂ ਹਵਾਲਾ ਦਿੱਤਾ ਕਿ ਇੰਗਲੈਂਡ ਦੇ ਫੋਰੈਂਸਿਕ ਮਾਮਲਿਆਂ ਦੇ ਮਾਹਿਰ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਨਵਰੀਤ ਸਿੰਘ ਦੇ ਇਕ ਨਹੀਂ ਸਗੋਂ ਦੋ ਗੋਲੀਆਂ ਵੀ ਲੱਗੀਆਂ ਹੋ ਸਕਦੀਆਂ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਅਸੀਂ ਇਸ ਵੇਲੇ ਕਿਸੇ ਆਗੂ ਦੀ ਨੁਕਤਾਚੀਨੀ ਕਰਕੇ ਸੰਘਰਸ਼ ‘ਚ ਭੰਬਲਭੂਸਾ ਨਹੀਂ ਪੈਦਾ ਕਰਨਾ ਚਾਹੁੰਦੇ ਸਗੋਂ ਸਾਡੀ ਸਮੂਹ ਕਿਸਾਨ ਲੀਡਰਸ਼ਿਪ ਤੇ ਸਿਆਸੀ ਜਮਾਤ ਨੂੰ ਇਹ ਅਪੀਲ ਹੈ ਕਿ ਮੋਦੀ ਹਕੂਮਤ ਵਲੋਂ ਦਿੱਲੀ ਹਿੰਸਾ ‘ਚ ਫੈਸਲੇ ਭਰਮ ਨੂੰ ਤੋੜ ਤੇ ਸਰਕਾਰੀ ਹਿੰਸਾ ਦਾ ਸ਼ਿਕਾਰ ਹੋਣ ਵਾਲੇ ਸਭਨਾਂ ਨੂੰ ਆਪਣੇ ਕਲਾਵੇ ‘ਚ ਲੈ ਕੇ ਉਨ੍ਹਾਂ ਦੀ ਡਟ ਕੇ ਹਮਾਇਤ ਕੀਤੀ ਜਾਵੇ। ਖਹਿਰਾ ਨੇ ਕਿਹਾ ਕਿ ਉਹ ਦਿੱਲੀ ਪੁਲਿਸ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਹਰ ਪੱਖ ਤੋਂ ਹਮਾਇਤ ਲਈ ਇਕ ਪਲੇਟਫਾਰਮ ਖੜ੍ਹਾ ਕਰਨ ਲਈ ਹਮਿਖ਼ਆਲ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਤੇ ਕੋਸ਼ਿਸ਼ ਹੋਵੇਗੀ ਕਿ ਜਲਦੀ ਹੀ ਕੋਈ ਸੰਸਥਾ ਕਾਇਮ ਕੀਤੀ ਜਾਵੇ।

  • 150
  •  
  •  
  •  
  •