ਜੈਤੋ ਦੇ ਮੋਰਚੇ ਨੂੰ ਦੂਜਾ ਸ਼ਹੀਦੀ ਜਥਾ ਰਵਾਨਾ

-ਬਲਦੀਪ ਸਿੰਘ ਰਾਮੂੰਵਾਲੀਆ

ਮਾਂ ਜੀ! ਨਾਭੇ ਨੂੰ ਜ਼ਰੂਰ ਜਾਵਾਂਗਾ, ਭਾਵੇਂ ਸਿਰ ਕਟ ਜਾਵੇ ਮੇਰਾ।

ਮਹਾਰਾਜਾ ਨਾਭਾ ਨੂੰ ਗੱਦੀ ਤੋਂ ਉਤਾਰਨ ਅਤੇ ਜੈਤੋ ਵਿਖੇ ਅਖੰਡ ਪਾਠ ਸਾਹਿਬ ਖੰਡਿਤ ਕਰਨ ਦੇ ਰੋਸ ਵਿੱਚ ਪਹਿਲੇ ਅਕਾਲੀ ਜੱਥੇ ਉਪਰ ਹੋਏ ਤਸ਼ੱਦਦ ਨੇ ਕੌਮ ਨੂੰ ਹੋਰ ਚੜ੍ਹਦੀਕਲਾ ਵਿੱਚ ਲੈ ਆਂਦਾ। ਸ਼੍ਰੋਮਣੀ ਕਮੇਟੀ ਦੇ ਐਲਾਨ ਸਦਕਾ ਦਿਨਾਂ ਵਿੱਚ ਹੀ 500 ਸਿਰਲੱਥਾਂ ਦਾ ਦੂਜਾ ਜਥਾ ਵੀ ਜੈਤੋ ਜਾਣ ਲਈ ਤਿਆਰ ਸੀ । 27 ਫਰਵਰੀ 1924 ਨੂੰ ਇਹ ਜੱਥਾ ਤੇ ਹੋਰ ਬਹੁਤ ਸਾਰੀ ਸੰਗਤ ਅੰਮ੍ਰਿਤਸਰ ਪੁੱਜ ਗਈ। ਇਸ ਜੱਥੇ ਵਿਚ ਸਿਆਲਕੋਟ, ਗੁਰਦਾਸਪੁਰ, ਅੰਮ੍ਰਿਤਸਰ, ਗੁਜਰਾਂਵਾਲਾ, ਜਲੰਧਰ ਤੇ ਹੁਸ਼ਿਆਰਪੁਰ ਦੇ ਰਲੇ ਮਿਲੇ ਸਿੰਘ ਸਨ। ਜੱਥੇ ਦਾ ਵੱਡਾ ਜੱਥੇਦਾਰ ਸ. ਇੰਦਰ ਸਿੰਘ, ਪਿੰਡ ਮਿਰਜ਼ਾ, ਜਿਲ੍ਹਾ ਸਿਆਲਕੋਟ ਅਤੇ ਸਹਾਇਕ ਜੱਥੇਦਾਰ ਸ. ਤਰਜੀਤ ਸਿੰਘ, ਕੋਟ ਧਰਮਚੰਦ ਅੰਮ੍ਰਿਤਸਰ, ਸ. ਪ੍ਰਿਤਪਾਲ ਸਿੰਘ ਗੁਰਦਾਸਪੁਰ ਨਿਯਤ ਕੀਤੇ ਗਏ।

28 ਫਰਵਰੀ ਨੂੰ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਅਕਾਲ ਤਖ਼ਤ ਦੇ ਸਨਮੁਖ ਦੀਵਾਨ ਸਜਿਆ। 10 ਵਜੇ ਜੈਤੋ ਨੂੰ ਜਾਣ ਵਾਲੇ 25 ਸਿੰਘਾਂ ਦਾ ਜਥਾ ਤੇ 12 ਵਜੇ ਭਾਈ ਫੇਰੂ ਨੂੰ ਜਾਣ ਵਾਲਾ 90 ਸਿੰਘਾਂ ਦਾ ਜਥਾ, ਪੰਥ ਕੋਲੋਂ ਆਗਿਆ ਲੈ ਰਵਾਨਾ ਹੋਇਆ। 2 ਵਜੇ ਦੇ ਕਰੀਬ ਸ਼ਹੀਦੀ ਜਥਾ ਵੀ ਪੁਜ ਗਿਆ । ਇਸ ਵਕਤ 20-25 ਹਜ਼ਾਰ ਸੰਗਤ ਦਾ ‘ਕੱਠ ਸੀ। ਦੂਰੋਂ ਨੇੜਿਓ ਸਭ ਮਰਜੀਵੜਿਆਂ ਦੇ ਦਰਸ਼ਨ ਕਰਨ ਲਈ ਪੁਜੇ ਸਨ। ਸ.ਨਿਰਮਲ ਸਿੰਘ ਬੀ.ਏ ਨੇ ਕਵਿਤਾ ਪੜ੍ਹੀ:-

ਕਲਗੀ ਵਾਲਿਆ ਤੇਰਾ ਨਾਮ ਲੈ ਕੇ,
ਅਸੀਂ ਨਿਕਲ ਆਏ ਹਾਂ ਮੈਦਾਨ ਅੰਦਰ।
ਅੰਗ ਸੰਗ ਹੋ ਕੇ ਕਰੀਂ ਸਹਾਇਤਾ ਤੂੰ,
ਆਪਣੇ ਬੱਚਿਆਂ ਦੀ ਇਮਤਿਹਾਨ ਅੰਦਰ।
ਸਾਰੇ ਮਰ ਮਿਟੀਏ ਭਾਵੇਂ ਰਹੇ ਕੋਈ ਨਾ,
ਨਾਮ ਲੈਣ ਜੋਗਾ ਇਸ ਜਹਾਨ ਅੰਦਰ।
ਫਰਕ ਵਾਲ ਜਿੰਨਾ ਨਾ ਆਉਣ ਦੇਈਏ,
ਤੇਰੀ ਸਾਹਿਬਾ ! ਸਿੱਖੀ ਦੀ ਸ਼ਾਨ ਅੰਦਰ।

ਜਥੇਦਾਰ ਅਕਾਲ ਤਖ਼ਤ ਨੇ ਭਰੀ ਸਭਾ ਵਿੱਚ ਸ਼ਹੀਦੀ ਜਥੇ ਦੇ ਮੈਂਬਰਾਂ ਨੂੰ ਖੜੇ ਹੋਣ ਵਾਸਤੇ ਕਿਹਾ, ਜਥਾ ਖਲੋ ਗਿਆ। ਸੰਬੋਧਨ ਹੁੰਦਿਆਂ ਜਥੇਦਾਰ ਨੇ ਕਿਹਾ “ਸੂਰਬੀਰੋ! ਅਕਾਲ ਤਖ਼ਤ ਸਾਹਿਬ ਦੇ ਹੁਕਮ ਬਿਨਾ ਕੋਈ ਕੰਮ ਨਹੀਂ ਕਰਨਾ। ਜਥੇ ਤੋਂ ਵਖਰੇ ਹੋ ਕੇ ਕਿਸੇ ਪਿੰਡ ਵਿਚ ਨਹੀਂ ਜਾਣਾ। ਤੁਹਾਡੇ ਵੀਰਾਂ ਨੇ ਜੈਤੋ ਵਿਚ ਸ਼ਹੀਦੀ ਪ੍ਰਾਪਤ ਕਰ ਕੇ ਕੌਮ ਦੀ ਸ਼ਾਨ ਉਚੀ ਕਰ ਦਿੱਤੀ ਹੈ।ਤੁਸੀਂ ਸ਼ਾਂਤਮਈ ਰਹਿੰਦੇ ਹੋਏ ਹਰ ਪ੍ਰਕਾਰ ਦੀ ਸੇਵਾ ਕਰਨੀ।” ਇਸਦੇ ਨਾਲ ਹੀ ਮੀਤ ਜੱਥੇਦਾਰ ਨੇ ਸੰਗਤ ਵੱਲ ਸੰਬੋਧਨ ਕਰਦਿਆਂ ਕਿਹਾ ‘ਹਿੰਦੂ ਮੁਸਲਮਾਨ ਭਰਾਵੋ! ਵੇਖ ਲਵੋ, ਜੱਥੇ ਪਾਸ ਕੋਈ ਪਿਸਤੌਲ, ਬੰਦੂਕ ਜਾਂ ਹਥਿਆਰ ਨਹੀਂ। ਸਰਕਾਰ ਸਿੱਖਾਂ ਨੂੰ ਬਦਨਾਮ ਕਰਨ ਲਈ ਹਥਿਆਰਾਂ ਦਾ ਬਹਾਨਾ ਬਣਾਉਂਦੀ।’

ਸ਼ਹੀਦੀ ਜੱਥੇ ਦੇ ਇਕ ਮੈਂਬਰ ਭਾਈ ਹਰਨਾਮ ਸਿੰਘ ਦੇ ਭਰਾ ਵੀ ਉਸਨੂੰ ਵਿਦਾ ਕਰਨ ਲਈ ਪੁਜੇ ਸਨ , ਉਹਨਾਂ ਭਰੀ ਸਭਾ ਵਿਚ ਜਥੇ ਲਈ ਜਿੱਥੇ 500 ਦਮੜੇ ਸੇਵਾ ਦਿੱਤੀ ਉਥੇ ਹੀ ਨਾਲ ਕਿਹਾ ਕਿ “ਜੇ ਸਾਡਾ ਭਰਾ ਜੈਤੋ ਵਿਚ ਸ਼ਹੀਦ ਹੋ ਜਾਵੇ ਤਾਂ ਅਸੀਂ ਉਸ ਦੀ ਜਾਇਦਾਦ ਵੀ ਸ਼੍ਰੋਮਣੀ ਕਮੇਟੀ ਨੂੰ ਅਰਦਾਸ ਕਰਵਾ ਦਿਆਂਗੇ ਤੇ ਨਾਲ ਹੀ ਆਪ ਵੀ ਤੇ ਭਾਈ ਹਰਨਾਮ ਸਿੰਘ ਪੁੱਤਰ ਵੀ ਤੀਸਰੇ ਸ਼ਹੀਦੀ ਜੱਥੇ ਵਿੱਚ ਜਾਣ ਲਈ ਤਿਆਰ ਰਹਾਂਗੇ।” ਸ਼ਹੀਦੀ ਜੱਥੇ ਵਿੱਚ ਜਾਣ ਵਾਲੇ ਇੱਕ ਉਦਾਸੀ ਮਹਾਤਮਾ ਨੇ 930 ਦਮੜੇ ਅਕਾਲ ਤਖ਼ਤ ਤੇ ਭੇਟ ਕਰਦਿਆਂ ਕਿਹਾ ਕਿ “ਮੈਂ ਸ਼ਹੀਦ ਹੋ ਜਾਵਾਂ ਤਾਂ ਇਹ ਰਕਮ ਗੁਰੂ ਕੇ ਖਜ਼ਾਨੇ ਵਿੱਚ ਪਾ ਦਿੱਤੀ ਜਾਵੇ।”

ਇਕ ਬੀਬੀ, ਜਿਸ ਦਾ ਪਤੀ ਇਸ ਸ਼ਹੀਦੀ ਜਥੇ ਵਿੱਚ ਜਾ ਰਿਹਾ ਸੀ, ਉਹ ਵੀ ਸਭਾ ਵਿਚ ਆਈ ਤੇ ਉਸਨੇ ਆਪਣੇ ਪਤੀ ਦੇ ਗਲ ਵਿੱਚ ਹਾਰ ਪਾਏ ਤੇ ਉਸਦੇ ਪੈਰਾਂ ਤੇ ਮੱਥਾ ਟੇਕਕੇ ਕਿਹਾ “ਤੁਸੀਂ ਹੌਂਸਲੇ ਨਾਲ ਜਾਣਾ, ਕੋਈ ਫਿਕਰ ਨਾ ਕਰਨਾ , ਆਪਣਾ ਦਿਲ ਮਜ਼ਬੂਤ ਰੱਖਣਾ।” ਇਸ ਬੀਬੀ ਦੇ ਚਿਹਰੇ ਦਾ ਜਲਾਲ ਤੱਕਿਆਂ ਹੀ ਬਣਦਾ ਸੀ। ਸੰਗਤ ਭਾਵੁਕ ਹੋ ਗਈ ਬੋਲ ਸੁਣ। ਇਕ ਸਿੱਖ ਖੜਾ ਹੋਇਆ , ਜਿਸਦਾ ਇਕ ਪੁੱਤਰ ਪਹਿਲੇ ਜੱਥੇ ਵਿੱਚ ਸ਼ਹੀਦ ਹੋ ਚੁਕਾ ਸੀ। ਉਹ ਇਸ ਸ਼ਹੀਦੀ ਜਥੇ ਵਿੱਚ ਆਪਣੇ ਦੂਸਰੇ ਪੁੱਤਰ ਨੂੰ ਤੋਰਨ ਲਈ ਆਏ ਸਨ।

ਅਰਦਾਸ , ਉਪਰੰਤ ਜਥਾ ਤੁਰਨ ਹੀ ਲੱਗਾ ਸੀ ਕਿ, ਗਾਂਧੀ ਦੀ ਤਾਰ ਆ ਗਈ ਕਿ ਜਥਾ ਨ ਭੇਜਿਆ ਜਾਵੇ, ਕਿਤੇ ਪਹਿਲੇ ਵਾਂਗ ਦੂਸਰਾ ਜਥਾ ਵੀ ਜ਼ੁਲਮ ਦਾ ਸ਼ਿਕਾਰ ਨ ਹੋ ਜਾਵੇ। ਇਸ ਪਰ ਕੁਝ ਸੱਜਣ ਮੁਲਤਵੀ ਕਰਨ ਬਾਰੇ ਸੋਚਣ ਲੱਗੇ ਤਾਂ ਜਥੇ ਦੇ ਮੁਖੀਆਂ ਨੇ ਕਿਹਾ ਅਰਦਾਸ ਹੋ ਚੁਕੀ ਹੈ ‘ਅਖੰਡ ਪਾਠ ਹੋਵੇ ਜਾਂ ਸ਼ਹਾਦਤ, ਜਾਣਾ ਅਟੱਲ ਹੈ।’

ਸ਼ਾਮ ਨੂੰ ਚਾਰ ਵਜੇ ਜਥਾ ਅਕਾਲ ਤਖ਼ਤ ਤੋਂ ਰਵਾਨਾ ਹੋ, ਦਰਬਾਰ ਸਾਹਿਬ ਮੱਥਾ ਟੇਕ, ਪ੍ਰਕਰਮਾ ਕਰਦਾ ਹੈ। ਇਸ ਸਮੇਂ ਬੁੰਗਿਆਂ ਤੇ ਘਰਾਂ ਦੀਆਂ ਛੱਤਾਂ ਤੇ ਖੜੇ ਹਜ਼ਾਰਾਂ ਲੋਕ , ਇਹਨਾਂ ਮੌਤ ਲੜੀ ਵਰਨ ਜਾ ਰਹੀ ਲਾੜਿਆਂ ਦੀ ਚੜ੍ਹਦੀਕਲਾ ਵੇਖ ਦੰਗ ਸਨ। ਅਖ਼ਬਾਰਾਂ ਦੇ ਪ੍ਰਤੀਨਿਧ ਮੌਜੂਦ ਸਨ। ਗੁਰੂ ਮਹਾਰਾਜ ਦੀ ਸਵਾਰੀ ਦੇ ਪਿਛੇ, ਚਿੱਟੇ ਲੀੜੇ ਪਾਈ ਨਿਰਮਲੇ ਸਾਧੂਆਂ ਦਾ ਇਕ ਜਥਾ, ਸ਼ਹੀਦੀ ਜੱਥੇ ਨਾਲ ਜਾ ਰਿਹਾ ਸੀ। ਸਾਢੇ ਚਾਰ ਵਜੇ ਘੰਟਾ ਘਰ ਵਾਲੇ ਪਾਸੇ ਤੋਂ ਰਵਾਨਾ ਹੋਏ। ਭਾਈ ਮੁਕੰਦ ਸਿੰਘ ਨੇ ਸੰਗਤ ਨੂੰ ਅਕਾਲ ਤਖ਼ਤ ਦਾ ਹੁਕਮ ‘ਨਾਲ ਨਹੀਂ ਜਾਣਾ’ ਯਾਦ ਕਰਵਾ ਵਾਪਸ ਮੋੜਿਆ। ਸ਼਼ਹੀਦੀ ਜੱਥਾ ਆਪਣੀ ਮੰਜ਼ਿਲ ਵੱਲ ਨੂੰ ਪੜ੍ਹਦਾ ਜਾ ਰਿਹਾ ਸੀ;-

ਜਉ ਤਉ ਪ੍ਰੇਮ ਖੇਲਣ ਕਾ ਚਾਉ।
ਸਿਰ ਧਰ ਤਲੀ ਗਲੀ ਮੇਰੀ ਆਉ।।

  • 123
  •  
  •  
  •  
  •