ਕੈਨੇਡਾ ਦੀਆਂ ਵੱਖ-ਵੱਖ 100 ਤੋਂ ਵੱਧ ਜਥੇਬੰਦੀਆਂ ਨੇ ਕਿਸਾਨ ਸੰਘਰਸ਼ ਦਾ ਕੀਤਾ ਸਮਰਥਨ

ਕੈਨੇਡਾ ‘ਚ 100 ਤੋਂ ਵੱਧ ਮਜ਼ਦੂਰ, ਸਮਾਜਿਕ ਅਤੇ ਭਾਈਚਾਰਕ ਸੰਸਥਾਵਾਂ ਨੇ ‘ਟਰਾਂਟੋ ਸਟਾਰ’ ਅਖਬਾਰ ‘ਚ ਪੂਰੇ ਸਫੇ ਦਾ ਇਸ਼ਤਿਹਾਰ ਦੇ ਕੇ ਭਾਰਤ ਦੇ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਅਜਿਹਾ ਹੀ ਬੀਤੇ ਦਿਨੀਂ ਅਮਰੀਕਾ ‘ਚ ਕੀਤਾ ਗਿਆ ਸੀ। ਇਸ਼ਤਿਹਾਰ ‘ਚ ਕਿਹਾ ਗਿਆ ਕਿ ਕਾਰਪੋਰੇਟ ਪੱਖੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਦਾ ਅੰਦੋਲਨ ਭਾਰਤੀ ਇਤਿਹਾਸ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਲੰਬੀ ਲਹਿਰ ਬਣ ਗਿਆ ਹੈ। ਸਤੰਬਰ 2020 ਵਿਚ ਮੋਦੀ ਸਰਕਾਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਅਤੇ ਕਿਸਾਨ ਦੇ ਮਸ਼ਵਰੇ ਬਗੈਰ ਇਹ ਤਿੰਨ ਖੇਤੀ ਕਾਨੂੰਨ ਬਣਾ ਲਏ। ਜਿਸ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ।

ਅੱਗੇ ਕਿਹਾ ਗਿਆ ਹੈ ਕਿ ਕਈ ਮਹੀਨਿਆਂ ਤੋਂ, ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਸ਼ਾਂਤੀ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਲੱਖਾਂ ਕਿਸਾਨਾਂ ਨੂੰ ਸਰਦੀਆਂ ‘ਚ ਜਲ ਤੋਪਾਂ, ਅੱਥਰੂ ਗੈਸ ਅਤੇ ਬੈਰੀਕੇਡ ਸਮੇਤ ਵਹਿਸ਼ੀ ਦਮਨਕਾਰੀ ਪੁਲਿਸ ਦਾ ਸਾਹਮਣਾ ਕਰਨਾ ਪਿਆ। 220 ਕਿਸਾਨਾਂ ਦੀ ਅਜਿਹੇ ਸਖ਼ਤ ਹਾਲਤਾਂ ਕਾਰਨ ਮੌਤ ਹੋ ਗਈ ਹੈ, ਕੁਝ ਕੁ ਬਦਕਿਸਮਤੀ ਨਾਲ ਨਿਰਾਸ਼ਾ ਦੇ ਵਿਚ ਆ ਕੇ ਖੁਦਕੁਸ਼ੀ ਕਰ ਗਏ। ਜਥੇਬੰਦੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਇੱਕ ਖ਼ਾਸੀਅਤ ਹੈ ਕਿ ਇਸ ਵਿਚ ਔਰਤਾਂ ਨੇ ਵੀ ਮਰਦਾਂ ਦੇ ਵਾਂਗ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਇਸ ਵਿਚ ਬਜ਼ੁਰਗ ਜੋ ਖ਼ਾਸ ਕਰ 80ਵਿਆਂ ਦੇ ਨੇੜੇ ਪਹੁੰਚ ਚੁੱਕੇ ਹਨ, ਉਨ੍ਹਾਂ ਨੇ ਜ਼ਬਰ-ਜ਼ੁਲਮ ਦਾ ਸਿਕੰਜ਼ਾ ਤੋੜਨ ਲਈ ਦ੍ਰਿੜਤਾ ਦਾ ਸਬੂਤ ਦਿੱਤਾ।

ਉਨ੍ਹਾਂ ਕਿਹਾ ਕਿ ਲੋਕਤੰਤਰੀ ਅਧਿਕਾਰਾਂ ਦਾ ਵਿਸਤਾਰ ਅਤੇ ਰੱਖਿਆ ਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਤੌਰ ‘ਤੇ, ਅਸੀਂ ਇਹ ਸਮਝਦੇ ਹਾਂ ਕਿ ਜੇ ਕਿਤੇ ਵੀ ਅਜਿਹੇ ਅਧਿਕਾਰਾਂ ‘ਤੇ ਹਮਲਾ ਹੁੰਦਾ ਹੈ ਤਾਂ ਉਹ ਹਮਲਾ ਸਾਰੇ ਪਾਸੇ ਹੀ ਹੋ ਰਿਹਾ ਹੈ। ਕਿਸਾਨ ਆਪਣੇ ਹੱਕਾਂ ਦੇ ਲਈ ਆਪਣੀ ਬਲੀ ਦੇ ਰਹੇ ਹਨ ਅਤੇ ਸਾਰੇ ਸੰਸਾਰ ਲਈ ਇੱਕ ਸ਼ਾਨਦਾਰ ਮਿਸਾਲ ਕਾਇਮ ਕਰ ਰਹੇ ਹਨ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਅੰਦੋਲਨ ਨੂੰ ਬਦਨਾਮ ਕਰਨਾ ਬੰਦ ਕਰੇ ਅਤੇ ਮਨੁੱਖੀ ਅਤੇ ਜਮਹੂਰੀ ਅਧਿਕਾਰਾਂ ਦੇ ਰੱਖਿਅਕਾਂ ਨੂੰ ਅਪਰਾਧੀ ਬਣਾਉਣਾ ਬੰਦ ਕਰੇ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਸੁਣੇ।

  • 103
  •  
  •  
  •  
  •