ਕੋਰੋਨਾਵਾਇਰਸ: ਰਾਮਦੇਵ ਦੀ ‘ਕੋਰੋਨਿਲ ਵੈਕਸੀਨ’ ਨੂੰ ਲੈ ਕੇ ਉੱਠਿਆ ਨਵਾਂ ਵਿਵਾਦ

ਯੋਗ ਗੁਰੂ ਰਾਮਦੇਵ ਦੇ ਅਦਾਰੇ ਪਤੰਜਲੀ ਵੱਲੋਂ ‘ਕੋਰੋਨਿਲ’ ਵੈਕਸੀਨ ਨੂੰ ਕੋਰੋਨਾਵਾਇਰਸ ਦੇ ਇਲਾਜ ਲਈ ਕਾਰਗਰ ਹੋਣ ਦੇ ਦਾਅਵੇ ਉੱਤੇ ਤਿੱਖਾ ਵਿਵਾਦ ਖੜਾ ਹੋ ਗਿਆ ਹੈ। ਰਾਮਦੇਵ ਨੇ ਬੀਤੇ ਦਿਨੀਂ ਕੋਰੋਨਿਲ ਨੂੰ ਕੋਵਿਡ ਦੇ ਇਲਾਜ ਲਈ ਮੁੜ ਲਾਂਚ ਕੀਤਾ ਸੀ। ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਮੌਜੂਦ ਸਨ, ਜਿਸ ‘ਤੇ ਭਾਰਤ ਦੀ ਸਭ ਤੋਂ ਵੱਡੀ ਮੈਡੀਕਲ ਬਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵਿਸ਼ਵ ਸਿਹਤ ਸੰਗਠਨ ਦੇ ਹਵਾਲੇ ਨਾਲ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਹਾਜ਼ਰੀ ਵਿਚ ਕੀਤੇ ਗਏ ਇਸ ਦਾਅਵੇ ਉੱਤੇ ਸਿਹਤ ਮੰਤਰੀ ਤੋਂ ਜਵਾਬ ਮੰਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਕੋਰੋਨਾ ਦੀ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਨਹੀਂ ਦਿੱਤੀ। “ਵਿਸ਼ਵ ਸਿਹਤ ਸੰਗਠਨ ਨੇ ਇਲਾਜ ਲਈ ਕਿਸੇ ਵੀ ਰਵਾਇਤੀ ਦਵਾਈ ਨੂੰ ਨਾ ਤਾਂ ਰੀਵਿਊ ਕੀਤਾ ਅਤੇ ਨਾਲ ਹੀ ਸਰਟੀਫਿਕੇਟ ਦਿੱਤਾ ਹੈ।” ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇੱਕ ਬਿਆਨ ਜਾਰੀ ਕਰਦਿਆਂ ਰਾਮਦੇਵ ਵੱਲੋਂ ਕੋਰੋਨਿਲ ਦੀ ਲਾਂਚ ਨੂੰ ਵਿਸ਼ਵ ਸਿਹਤ ਸੰਗਠਨ ਦਾ ਸਰਟੀਫਿਕੇਟ ਮਿਲਣ ਦਾ ਦਾਅਵਾ ਕਰਨ ‘ਤੇ ਹੈਰਾਨੀ ਪ੍ਰਗਟਾਈ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਆਈ. ਐਮ. ਏ. ਦੇ ਕੋਡ ਕੰਡਕਟ ਮੁਤਾਬਕ ਕੋਈ ਵੀ ਡਾਕਟਰ ਕਿਸੇ ਵੀ ਦਵਾਈ ਦੀ ਪ੍ਰਮੋਸ਼ਨ ਨਹੀਂ ਕਰ ਸਕਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਿਹਤ ਮੰਤਰੀ ਜਿਹੜੇ ਕਿ ਇਕ ਡਾਕਟਰ ਹਨ ਅਤੇ ਦਵਾਈ ਦਾ ਪ੍ਰਚਾਰ ਕਰਦੇ ਮਿਲੇ ਹਨ। ਆਈ. ਐਮ. ਏ. ਨੇ ਕਿਹਾ ਕਿ ਕੋਵਿਡ ਦੇ ਇਲਾਜ ਨੂੰ ਲੈ ਕੇ ਕੋਰੋਨਿਲ ਨੂੰ ਵਿਸ਼ਵ ਸਿਹਤ ਸੰਗਠਨ ਖ਼ਾਰਜ ਕਰ ਚੁੱਕਾ ਹੈ। ਅਜਿਹੇ ‘ਚ ਦੇਸ਼ ਦੇ ਸਿਹਤ ਮੰਤਰੀ ਦੀ ਹਾਜ਼ਰੀ ‘ਚ ਦਵਾਈ ਦੀ ਲਾਂਚਿੰਗ ਹੋਣਾ,ਇਹ ਗ਼ਲਤ ਸੰਦੇਸ਼ ਦਿੰਦਾ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਪੁੱਛਿਆ ਹੈ ਕਿ ਕਿਵੇਂ ਉਨ੍ਹਾਂ ਨੇ ਬਿਨਾਂ ਕਿਸੇ ਵਿਗਿਆਨਕ ਆਧਾਰ ‘ਤੇ ਕੋਰੋਨਿਲ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ। ਆਈ. ਐਮ. ਏ. ਨੇ ਕਿਹਾ ਕਿ ਜੇਕਰ ਕੋਰੋਨਿਲ ਕੋਰੋਨਾ ਦੀ ਰੋਕਥਾਮ ਲਈ ਕਾਰਗਰ ਸੀ ਤਾਂ ਫਿਰ ਭਾਰਤ ਸਰਕਾਰ ਕੋਰੋਨਾ ਟੀਕਾਕਰਨ ‘ਤੇ ਕਿਉਂ 35 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੀ ਹੈ? ਆਈ. ਐਮ. ਏ. ਨੇ ਕਿਹਾ ਕਿ ਉਹ ਮੈਡੀਕਲ ਕੌਂਸਲ ਆਫ਼ ਇੰਡੀਆ ਦੇ ਕੋਡ ਆਫ਼ ਕੰਡਕਟ ਦੀ ਅਣਦੇਖੀ ਕਰਨ ‘ਤੇ ਡਾ. ਹਰਸ਼ਵਰਧਨ ਤੋਂ ਸਪਸ਼ਟੀਕਰਨ ਮੰਗਣ ਲਈ ਐਨ. ਐਮ. ਸੀ. ਨੂੰ ਚਿੱਠੀ ਲਿਖਣਗੇ।

  • 34
  •  
  •  
  •  
  •