ਕਸ਼ਮੀਰ: ਹਾਲਾਤ ਦਾ ਜਾਇਜ਼ਾ ਲੈਣ ਪੁੱਜਾ 24 ਵਿਦੇਸ਼ੀ ‘ਸਫ਼ੀਰਾਂ’ ਦਾ ਵਫ਼ਦ; ਸ਼ਹਿਰ ਰਿਹਾ ਬੰਦ

ਜੰਮੂ ਕਸ਼ਮੀਰ ਦਾ ਸਾਲ 2019 ’ਚ ਖ਼ਾਸ ਦਰਜਾ ਖ਼ਤਮ ਕੀਤੇ ਜਾਣ ਦੇ ਬਾਅਦ ਉੱਥੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਫ਼ਰਾਂਸ , ਯੂਰਪੀ ਸੰਘ ਅਤੇ ਮਲੇਸ਼ੀਆ ਸਣੇ 24 ਦੇਸ਼ਾਂ ਦੇ ਸਫ਼ੀਰ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਦੌਰੇ ’ਤੇ ਪਹੁੰਚੇ। ਸਾਰੇ ਰਾਜਦੂਤ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਦੇ ਮਾਗਮ ਬਲਾਕ ਪਹੁੰਚੇ।

ਖ਼ਬਰਾਂ ਅਨੁਸਾਰ ਸ੍ਰੀਨਗਰ ਨੂੰ ਵਫ਼ਦ ਦੇ ਜੰਮੂ-ਕਸ਼ਮੀਰ ਪਹੁੰਚਣ ਦੇ ਮੌਕੇ ‘ਤੇ ਬੰਦ ਦਾ ਕਰ ਦਿੱਤਾ ਗਿਆ। ਸ਼ਹਿਰ ਵਿਚਲੀਆਂ ਦੁਕਾਨਾਂ ਵੀ ਬੰਦ ਰਹੀਆਂ। ਸਥਾਨਕ ਪਾਰਟੀਆਂ ਨੇ ਕਿਹਾ ਕਿ ਇਹ ਇੱਕ ਅਖੌਤੀ ਦੌਰਾ ਹੈ ਕਿਉਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਫ਼ਦ ਕਸ਼ਮੀਰੀ ਲੋਕਾਂ ਦੀ ਹਕੀਕਤ ਜਾਣਨ ਲਈ ਆਇਆ ਹੈ ਪਰ ਸ਼ਹਿਰ ਨੂੰ ਬੰਦ ਕਰ ਦੇਣਾ ਸਚਾਈ ਲੁਕਾਉਣਾ ਹੈ। ਪਿਛਲੇ ਸਾਲੇ ਆਏ ਵਫ਼ਦ ਦੇ ਕੁੱਝ ਮੈਂਬਰਾਂ ਨੇ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਆਮ ਲੋਕਾਂ ਨਾਲ ਮਿਲਣ ਨਹੀਂ ਦਿੱਤਾ ਗਿਆ।

ਸਾਬਕਾ ਮੁੱਖ ਮੰਤਰੀ ਤੇ ਪੀ.ਡੀ.ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਵਫ਼ਦ ਆਉਂਦੇ-ਜਾਂਦੇ ਰਹਿੰਦੇ ਹਨ ਪਰ ਹਕੀਕਤ ਇਹ ਹੈ ਕਿ ਇਥੇ ਕੁਝ ਵੀ ਠੀਕ ਨਹੀਂ ਹੈ। ਉਕਤ ਪ੍ਰਗਟਾਵਾ ਮਹਿਬੂਬਾ ਨੇ ਹੰਦਵਾੜਾ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਮਹਿਬੂਬਾ ਉੱਤਰੀ ਕਸ਼ਮੀਰ ਦੇ 2 ਦਿਨ ਦੇ ਦੌਰੇ ‘ਤੇ ਹਨ। ਵਫ਼ਦ ਦੇ ਦੌਰੇ ਦੌਰਾਨ ਮਹਿਬੂਬਾ ਨੇ ਕੇਂਦਰ ਦੀ ਕਸ਼ਮੀਰ ਦੇ ਨੇਤਾਵਾਂ ਨੂੰ ਨਜ਼ਰਬੰਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਘਰਾਂ ‘ਚ ਕੈਦ ਕਰ ਦਿੱਤਾ ਜਾਂਦਾ ਹੈ, ਜਿਹੜੀ ਠੀਕ ਗੱਲ ਨਹੀਂ ਹੈ। ਕੁੱਝ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਘਰਾਂ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਹ ਲੋਕਤੰਤਰ ਦਾ ਅਜੋਕਾ ਮਾਡਲ ਹੈ।

ਵਫ਼ਦ ਵਿਚ ਚਿੱਲੀ, ਬ੍ਰਾਜ਼ੀਲ, ਕਿਊਬਾ, ਬੋਲੀਵੀਆ, ਐਸਟੋਨੀਆ, ਫਿਨਲੈਂਡ, ਫਰਾਂਸ, ਆਇਰਲੈਂਡ, ਨੀਦਰਲੈਂਡ, ਪੁਰਤਗਾਲ, ਯੂਰਪੀ ਯੂਨੀਅਨ, ਬੈਲਜੀਅਮ, ਸਪੇਨ, ਸਵੀਡਨ, ਇਟਲੀ, ਬੰਗਲਾਦੇਸ਼, ਮਲਾਵੀ, ਇਰੀਟ੍ਰੀਆ, ਆਈਵਰੀ ਕੋਸਟ, ਘਾਨਾ, ਸੇਨੇਗਲ, ਮਲੇਸ਼ੀਆ, ਤਜ਼ਾਕਿਸਤਾਨ, ਕਿਗਰਸਿਤਾਨ ਦੇ ਰਾਜਦੂਤ ਸ਼ਾਮਲ ਹਨ।

  • 74
  •  
  •  
  •  
  •