ਅਮਰੀਕੀ ਰਿਪੋਰਟ ਦਾ ਦਾਅਵਾ- ਚੀਨੀ ਹੈਕਰਾਂ ਨੇ ਭਾਰਤ ‘ਤੇ ਕੀਤਾ ਸੀ ਵੱਡਾ ਸਾਈਬਰ ਹਮਲਾ

ਅਮਰੀਕਾ ਦੀ ਇਕ ਕੰਪਨੀ ਨੇ ਆਪਣੇ ਹਾਲ ਹੀ ਦੇ ਅਧਿਐਨ ਵਿਚ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਚੀਨ ਵਿਚ ਸਰਹੱਦ ‘ਤੇ ਜਾਰੀ ਤਣਾਅ ਵਿਚਾਲੇ ਚੀਨ ਸਰਕਾਰ ਨਾਲ ਜੁੜੇ ਹੈਕਰਾਂ ਦੇ ਇਕ ਸਮੂਹ ਨੇ ‘ਮਾਲਵੇਅਰ’ ਰਾਹੀਂ ਭਾਰਤ ਦੇ ਪਾਵਰਗ੍ਰਿਡ ਸਿਸਟਮ ਨੂੰ ਨਿਸ਼ਾਨਾ ਬਣਾਇਆ। ਪਿਛਲੇ ਸਾਲ ਮੁੰਬਈ ਵਿਚ ਵੱਡੇ ਪੱਧਰ ‘ਤੇ ਬਿਜਲੀ ਦੀ ਸਪਲਾਈ ਠੱਪ ਹੋਣ ਪਿੱਛੇ ਇਹੀ ਮੁੱਖ ਕਾਰਣ ਸੀ। ਅਮਰੀਕਾ ਵਿਚ ਮੈਸੇਚਿਊਸੈੱਟਸ-ਅਧਾਰਿਤ ਕੰਪਨੀ ‘ਰਿਕਾਰਡਿਡ ਫਿਊਚਰ’ ਜੋ ਵੱਖ ਵੱਖ ਮੁਲਕਾਂ ਵੱਲੋਂ ਇੰਟਰਨੈੱਟ ਦੀ ਵਰਤੋਂ ਕਰਨ ਦਾ ਅਧਿਐਨ ਕਰਦੀ ਹੈ, ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਚੀਨ ਅਧਾਰਿਤ ‘ਰੈੱਡਈਕੋ’ ਹੈਕਰਜ਼ ਗਰੁੱਪ ਵੱਲੋਂ ਭਾਰਤੀ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਲਈ ਚਲਾਈ ਮੁਹਿੰਮ ਦੀ ਤਫ਼ਸੀਲ ਸਾਂਝੀ ਕੀਤੀ ਹੈ।

ਪਿਛਲੇ ਸਾਲ 12 ਅਕਤੂਬਰ ਨੂੰ ਮੁੰਬਈ ਵਿਚ ਇਕ ਗ੍ਰਿਡ ਠੱਪ ਹੋਣ ਨਾਲ ਬਿਜਲੀ ਗੁੱਲ ਹੋ ਗਈ ਸੀ। ਇਸ ਨਾਲ ਟਰੇਨਾਂ ਵੀ ਰਸਤੇ ਵਿਚ ਹੀ ਰੁਕ ਗਈਆਂ ਸਨ। ਮਹਾਂਮਾਰੀ ਕਾਰਣ ਘਰਾਂ ਤੋਂ ਕੰਮ ਕਰ ਰਹੇ ਲੋਕਾਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਸੀ। ਆਰਥਿਕ ਗਤੀਵਿਧੀਆਂ ‘ਤੇ ਭਾਰੀ ਅਸਰ ਪਿਆ ਸੀ। ਜ਼ਰੂਰੀ ਸੇਵਾਵਾਂ ਲਈ ਬਿਜਲੀ ਸਪਲਾਈ ਬਹਾਲ ਕਰਨ ਵਿਚ 2 ਘੰਟੇ ਲੱਗ ਗਏ ਸਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਘਟਨਾ ਦੀ ਜਾਂਚ ਦਾ ਹੁਕਮ ਦਿੱਤਾ ਸੀ।

‘ਰਿਕਾਰਡੇਡ ਫਿਊਚਰ’ ਨੇ ਆਨਲਾਈਨ ਸੰਨ੍ਹਮਾਰੀ ਨਾਲ ਸਬੰਧਿਤ ਰਿਪੋਰਟ ਦੇ ਪ੍ਰਕਾਸ਼ਨ ਤੋਂ ਪਹਿਲਾਂ ਭਾਰਤ ਸਰਕਾਰ ਦੇ ਸਬੰਧਿਤ ਵਿਭਾਗਾਂ ਨੂੰ ਇਸ ਬਾਰੇ ਜਾਣੂ ਕਰਾਇਆ। ਅਮਰੀਕੀ ਕੰਪਨੀ ਦੇ ਅਧਿਐਨ ‘ਤੇ ਭਾਰਤ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ‘ਨਿਊਯਾਰਕ ਟਾਈਮਸ’ ਨੇ ਇਕ ਖਬਰ ਵਿਚ ਕਿਹਾ ਕਿ ਇਸ ਖੁਲਾਸੇ ਨਾਲ ਸਵਾਲ ਉਠਿਆ ਹੈ ਕਿ ਮੁੰਬਈ ਵਿਚ ਬਿਜਲੀ ਠੱਪ ਹੋਣ ਪਿੱਛੇ ਕਿਤੇ ਬੀਜਿੰਗ ਇਹ ਸੰਦੇਸ਼ ਤਾਂ ਨਹੀਂ ਦੇਣਾ ਚਾਹੁੰਦਾ ਸੀ ਕਿ ਜੇ ਭਾਰਤ ਨੇ ਸਰਹੱਦ ‘ਤੇ ਹਮਲਾਵਰ ਰਵੱਈਆ ਜਾਰੀ ਰੱਖਿਆ ਤਾਂ ਕਈ ਕੁਝ ਵਾਪਰ ਸਕਦਾ ਹੈ।

ਉਧਰ ਭਾਰਤ ਸਰਕਾਰ ਨੇ ਭਾਵੇਂ ਹਾਲ ਦੀ ਘੜੀ ਅਮਰੀਕੀ ਕੰਪਨੀ ਦੇ ਇਸ ਅਧਿਐਨ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ, ਪਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੈਨਬਿਨ ਨੇ ਅੱਜ ਇਕ ਬਿਆਨ ਵਿੱਚ ਭਾਰਤੀ ਬਿਜਲੀ ਗਰਿੱਡ ਦੀ ਹੈਕਿੰਗ ਵਿੱਚ ਚੀਨ ਦੀ ਸ਼ਮੂਲੀਅਤ ਦੇ ਖਦਸ਼ੇ ਦੀ ਆਲੋਚਨਾ ਕਰਦਿਆਂ ਇਸ ਨੂੰ “ਗੈਰ-ਜ਼ਿੰਮੇਵਾਰਾਨਾ ਅਤੇ ਗ਼ੈਰ-ਇਰਾਦਤਨ” ਤੇ ਬਿਨਾਂ ਸਬੂਤਾਂ ਦੀ ਕਾਰਵਾਈ ਦੱਸਿਆ ਹੈ।

  • 43
  •  
  •  
  •  
  •