ਸੰਘਰਸ਼ ‘ਚ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਓਨਟਾਰੀਓ ਵਿਧਾਨ ਸਭਾ ਵਿਚ ਦਿੱਤੀ ਗਈ ਸ਼ਰਧਾਂਜਲੀ

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸੰਘਰਸ਼ ਦੌਰਾਨ ਇਸ ਜਹਾਨੋਂ ਕੂਚ ਕਰਨ ਵਾਲੇ ਕਿਸਾਨਾਂ ਦਾ ਮੁੱਦਾ ਹੁਣ ਕੈਨੇਡਾ ਦੀ ਓਨਟਾਰੀਓ ਵਿਧਾਨ ਸਭਾ ਵਿੱਚ ਉੱਠਿਆ ਹੈ। ਕਿਸਾਨਾਂ ਦੀਆਂ ਮੌਤਾਂ ਦਾ ਮਾਮਲਾ ਵਿਧਾਨ ਸਭਾ ਵਿੱਚ ਚੁੱਕਦੇ ਹੋਏ ਬਰੈਂਪਟਨ ਈਸਟ ਤੋਂ ਓਨਟਾਰੀਓ ਵਿਧਾਨ ਸਭਾ ਦੇ ਮੈਂਬਰ ਗੁਰਰਤਨ ਸਿੰਘ ਨੇ ਚੁੱਕਿਆ। ਇਸ ਸਬੰਧੀ ਨਿਊ ਡੈਮੋਕਰੈਟੀਕ ਪਾਰਟੀ ਦੇ ਆਗੂ ਅਤੇ ਕੈਨੇਡਾ ‘ਚ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਖੁਦ ਟਵੀਟ ਕਰ ਜਾਣਕਾਰੀ ਦਿੱਤੀ। ਗੁਰਰਤਨ ਸਿੰਘ ਵਲੋਂ ਕੀਤੇ ਗਏ ਟਵੀਟ ਨਾਲ ਉਨ੍ਹਾਂ ਵਲੋਂ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਇਕ ਵੀਡੀਓ ਵੀ ਸਾਂਝੀ ਕੀਤੀ ਗਈ।

ਵਿਧਾਨ ਸਭਾ ਵਿਚ ਕਿਸਾਨਾਂ ਦੀ ਗੱਲ ਕਰਦਿਆਂ ਗੁਰਰਤਨ ਸਿੰਘ ਨੇ ਕਿਹਾ ਕਿ ਮੈਂ ਓਨਟਾਰੀਓ ਵਿਧਾਨ ਸਭਾ ਦੇ ਵਿਚ ਉਨ੍ਹਾਂ ਕਿਸਾਨਾਂ ਅਤੇ ਪ੍ਰਦਰਸ਼ਨਕਾਰੀਆਂ ਦੇ ਸਨਮਾਨ ਲਈ ਇਕ ਮਿੰਟ ਦਾ ਮੌਨ ਰੱਖਣ ਲਈ ਅਪੀਲ ਕਰਦਾ ਹਾਂ, ਜਿਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਆਪਣੀ ਰੋਜ਼ੀ-ਰੋਟੀ ਤੇ ਹੱਕਾਂ ਲਈ ਪ੍ਰਦਰਸ਼ਨ ਦੌਰਾਨ ਆਪਣੀਆਂ ਜਾਨਾਂ ਗਵਾ ਦਿੱਤੀਆਂ। ਗੁਰਰਤਨ ਦੀ ਇਸ ਪੇਸ਼ਕਸ਼ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਵਲੋਂ ਸਾਰੇ ਮੈਂਬਰਾਂ ਦੀ ਸਹਿਮਤੀ ਲਈ ਗਈ। ਜਿਨ੍ਹਾਂ ਨੇ ਗੁਰਰਤਨ ਨਾਲ ਸਹਿਮਤ ਹੁੰਦੇ ਹੋਏ ਵਿਧਾਨ ਸਭਾ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਮੌਨ ਧਾਰਨ ਕਰ ਸ਼ਰਧਾਂਜਲੀ ਦਿੱਤੀ।

  • 2.1K
  •  
  •  
  •  
  •