ਗੁਰਸਿੱਖ ਦੇ ਜੀਵਨ ‘ਚ ਗੁਰਬਾਣੀ ਦਾ ਅਰਥ

– ਡਾ. ਸਤਿੰਦਰ ਪਾਲ ਸਿੰਘ

ਪਹਿਲੀ ਜੋਤ ਤੋਂ ਦਸਵੀਂ ਗੁਰੂ ਨਾਨਕ ਜੋਤ ਦਾ ਮਿਸ਼ਨ ਮਨੁੱਖਤਾ ਨੂੰ ਕਲਿਯੁਗ ਦੇ ਬਿਖ ਤੋਂ ਬਾਹਰ ਕੱਢਣਾ ਤੇ ਸਹਿਜ ਆਨੰਦ ਵਿਚ ਲਿਆਉਣਾ ਸੀ। ਇਹ ਮਿਸ਼ਨ ਅੰਤਰ ਅਵਸਥਾ ਬਦਲਣ ਦਾ ਸੀ। ਕਈ ਵਰ੍ਹਿਆਂ ਤੋਂ ਦੁਹਰਾਇਆ ਜਾ ਰਿਹਾ ਹੈ ਕਿ ਗੁਰਬਾਣੀ ਸਿਰਫ਼ ਪੜ੍ਹਨ, ਸੁਣਨ ਤਕ ਸੀਮਤ ਨਹੀਂ, ਇਸ ‘ਤੇ ਅਮਲ ਕਰਨਾ ਚਾਹੀਦਾ ਹੈ। ਹਰ ਗੁਰਸਿੱਖ ਇਸ ਨਾਲ ਸਹਿਮਤ ਹੁੰਦਾ ਹੈ ਕਿ ਗੁਰਬਾਣੀ ਦੀ ਸਾਰਥਕਤਾ ਉਸ ਨੂੰ ਜੀਵਨ ਦਾ ਆਧਾਰ ਬਣਾਉਣ ‘ਚ ਹੀ ਹੈ। ਇਕ ਆਸ ਜਨਮ ਲੈਂਦੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਆਰੰਭ ਕੀਤਾ ਮਿਸ਼ਨ ਪ੍ਰਫੁੱਲਤ ਰਹਿ ਕੇ ਲੋਕਾਈ ਨੂੰ ਸਦਾ ਰੋਸ਼ਨ ਕਰਦਾ ਰਹੇਗਾ ਪਰ ਫਿਰ ਚਿੰਤਾ ਵੀ ਹੁੰਦੀ ਹੈ ਕਿ ਵਾਰ-ਵਾਰ ਇਹ ਗੱਲ ਕਿਉਂ ਕਰਨੀ ਪੈ ਰਹੀ ਹੈ ਕਿ ਗੁਰਸਿੱਖ, ਗੁਰਬਾਣੀ ‘ਤੇ ਅਮਲ ਕਰਨ। ਜ਼ੋਰ ਨਾਲ ਕਿਹਾ ਜਾ ਰਿਹਾ ਹੈ, ਦਿਨ-ਰਾਤ ਕਿਹਾ ਜਾ ਰਿਹਾ ਹੈ ਕਿ ਗੁਰਬਾਣੀ ਤੇ ਚੱਲੋ ਪਰ ਵਿਰਲੇ ਹੀ ਗੁਰਬਾਣੀ ‘ਤੇ ਚੱਲਣ ਵਾਲੇ ਮਿਲਦੇ ਹਨ।
ਪ੍ਰਤੀਤ ਹੁੰਦਾ ਹੈ ਕਿ ਸਿੱਖ ਕੌਮ ਵੱਡੀ ਦੁਵਿਧਾ ‘ਚ ਫਸੀ ਹੋਈ ਹੈ ਕਿ ਗੁਰਬਾਣੀ ‘ਤੇ ਚੱਲਣਾ ਕਿਵੇਂ ਹੈ? ਆਪੋ ਆਪਣੀ ਵਿਆਖਿਆ ਨੇ ਵਿਸ਼ਾ ਭਾਰੀ ਤੇ ਗੁੰਝਲਦਾਰ ਬਣਾ ਦਿੱਤਾ ਹੈ। ਗੁਰਬਾਣੀ ਦਾ ਸਰਲ ਤੇ ਵਿਉਹਾਰਕ ਸੁਨੇਹਾ ਪ੍ਰਚਾਰਕਾਂ ਦੀ ਵੱਡੀ ਬਹਿਸ ਤੇ ਆਪਣੀ ਬੌਧਿਕ ਕਾਬਲੀਅਤ ਸਿੱਧ ਕਰਨ ਦਾ ਜ਼ਰੀਆ ਬਣ ਕੇ ਰਹਿ ਗਿਆ ਹੈ।

ਪਹਿਲੀ ਜੋਤ ਤੋਂ ਦਸਵੀਂ ਗੁਰੂ ਨਾਨਕ ਜੋਤ ਦਾ ਮਿਸ਼ਨ ਮਨੁੱਖਤਾ ਨੂੰ ਕਲਿਯੁਗ ਦੇ ਬਿਖ ਤੋਂ ਬਾਹਰ ਕੱਢਣਾ ਤੇ ਸਹਿਜ ਆਨੰਦ ਵਿਚ ਲਿਆਉਣਾ ਸੀ। ਇਹ ਮਿਸ਼ਨ ਅੰਤਰ ਅਵਸਥਾ ਬਦਲਣ ਦਾ ਸੀ। ਗੁਰਬਾਣੀ ਭੌਤਿਕ ਜਗਤ ਦੇ ਮਨੁੱਖ ਨਾਲ ਨਹੀਂ, ਕਲਯੁਗ ਦੇ ਦੁੱਖਾਂ ਨਾਲ ਤ੍ਰਾਹ-ਤ੍ਰਾਹ ਕਰ ਰਹੀ ਜੀਵਾਤਮਾ ਨਾਲ ਸੰਵਾਦ ਹੈ। ਗੁਰਬਾਣੀ ਸਦਾ ਹੀ ਕਾਲ, ਅਕਾਲ ਪੁਰਖ ਤੇ ਇਨ੍ਹਾਂ ਤੋਂ ਜਨਮ ਲੈਣ ਵਾਲੇ ਵਿਚਾਰ ਨੂੰ ਕੇਂਦਰ ਵਿਚ ਰੱਖਦੀ ਹੈ- ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ’ ਗੁਰਬਾਣੀ ਮਨੁੱਖੀ ਹੋਂਦ ਨੂੰ ਕਰਮਾਂ ਦੀ ਖੇਡ ਮੰਨਦੀ ਹੈ ਤੇ ਮੁਕਤ ਹੋਣ ਲਈ ਪਰਮਾਤਮਾ ਦੀ ਮਿਹਰ ਪ੍ਰਾਪਤ ਕਰਣ ਦੀ ਪ੍ਰੇਰਨਾ ਦਿੰਦੀ ਹੈ- ‘ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ।’

ਗੁਰੂ ਦੀ ਸ਼ਰਣ ਆਉਣ ਦਾ ਇੱਕੋ ਇਕ ਮਨੋਰਥ ਹੈ ਜੀਵਨ ਮੁਕਤ ਹੋਣਾ- “ਸਤਿਗੁਰ ਕੈ ਜਨਮੈ ਗਵਨੁ ਮਿਟਾਇਆ” ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਸਮਾਜਿਕ ਬਰਾਬਰੀ, ਕਰਮਕਾਂਡ, ਪਖੰਡ ਦੇ ਖੰਡਨ, ਭਾਈਚਾਰੇ ਜਾਂ ਪ੍ਰੇਮ, ਸ਼ਾਂਤੀ ਜਿਹੇ ਸ਼ਬਦਾਂ ਵਿਚ ਸਮੇਟਣਾ ਉਸ ਦੀ ਮਹਾਨਤਾ ਦੀ ਬੇਕਦਰੀ ਤੇ ਘਾਣ ਹੈ। ਗੁਰਬਾਣੀ ਮਨੁੱਖ ਨੂੰ ਉਸ ਰਾਹ ‘ਤੇ ਲਿਜਾਣਾ ਚਾਹੁੰਦੀ ਹੈ ਜਿਸ ਤੇ ਸਾਰੀਆਂ ਕਾਮਨਾਵਾਂ, ਵਾਸਨਾਵਾਂ ਤੇ ਵਿਕਾਰਾਂ ਤੋਂ ਮੁਕਤ ਹੋ ਕੇ ਮਨ ਨਿਰਮਲ ਹੋ ਜਾਏ ਤੇ ਪਰਮਾਤਮਾ ਦੀ ਸ਼ਰਣ ਦੇ ਯੋਗ ਹੋ ਸਕੇ।

ਮਨਸਾ ਆਸਾ ਸਬਦਿ ਜਲਾਈ।।
ਗੁਰਮੁਖਿ ਜੋਤਿ ਨਿਰੰਤਰਿ ਪਾਈ।। (940)

ਗੁਰਬਾਣੀ ਨਾਲ ਜੁੜਨ ਦਾ ਮਨੋਰਥ ਦੁਨਿਆਵੀ ਨਹੀਂ ਆਤਮਿਕ ਹੈ। ਗੁਰਬਾਣੀ ਸੰਸਾਰ ਦੇ ਸੱਚ ਨਾਲ ਪਛਾਣ ਕਰਵਾਉਂਦੀ ਹੈ। ਜਿਸ ਨਾਲ ਮਨੁੱਖ ਨੇ ਮੋਹ ਲਾਇਆ ਹੈ, ਉਹ ਸਭ ਕੁਝ ਨਾਸ਼ਵਾਨ ਹੈ।

ਕਿਆ ਮਾਗਉ ਕਿਛੁ ਥਿਰੁ ਨ ਰਹਾਈ।।
ਦੇਖਤ ਨੈਨ ਚਲਿਓ ਜਗੁ ਜਾਈ।। (491)

ਭਗਤ ਕਬੀਰ ਜੀ ਦਾ ਉਕਤ ਵਚਨ ਮਨੁੱਖ ਦੀ ਹਰ ਕਾਮਨਾ, ਵਾਸਨਾ ‘ਤੇ ਲਗਾਮ ਲਗਾਉਣ ਵਾਲਾ, ਉਸ ਨੂੰ ਮਿਥਿਆ ਸਿੱਧ ਕਰਨ ਵਾਲਾ ਹੈ। ਇਹੋ ਉਦਾਸੀ ਦੀ ਰੀਤ ਸੀ, ਜੋ ਭਾਈ ਗੁਰਦਾਸ ਜੀ ਮੁਤਾਬਕ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਦੁੱਖਾਂ ਤੋਂ ਮੁਕਤ ਕਰਨ ਲਈ ਚਲਾਈ ਸੀ।

ਸੰਸਾਰਕ ਕਾਮਨਾਵਾਂ ਤੋਂ ਉਦਾਸ ਹੋ ਜਾਣਾ ਹੀ ਗੁਰਬਾਣੀ ਦੇ ਰਾਹ ‘ਤੇ ਤੁਰ ਪੈਣਾ ਹੈ। ਇਹ ਬਹੁਤ ਹੀ ਕਠਿਨ ਹੈ- ‘ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ।।’ ਪਰਮਾਤਮਾ ਦੀ ਮਿਹਰ ਨਾਲ ਹੀ ਉਦਾਸੀ, ਭਾਵ ਸਹਿਜ ਤੇ ਨਿਰਲੇਪ ਅਵਸਥਾ ਪ੍ਰਾਪਤ ਹੁੰਦੀ ਹੈ- ‘ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ।।’ ਗੁਰਬਾਣੀ ਹੀ ਮੁਕਤੀ ਦਾ ਦੁਆਰ ਹੈ- ‘ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ।।’ ਗੁਰਬਾਣੀ ਦੇ ਰਾਹ ‘ਤੇ ਚੱਲਣ ਦਾ ਫਲ ਸੰਸਾਰਕ ਭੋਗ ਵਿਲਾਸ, ਵਾਸਨਾਵਾਂ, ਕਾਮਨਾਵਾਂ ਨਾਲ ਭਰੇ ਭੌਤਿਕ ਜੀਵਨ ਦੀ ਮੌਤ ਤੇ ਪਰਮਾਤਮਾ ਦੇ ਭਰੋਸੇ ਨਾਲ ਭਰਪੂਰ ਆਤਮਿਕ ਜੀਵਨ ਦਾ ਜਨਮ ਹੈ। ਇਸ ਬਿਨਾਂ ਦੁੱਖਾਂ ਦਾ ਅੰਤ ਨਹੀਂ ਹੋ ਸਕਦਾ। ਗੁਰਸਿੱਖ ਦੀ ਸੱਚੀ ਕਿਰਤ ਭੌਤਿਕ ਜੀਵਨ ਦੇ ਰਜੇਵੇਂ ਦੀ ਨਹੀਂ, ਆਤਮਿਕ ਜੀਵਨ ਦੀ ਪ੍ਰਾਪਤੀ ਦੀ ਹੈ।

ਗੁਰਮੁਖਿ ਰਤਨੁ ਲਹੈ ਲਿਵ ਲਾਇ।।
ਗੁਰਮੁਖਿ ਪਰਖੈ ਰਤਨੁ ਸੁਭਾਇ।।
ਗੁਰਮੁਖਿ ਸਾਚੀ ਕਾਰ ਕਮਾਇ।।
ਗੁਰਮੁਖਿ ਸਾਚੇ ਮਨੁ ਪਤਿਆਇ।। (942)

ਗੁਰਸਿੱਖ ਦੀ ਭਗਤੀ ਮਨ ਨੂੰ ਪਰਮਾਤਮਾ ਨਾਲ ਜੋੜਨਾ ਤੇ ਪਰਮਾਤਮਾ ਲਈ ਸ਼ਰਧਾ ਭਾਵਨਾ ਨੂੰ ਜੀਵਨ ਦਾ ਢੰਗ ਬਣਾ ਲੈਣਾ ਹੈ। ਗੁਰਸਿੱਖ ਦੀ ਭਗਤੀ ਦਾ ਮਨੋਰਥ ਜੀਵਨ ਅੰਦਰ ਸ੍ਰੇਸ਼ਟ ਗੁਣ ਧਾਰਨ ਕਰਨਾ ਤੇ ਮਨ ਨੂੰ ਪਰਮਾਤਮਾ ਦੇ ਭਰੋਸੇ ‘ਤੇ ਟਿਕਾ ਦੇਣਾ ਹੈ। ਪਰਮਾਤਮਾ ‘ਤੇ ਭਰੋਸਾ ਟਿਕਾਉਣ ਵਾਲੇ ਗੁਰਸਿੱਖ ‘ਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਤੇ ਗੁਰ ਸ਼ਬਦ ਮਨ ਅੰਦਰ ਦ੍ਰਿੜ੍ਹ ਕਰ ਦਿੰਦਾ ਹੈ- ‘ਨਦਰਿ ਕਰੇ ਸ਼ਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ।।’ ਸਾਰੇ ਭਰਮ ਮਿਟ ਜਾਂਦੇ ਹਨ, ਕੋਈ ਸ਼ੰਕਾ ਨਹੀ ਰਹਿੰਦੀ ਤੇ ਸੰਸਾਰ ਦੇ ਕੂੜ ਦਾ ਸੱਚ ਸਾਹਮਣੇ ਆ ਜਾਂਦਾ ਹੈ। ਪਾਵਨ ਗੁਰਬਾਣੀ ਦਾ ਵਾਸ ਮਨ ਤੇ ਤਨ ਨਿਰਮਲ ਕਰਨ ਵਾਲਾ ਅਤੇ ਪਰਮਾਤਮਾ ‘ਤੇ ਵਿਸ਼ਵਾਸ ਦ੍ਰਿੜ੍ਹ ਕਰਨ ਵਾਲਾ ਹੈ- ‘ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੁ ਮੰਨਿ ਵਸਾਏ।।’ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੇ ਸਭ ਤੋਂ ਵਿਸਮਾਦੀ ਕੌਤਕ ਬਾਰੇ ਵੀ ਵਚਨ ਕੀਤੇ ਹਨ।
ਸਬਦਿ ਗੁਰੂ ਭਵ ਸਾਗਰੁ ਤਰੀਐ ਇਤ ਉਤ ਏਕੋ ਜਾਣੈ।।

ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ।। (944)

ਗੁਰਬਾਣੀ ਦਾ ਕੌਤਕ ਉਸ ਪਰਮਾਤਮਾ ਦੀ ਪਛਾਣ ਕਰਵਾਉਣਾ ਹੈ ਜੋ ਨਿਰਾਕਾਰ ਹੈ, ਜਿਸ ਦਾ ਕੋਈ ਰੂਪ, ਰੇਖ, ਰੰਗ, ਵਰਨ, ਚਿਹਨ ਨਹੀਂ ਹੈ। ਜਿਸ ਨੂੰ ਅਸੰਖ ਮੁਨੀ, ਸੰਤ, ਜਤੀ, ਤਪੀ ਖੋਜ ਰਹੇ ਹਨ ਤੇ ਸਾਰਾ ਜੀਵਨ ਕਠਿਨ ਤੋਂ ਕਠਿਨ ਸਾਧਨਾ ਵਿਚ ਲਾ ਦਿੰਦੇ ਹਨ। ਗੁਰਬਾਣੀ ਇਹ ਕੌਤਕ ਸਹਿਜ ਹੀ ਵਰਤਾ ਦਿੰਦੀ ਹੈ- ‘ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ, ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਈ’ ਪਰਮਾਤਮਾ ਦਾ ਸਰਬ ਵਿਆਪੀ ਰੂਪ ਪ੍ਰਗਟ ਹੁੰਦਾ ਹੈ ਤਾਂ ਗੁਰਸਿੱਖ ਸੰਸਾਰ ਦੇ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ ਤੇ ਆਵਾਗਮਨ ਦੇ ਚੱਕਰ ਤੋਂ ਬਾਹਰ ਨਿਕਲ ਆਉਂਦਾ ਹੈ- ‘ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ।।’

ਗੁਰਬਾਣੀ ਮਨ ‘ਚ ਵਸ ਜਾਏ ਤਦ ਹੀ ਜੀਵਨ ਸਫਲ ਹੈ ਪਰ ਗੁਰਬਾਣੀ ਮਨ ਅੰਦਰ ਵਸ ਗਈ ਹੈ, ਇਹ ਕਿਵੇਂ ਸਾਬਤ ਹੋਵੇਗਾ? ਅਸੰਖ ਗੁਰਸਿੱਖ ਗੁਰਬਾਣੀ ਦਾ ਪਾਠ ਕਰਦੇ ਸੁਣਦੇ ਹਨ। ਗੁਰਬਾਣੀ ਦਾ ਪਾਠ ਕਰਨਾ ਤੇ ਸੁਣਨਾ ਨਿਰਾ ਭੌਤਿਕ ਕਰਮ ਹੈ ਜਦੋਂ ਤਕ ਮਨ ਦੀ ਅਵਸਥਾ ਨਹੀਂ ਬਦਲਦੀ, ਮਨ ਅੰਦਰ ਸ਼ੁੱਭ ਭਾਵਨਾ ਜਨਮ ਨਹੀਂ ਲੈਂਦੀ। ਗੁਰਬਾਣੀ ਉਸ ਭਾਵਨਾ ਦੀ ਜਨਮ-ਦਾਤਾ ਹੈ ਜੋ ਸਦੀਵੀ ਹੁੰਦੀ ਹੈ- ‘ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ।।’ ਇਹ ਭਾਵਨਾ ਹੀ ਸੰਸਾਰਕ ਤੇ ਭੌਤਿਕ ਜੀਵਨ ਦੀ ਮੌਤ ਅਤੇ ਆਤਮਿਕ ਜੀਵਨ ਦੀ ਪ੍ਰਾਪਤੀ ਦਾ ਪ੍ਰਮਾਣ ਹੈ। ਗੁਰੂ ਰਾਮਦਾਸ ਜੀ ਨੇ ਵਚਨ ਕੀਤੇ ਕਿ ਉਹ ਵਡਭਾਗੀ ਹਨ, ਜਿਨ੍ਹਾਂ ਅੰਦਰ ਦਿਨ-ਰਾਤ ਪਰਮਾਤਮਾ ਦੀ ਭਗਤੀ ਦਾ ਭਾਵ ਚੱਲਦਾ ਹੈ। ਕਿਸੇ ਵਿਰਲੇ ਅੰਦਰ ਹੀ ਇਹ ਕੌਤਕ ਵਰਤਦਾ ਹੈ- ‘ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ’ ਗੁਰਬਾਣੀ ਬਾਹਲੇ ਭੇਖ ਤੇ ਕਰਮ ਕਰਨ ਵਾਲੇ ਨੂੰ ਨਹੀਂ, ਉਸ ਨੂੰ ਗੁਰਮੁਖ ਮੰਨਦੀ ਹੈ, ਜਿਸ ਦੇ ਮਨ ਅੰਦਰ ਸਚ ਤੇ ਗਿਆਨ ਦਾ ਪ੍ਰਕਾਸ਼ ਹੈ ਤੇ ਜਿਸ ਨੇ ਗੁਰਮਤਿ ਅਨੁਸਾਰ ਪਰਮਾਤਮਾ ਨੂੰ ਪਛਾਣ ਲਿਆ ਹੈ- ‘ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ।।’ ਗੁਰਬਾਣੀ ਪਰਮਾਤਮਾ ਨਾਲ ਮੇਲ ਦਾ ਜੋ ਰਾਹ ਵਿਖਾਉਂਦੀ ਹੈ ਉਸ ਤੋਂ ਸਹਿਜ ਤੇ ਸਰਲ ਕੁਝ ਹੋਰ ਨਹੀਂ ਹੋ ਸਕਦਾ।

ਸੁਣਿ ਹਰਿ ਕਥਾ ਉਤਾਰੀ ਮੈਲੁ।।
ਮਹਾ ਪੁਨੀਤ ਭਏ ਸੁਖ ਸੈਲੁ।।
ਵਡੈ ਭਾਗਿ ਪਾਇਆ ਸਾਧਸੰਗੁ।।
ਪਾਰਬ੍ਰਹਮ ਸਿਉ ਲਾਗੋ ਰੰਗੁ।। (178)

ਉਕਤ ਵਚਨ ਗੁਰੂ ਅਰਜਨ ਦੇਵ ਜੀ ਦਾ ਹੈ। ਗੁਰੂ ਸਾਹਿਬ ਨੇ ਹਰਿ ਜਸ ਤੇ ਸਾਧਸੰਗਤ ਨੂੰ ਮੁੱਖ ਰੱਖਿਆ ਹੈ। ਗੁਰਬਾਣੀ ਪਰਮਾਤਮਾ ਦੀ ਵਡਿਆਈ ਨੂੰ ਜਾਨਣ, ਸਮਝਣ ਤੇ ਧਾਰਨ ਕਰਨ ਦੀ ਸਭ ਤੋਂ ਵੱਡੀ ਟੇਕ ਹੈ। ਗੁਰਸਿੱਖ ਦਾ ਮਨ ਗੁਰਬਾਣੀ ਅੰਦਰ ਪਰਗਟ ਹੋਈ ਪਰਮਾਤਮਾ ਦੀ ਮਹਿਮਾ ਨਾਲ ਜੁੜਨ ਦਾ ਯਤਨ ਕਰੇ। ਪਰਮਾਤਮਾ ਹੀ ਕਰਤਾ, ਦਾਤਾ ਤੇ ਪਾਲਣਹਾਰ ਹੈ- ‘ਆਪੇ ਕਰੇ ਕਰਾਏ ਆਪੇ, ਆਪੇ ਥਾਪਿ ਉਥਾਪੇ ਆਪੇ, ਤੁਝ ਤੇ ਬਾਹਰਿ ਕਛੂ ਨ ਹੋਵੈ, ਆਪੇ ਕਾਰੇ ਲਾਵਣਿਆ।।’ ਪਰਮਾਤਮਾ ਦੀ ਮਹਿਮਾ ਸਾਰੇ ਭਰਮ ਤੋੜਨ ਵਾਲੀ ਹੈ। ਗੁਰਬਾਣੀ ਮਨ ਨੂੰ ਨਿਮਾਣੀ ਅਵਸਥਾ ‘ਚ ਲਿਜਾ ਕੇ ਪਰਮਾਤਮਾ ਦੇ ਹੁਕਮ ‘ਚ ਰਹਿਣਾ ਸਿਖਾਉਂਦੀ ਹੈ। ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ‘ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ£’ ਇਹ ਵਿਸ਼ਵਾਸ ਦ੍ਰਿੜ੍ਹ ਹੋਣ ਤੋਂ ਬਾਅਦ ਹੀ ਸਮਝ ਆਉਂਦਾ ਹੈ ਕਿ ‘ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ।।’ ਆਪਣੇ ਔਗੁਣ ਪਛਾਣ ਕੇ ਪਰਮਾਤਮਾ ਦੇ ਗੁਣ ਵੇਖਣਾ ਹੀ ਗੁਰਬਾਣੀ ਦਾ ਸਫਲ ਗਾਇਨ ਹੈ।

ਮਨੁੱਖ ਪਰਮਾਤਮਾ ਨੂੰ ਆਪਣਾ ਸੰਗੀ ਬਣਾ ਲਵੇ ਤੇ ਉਸ ਦੀ ਪ੍ਰੀਤ ‘ਚ ਰੰਗ ਜਾਏ- ‘ਸੰਗਿ ਤੁਮਾਰੈ ਮੈ ਕਰੇ ਆਨੰਦਾ ਜੀਉ।।’ ਪਰਮਾਤਮਾ ਦੀ ਸੱਤਾ, ਉਸ ਦੇ ਗੁਣ ਚੇਤਨਾ ਦਾ ਹਿੱਸਾ ਬਣ ਜਾਣ, ਪਰਮਾਤਮਾ ਨਿਕਟ ਵਿਖਾਈ ਦੇਣ ਲੱਗ ਪਵੇ ਤਾਂ ਮਨੁੱਖ ਦੇ ਭਾਗ ਜਾਗ ਉੱਠਦੇ ਹਨ- ‘ਵਡੈ ਭਾਗਿ ਪਾਇਆ ਸਾਧਸੰਗੁ।।’ ਗੁਰੂ ਅਰਜਨ ਸਾਹਿਬ ਨੇ ਕਿਹਾ ਹੈ ਕਿ ਪਰਮਾਤਮਾ ਦਾ ਜਸ ਗਾਇਨ ਕਰਨ ਵਾਲੇ ਤੇ ਸਾਧ ਸੰਗਤ ਕਰਨ ਵਾਲੇ, ਭਾਵ ਪਰਮਾਤਮਾ ਨੂੰ ਆਪਣੀ ਪ੍ਰਤੀਤਿ ਬਣਾ ਲੈਣ ਵਾਲੇ ਗੁਰਸਿੱਖ ਦੇ ਜੀਵਨ ਕਰਮ ਨਿਰਮਲ ਹੋ ਜਾਂਦੇ ਹਨ- ‘ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ, ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ’ ਗੁਰਬਾਣੀ ਦਾ ਇਹ ਮਹਾਨ ਕ੍ਰਿਸ਼ਮਾ ਗੁਰਬਾਣੀ ਮਨ ਅੰਦਰ ਧਾਰਨ ਕਰ ਕੇ ਹੀ ਅਨੁਭਵ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦੇ ਵਚਨ ਇਸ ਸੰਦਰਭ ਵਿਚ ਸਦਾ ਚੇਤੇ ਰੱਖਣਯੋਗ ਹਨ :

ਗੁਰ ਕਾ ਸਬਦੁ ਰਿਦ ਅੰਤਰਿ ਧਾਰੈ।।
ਪੰਚ ਜਨਾ ਸਿਉ ਸੰਗੁ ਨਿਵਾਰੈ।।
ਦਸ ਇੰਦ੍ਰੀ ਕਰਿ ਰਾਖੈ ਵਾਸਿ।।
ਤਾ ਕੈ ਆਤਮੈ ਹੋਇ ਪਰਗਾਸੁ।। (36)

ਗੁਰਬਾਣੀ ਗੁਰਸਿੱਖ ਦੇ ਅੰਤਰ ਨੂੰ ਰੋਸ਼ਨ ਕਰਨ ਵਾਲੀ ਅਖੰਡ, ਨਿਰੰਤਰ ਜੋਤ ਹੈ, ਜੋ ਸੁਕਰਮ ਕਰਨ ਦਾ ਮਾਰਗ ਵਿਖਾਉਂਦੀ ਤੇ ਇਸ ਮਾਰਗ ‘ਤੇ ਅੱਗੇ ਤੋਰਦੀ ਹੈ।

  • 75
  •  
  •  
  •  
  •