ਮੁਸਲਮਾਨ ਭਾਈਚਾਰਾ ਹਰ ਵੇਲੇ ਕਿਸਾਨਾਂ ਨਾਲ ਖੜ੍ਹਾ: ਮੌਲਾਨਾ ਨੋਮਾਨੀ

ਸਿੰਘੂ ਬਾਰਡਰ ਵਿਖੇ ਪਹੁੰਚੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਦੇ ਸਾਬਕਾ ਬੁਲਾਰੇ ਮੌਲਾਨਾ ਸੱਜਾਦ ਨੋਮਾਨੀ ਨੇ ਮੁਸਲਿਮ ਭਾਈਚਾਰੇ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਿੱਥੇ ਵੀ ਕਿਸਾਨਾਂ ਨੂੰ ਲੋੜ ਹੋਵੇਗੀ ਮੁਸਲਮਾਨ ਭਾਈਚਾਰਾ ਉਨ੍ਹਾਂ ਦੇ ਨਾਲ ਖੜ੍ਹਾ ਹੋਵੇਗਾ।

ਮੌਲਾਨਾ ਨੋਮਾਨੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੀ ਸਿਆਸਤ ਨੇ ਦੇਸ਼ ਨੂੰ ਪਿੱਛੇ ਧੱਕਿਆ ਹੈ। ਭਾਜਪਾ ਸਰਕਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦੇਸ਼ ਨੂੰ ਪੂੰਜੀਪਤੀਆਂ ਦੇ ਹੱਥਾਂ ਵਿਚ ਸੌਂਪ ਦਿੱਤਾ। ਹੁਣ ਖੇਤੀਬਾੜੀ ਨੂੰ ਪੂੰਜੀਪਤੀਆਂ ਨੂੰ ਸੌਂਪਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਦੇਸ਼ ਪੂਰੀ ਤਰ੍ਹਾਂ ਨਾਲ ਪੂੰਜੀਪਤੀਆਂ ਦਾ ਗੁਲਾਮ ਹੋ ਜਾਵੇਗਾ।

ਇਸ ਦੌਰਾਨ ਮੌਲਾਨਾ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਲੋਕ ਇਕੱਠੇ ਹੋਏ ਹਨ, ਇਸੇ ਤਰ੍ਹਾਂ ਸਰਕਾਰ ਵਲੋਂ ਲਿਆਂਦੇ ਬਾਕੀ ਕਾਨੂੰਨਾਂ ਲਈ ਵੀ ਇਕੱਠੇ ਹੋਣਗੇ। ਉਨ੍ਹਾਂ ਐੱਨ.ਆਰ.ਸੀ. ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਭੰਡੀ ਪ੍ਰਚਾਰ ਕਰਕੇ ਇਸ ਨੂੰ ਮੁਸਲਿਮ ਵਿਰੋਧੀ ਹੋਣ ਦਾ ਢੰਡੋਰਾ ਪਿੱਟਿਆ ਗਿਆ ਸੀ ਜਦਕਿ ਇਹ ਪੂਰੇ ਦੇਸ਼ ਦੇ 85 ਫ਼ੀਸਦੀ ਆਬਾਦੀ ਦੇ ਖ਼ਿਲਾਫ਼ ਕਾਨੂੰਨ ਸੀ।

ਮੌਲਾਨਾ ਨੇ ਗੋਦੀ ਮੀਡੀਆ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ 27 ਟੀ.ਵੀ. ਚੈਨਲ ਅਡਾਨੀ ਦੇ ਹਨ। ਇਸ ਦੌਰਾਨ ਮੌਲਾਨਾ ਨੇ ਕਿਸਾਨ ਅੰਦੋਲਨ ਦਾ ਪੂਰਨ ਸਮਰਥਨ ਕਰਨ ਅਤੇ ਹਰ ਖੇਤਰ ਵਿਚ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਕਿਸਾਨ ਮੋਰਚੇ ਵਲੋਂ ਮੌਲਾਨਾ ਨੋਮਾਨੀ ਨੂੰ ਸਨਮਾਨਿਤ ਕੀਤਾ ਗਿਆ।

  • 67
  •  
  •  
  •  
  •