‘ਦਿੱਲੀ ਪੁਲਿਸ ਵੱਲੋਂ ਤਲਬ ਕੀਤੇ ਕਈ ਲੋਕਾਂ ਦਾ 26 ਜਨਵਰੀ ਦੀ ਘਟਨਾ ਨਾਲ ਕੋਈ ਸਬੰਧ ਨਹੀਂ’

26 ਜਨਵਰੀ ਨੂੰ ਲਾਲ ਕਿਲ੍ਹਾ ਦੇ ਘਟਨਾਕ੍ਰਮ ਦੌਰਾਨ ਗ੍ਰਿਫਤਾਰ ਅਠਾਰਾਂ ਹੋਰ ਕਿਸਾਨਾਂ ਦੀ ਅਦਾਲਤ ਵਿੱਚੋਂ ਜ਼ਮਾਨਤ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 26 ਜਨਵਰੀ ਦੇ ਮਾਮਲੇ ‘ਚ ਨਾਜਾਇਜ਼ ਮੁਕੱਦਮੇ ਦਰਜ ਕਰ ਕੇ ਕਿਸਾਨਾਂ ਨੂੰ ਭੇਜਿਆ ਗਿਆ ਸੀ। ਅੱਜ ਉਨ੍ਹਾਂ ਕਿਸਾਨਾਂ ਦੀ ਜ਼ਮਾਨਤ ਹੋ ਗਈ ਹੈ ।

ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜਿੱਥੇ ਦਿੱਲੀ ਗੁਰਦੁਆਰਾ ਕਮੇਟੀ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਜ਼ਮਾਨਤਾਂ ’ਤੇ ਰਿਹਾਅ ਕਰਵਾਉਣ ਲਈ ਪੱਬਾਂ ਭਾਰ ਹੈ, ਉਥੇ ਹੀ ਉਹ ਉਨ੍ਹਾਂ ਲੋਕਾਂ ਦੀਆਂ ਅਗਾਉਂ ਜ਼ਮਾਨਤਾਂ ਵੀ ਕਰਵਾ ਰਹੀ ਹੈ ਜਿਨ੍ਹਾਂ ਖ਼ਿਲਾਫ਼ ਦਿੱਲੀ ਪੁਲਸ ਨੇ ਨੋਟਿਸ ਕੱਢੇ ਹਨ, ਕੇਸ ਦਰਜ ਕੀਤੇ ਹਨ ਜਦਕਿ ਇਨ੍ਹਾਂ ਦਾ 26 ਜਨਵਰੀ ਦੀ ਕਥਿਤ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਅੱਜ ਵੀ ਇਕ ਕੇਸ ਵਿਚ ਅੰਮ੍ਰਿਤਪਾਲ ਸਿੰਘ ਨੂੰ ਮਾਣਯੋਗ ਜੱਜ ਨੇ ਅਗਾਉਂ ਜ਼ਮਾਨਤ ਦੇ ਦਿੱਤੀ ਜਦਕਿ ਕੱਲ ਵੀ ਜੱਜ ਨੇ ਇਹ ਮੰਨਿਆ ਸੀ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਦੀ ਕੋਈ ਜ਼ਰੂਰਤ ਨਹੀਂ ਅਤੇ ਖੁਦ ਦਿੱਲੀ ਪੁਲਸ ਨੇ ਵੀ ਮੰਨਿਆ ਸੀ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਤੋਂ ਇਲਾਵਾ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਅੱਜ 11 ਹੋਰ ਵਿਅਕਤੀਆਂ ਦੀਆਂ ਜ਼ਮਾਨਤਾਂ ਦੀਆਂ ਅਰਜ਼ੀਆਂ ਲੱਗ ਗਈਆਂ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਵੱਧ ਤੋਂ ਵੱਧ ਅਗਲੇ ਹਫ਼ਤੇ ਤੱਕ ਗ੍ਰਿਫ਼ਤਾਰ ਕੀਤੇ ਗਏ ਸਾਰੇ 120 ਵਿਅਕਤੀ ਜ਼ਮਾਨਤ ’ਤੇ ਰਿਹਾਅ ਹੋ ਜਾਣਗੇ ਅਤੇ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਇਸ ਮਿਸ਼ਨ ਵਿਚ ਸਫ਼ਲ ਹੋਵੇਗੀ।

  • 73
  •  
  •  
  •  
  •