ਪੰਜਾਬ ਸਮੇਤ 6 ਰਾਜਾਂ ਵਿਚ ਕੋਰੋਨਾ ਕੇਸਾਂ ‘ਚ ਭਾਰੀ ਵਾਧਾ: ਕੇਂਦਰ ਸਰਕਾਰ

ਭਾਰਤ ਸਰਕਾਰ ਨੇ ਕਿਹਾ ਹੈ ਕਿ ਮਹਾਰਾਸ਼ਟਰ, ਕੇਰਲਾ, ਪੰਜਾਬ, ਕਰਨਾਟਕਾ, ਤਾਮਿਲਨਾਡੂ ਤੇ ਗੁਜਰਾਤ ਵਿਚ ਕੋਵਿਡ 19 ਦੇ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਇਨ੍ਹਾਂ 6 ਰਾਜਾਂ ਵਿਚ ਪਿਛਲੇ 24 ਘੰਟਿਆਂ ਵਿਚ 86.37 ਫ਼ੀਸਦੀ ਨਵੇਂ ਕੇਸ ਆਏ ਹਨ। ਕੇਂਦਰ ਸਰਕਾਰ ਨੇ ਕੋਵਿਡ- 19 ਕੇਸਾਂ ਦੀ ਗਿਣਤੀ ’ਚ ਵਾਧਾ ਦਰਸਾਉਣ ਵਾਲੇ ਸੂਬਿਆਂ ਤੇ ਯੂਟੀਜ਼ ਨੂੰ ਕੋਵਿਡ-19 ਸਬੰਧੀ ਨੇਮਾਂ ਦੀ ਉਲੰਘਣਾ ਨਾਲ ਸਖ਼ਤੀ ਨਾਲ ਨਜਿੱਠਣ ਤੇ ਕੇਸਾਂ ਦੀ ਗਿਣਤੀ ’ਚ ਸੰਭਾਵੀ ਪੱਧਰ ’ਤੇ ਵਾਧਾ ਹੋਣ ਦੀ ਸਥਿਤੀ ’ਚ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਰੱਖਣ ਲਈ ਕਿਹਾ ਹੈ।

ਇਸ ਤੋਂ ਪਹਿਲਾਂ ਕੈਬਨਿਟ ਸਕੱਤਰ ਰਾਜੀਵ ਗੁਪਤਾ ਨੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ’ਚ ਮਹਾਰਾਸ਼ਟਰ, ਪੰਜਾਬ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਤੇਲੰਗਾਨਾ ਤੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰਾਂ ਨੇ ਹਿੱਸਾ ਲਿਆ ਸੀ। ਇਸ ਮੌਕੇ ਪ੍ਰਭਾਵਸ਼ਾਲੀ ਟੈਸਟਿੰਗ, ਵੱਡੇ ਪੱਧਰ ’ਤੇ ਕੇਸਾਂ ਦਾ ਟਰੈਕ ਰੱਖਣ, ਪਾਜ਼ੇਟਿਵ ਕੇਸਾਂ ਵਾਲੇ ਵਿਅਕਤੀਆਂ ਨੂੰ ਤੁਰੰਤ ਵੱਖਰਾ ਕਰਨ ਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਨੂੰ ਵੀ ਤੁਰੰਤ ਏਕਾਂਤਵਾਸ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਸੂਬਿਆਂ ਨੂੰ ਇਹ ਸਲਾਹ ਦਿੱਤੀ ਗਈ ਕਿ ਕੋਰੋਨਾ ਦੇ ਵੱਧ ਕੇਸ ਮਿਲਣ ਵਾਲੇ ਜ਼ਿਲ੍ਹਿਆਂ ’ਚ ਪਹਿਲ ਦੇ ਆਧਾਰ ’ਤੇ ਟੀਕਾਕਰਨ ਕਰਵਾਉਣ ਤੋਂ ਇਲਾਵਾ ਕਰੋਨਾ ਦੇ ਨਵੇਂ ਰੂਪਾਂ ਦੇ ਫੈਲਾਅ ਦੀ ਸਹੀ ਢੰਗ ਨਾਲ ਜਾਂਚ ਤੇ ਮੁੱਢਲੇ ਪੱਧਰ ’ਤੇ ਕੇਸਾਂ ਦੀ ਪਛਾਣ ਤੇ ਕੰਟਰੋਲ ਲਈ ਕਲੱਸਟਰਿੰਗ ’ਤੇ ਜ਼ੋਰ ਦਿੱਤਾ ਜਾਵੇ।

  • 53
  •  
  •  
  •  
  •