‘ਸਿੱਖ ਜਥੇ ਨੂੰ ਪਾਕਿਸਤਾਨ ਨਾ ਭੇਜਣ ਦੇ ਫ਼ੈਸਲੇ ਨੂੰ ਮੁੜ ਵਿਚਾਰੇ ਭਾਰਤ ਸਰਕਾਰ’

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਹਲੇ ਵੀ ਸਮਾਂ ਹੈ ਕੇਂਦਰ ਸਰਕਾਰ ਨੂੰ ਸਿੱਖ ਸ਼ਰਧਾਲੂਆਂ ਦੇ ਸਮੁੱਚੇ ਜਥੇ ਨੂੰ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮਾਂ ‘ਚ ਸ਼ਾਮਿਲ ਹੋਣ ਦੀ ਇਜਾਜ਼ਤ ਦੇਣ ਲਈ ਵਿਚਾਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਵੀ ਕੀਤੀ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਜਥੇ ਨਾਲ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਸਮੇਤ ਭਾਰਤ ਤੋਂ ਹਜ਼ੂਰੀ ਰਾਗੀ ਜਥੇ ਜਾਣੇ ਸਨ, ਜਿਨ੍ਹਾਂ ਨੇ ਪਾਕਿਸਤਾਨ ਵਿਖੇ ਹੋ ਰਹੇ ਸ਼ਤਾਬਦੀ ਸਮਾਗਮਾਂ ‘ਚ ਕਥਾ ਕੀਰਤਨ ਸਰਵਨ ਕਰਾਉਣਾ ਸੀ, ਜਿਸ ਲਈ ਪਾਕਿਸਤਾਨ ਦੇ ਵੱਡੀ ਗਿਣਤੀ ‘ਚ ਹਿੰਦੂ ਸਿੱਖ ਨਨਕਾਣਾ ਸਾਹਿਬ ਪੁੱਜੇ ਹੋਏ ਹਨ ਪਰ ਸਰਕਾਰ ਵਲੋਂ ਜਥੇ ‘ਤੇ ਕੋਰੋਨਾ ਦੇ ਬਹਾਨੇ ਨਾਲ ਪਾਬੰਦੀ ਲਗਾ ਦੇਣ ਮੰਦਭਾਗੀ ਗੱਲ ਹੈ।

ਉਨ੍ਹਾਂ ਆਖਿਆ ਕਿ ਮਾਰਚ ਮਹੀਨੇ ਹਰਿਦੁਆਰ ਵਿਖੇ ਕੁੰਭ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਕਰੋੜਾਂ ਸ਼ਰਧਾਲੂਆਂ ਨੇ ਸ਼ਾਮਿਲ ਹੋਣਾ ਹੈ, ਪਰ ਉਸ ‘ਤੇ ਕੋਰੋਨਾ ਕਾਰਨ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਥੇ ‘ਤੇ ਪਾਬੰਦੀ ਸਰਕਾਰ ਦੀ ਇਤਿਹਾਸਕ ਗ਼ਲਤੀ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਦੋ ਦਿਨ ਬਾਕੀ ਹਨ, ਭਾਰਤ ਸਰਕਾਰ ਨੂੰ ਸਮੁੱਚੇ ਜਥੇ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ, ਕਿਉਂਕਿ ਇਹ ਸ਼ਤਾਬਦੀ ਇਸ ਤੋਂ ਬਾਅਦ ਅਗਲੇ 100 ਸਾਲਾਂ ਬਾਅਦ ਹੀ ਆਉਣੀ ਹੈ।

ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ’ਤੇ ਲਾਈ ਗਈ ਰੋਕ ਦੇ ਫ਼ੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ। ਬੀਬੀ ਜਗੀਰ ਕੌਰ ਨੇ ਪੱਤਰ ਵਿਚ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ’ਤੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਆਖਿਆ ਕਿ ਜਥਾ ਭੇਜਣ ਦੀ ਆਗਿਆ ਸਬੰਧੀ 12 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਪੱਤਰ ਵੀ ਭੇਜਿਆ ਸੀ। ਉਸ ਵੇਲੇ ਰੋਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਵੀ ਮੁੜ ਤੋਂ ਨਹੀਂ ਖੋਲ੍ਹਿਆ ਗਿਆ ਹੈ ਅਤੇ ਸ਼ਰਧਾਲੂਆਂ ਨੂੰ ਗੁਰਧਾਮਾਂ ਦੇ ਦਰਸ਼ਨਾਂ ਤੋਂ ਰੋਕਣਾ ਮੰਦਭਾਗਾ ਹੈ।

  • 62
  •  
  •  
  •  
  •