ਕਿਸਾਨ ਇੰਡੀਆ ਗੇਟ ਦੇ ਨੇੜੇ ਪਾਰਕਾਂ ਨੂੰ ਵਾਹ ਕੇ ਬੀਜੇਗਾ ਫਸਲ: ਟਿਕੈਤ

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਤਾਂ ਇਸ ਵਾਰ ਸੰਸਦ ਘੇਰਨ ਦਾ ਸੱਦਾ ਦਿੱਤਾ ਜਾਵੇਗਾ ਅਤੇ ਉਥੇ 4 ਲੱਖ ਨਹੀਂ, 40 ਲੱਖ ਟ੍ਰੈਕਟਰ ਆਉਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਕਿਉਂਕਿ ਕਦੇ ਵੀ ਦਿੱਲੀ ਜਾਣ ਦਾ ਸੱਦਾ ਦਿੱਤਾ ਜਾ ਸਕਦਾ ਹੈ।

ਟਿਕੈਤ ਮੰਗਲਵਾਰ ਨੂੰ ਰਾਜਸਥਾਨ ਦੇ ਸੀਕਰ ’ਚ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਇੰਡੀਆ ਗੇਟ ਦੇ ਨੇੜੇ ਦੇ ਪਾਰਕਾਂ ਨੂੰ ਵਾਹੇਗਾ ਅਤੇ ਉਥੇ ਫਸਲ ਬੀਜੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਸੰਸਦ ਨੂੰ ਘੇਰਨ ਦੀ ਤਰੀਕ ਸੰਯੁਕਤ ਕਿਸਾਨ ਮੋਰਚਾ ਤੈਅ ਕਰੇਗਾ।

ਕਿਸਾਨ ਨੇਤਾ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਦੇ ਮਾਮਲੇ ’ਚ ਦੇਸ਼ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਗਈ ਹੈ। ਦੇਸ਼ ਦੇ ਕਿਸਾਨਾਂ ਨੂੰ ਤਿਰੰਗੇ ਨਾਲ ਪਿਆਰ ਹੈ ਪਰ ਇਸ ਦੇਸ਼ ਦੇ ਨੇਤਾਵਾਂ ਨੂੰ ਨਹੀਂ। ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਵੱਲੋਂ ਖੁੱਲ੍ਹੀ ਚੁਣੌਤੀ ਹੈ ਕਿ ਜੇ ਉਸ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਅਤੇ ਐੱਮ. ਐੱਸ. ਪੀ. ਲਾਗੂ ਨਹੀਂ ਕੀਤੀ ਤਾਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਗੋਦਾਮਾਂ ਨੂੰ ਢਾਹੁਣ ਦਾ ਕੰਮ ਵੀ ਦੇਸ਼ ਦਾ ਕਿਸਾਨ ਕਰੇਗਾ। ਇਸ ਲਈ ਸੰਯੁਕਤ ਮੋਰਚਾ ਛੇਤੀ ਤਰੀਕ ਵੀ ਦੱਸੇਗਾ।

  • 93
  •  
  •  
  •  
  •