ਨੋਟਬੰਦੀ ਦੇ ਮਾੜੇ ਫੈਸਲੇ ਕਰਕੇ ਬੇਰੁਜ਼ਗਾਰੀ ਸਿਖਰ ’ਤੇ: ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਾਲ 2016 ਵਿੱਚ ਲਏ ਨੋਟਬੰਦੀ ਦੇ ਮਾੜੇ ਫੈਸਲੇ ਕਰ ਕੇ ਅੱਜ ਦੇਸ਼ ਵਿੱਚ ਬੇਰੁਜ਼ਗਾਰੀ ਆਪਣੇ ਸਿਖਰਲੇ ਪੱਧਰ ’ਤੇ ਹੈ ਤੇ ਗੈਰ-ਰਸਮੀ ਸੈਕਟਰ ਤਬਾਹੀ ਕੰਢੇ ਪੁੱਜ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਨਾਲ ਨਿਯਮਤ ਸਲਾਹ ਮਸ਼ਵਰਾ ਨਾ ਕਰਨ ਲਈ ਵੀ ਕੇਂਦਰ ਸਰਕਾਰ ਦੀ ਜ਼ੋਰਦਾਰ ਨੁਕਤਾਚੀਨੀ ਕੀਤੀ। ਸਿੰਘ ਇਥੇ ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼ ਵੱਲੋਂ ਕਰਵਾਈ ਵਰਚੁਅਲ ਸਿਖਰ ਵਾਰਤਾ ਦੇ ਉਦਘਾਟਨ ਮਗਰੋਂ ਬੋਲ ਰਹੇ ਸਨ। ਕੇਰਲਾ, ਜਿੱਥੇ 6 ਅਪਰੈਲ ਨੂੰ ਵੋਟਾਂ ਪੈਣੀਆਂ ਹਨ, ਦੀ ਇਸ ਸੰਸਥਾ ਨੂੰ ਅਰਥਚਾਰੇ ਦੇ ਖੇਤਰ ’ਚ ਕਾਂਗਰਸੀ ਵਿਚਾਰਧਾਰਾ ਦਾ ਥਿੰਕ ਟੈਂਕ ਮੰਨਿਆ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਦਰ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਕਰਜ਼ਿਆਂ ਦੇ ਨਾਂ ’ਤੇ ਕੀਤੇ ਆਰਜ਼ੀ ਉਪਰਾਲੇ, ਕਰਜ਼ਿਆਂ ਦੇ ਵਧਦੇ ਸੰਕਟ ਬਾਰੇ ਸਾਡੀਆਂ ਅੱਖਾਂ ਨੂੰ ਬੰਦ ਨਹੀਂ ਕਰ ਸਕਦੇ। ਸਿੰਘ ਨੇ ਕਿਹਾ ਕਿ ਇਸ ਸੰਕਟ ਦੀ ਸਭ ਤੋਂ ਵੱਧ ਮਾਰ ਛੋਟੇ ਤੇ ਦਰਮਿਆਨੇ ਸੈਕਟਰ ਨੂੰ ਪਏਗੀ। ‘ਪ੍ਰਤੀਕਸ਼ਾ 2030’ ਨਾਂ ਹੇਠ ਕਰਵਾਈ ਸਿਖਰ ਵਾਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘ਬੇਰੁਜ਼ਗਾਰੀ ਸਿਖਰਲੇ ਪੱਧਰ ’ਤੇ ਹੈ ਤੇ ਜਦੋਂਕਿ ਗੈਰ-ਰਸਮੀ ਸੈਕਟਰ ਤਬਾਹੀ ਕੰਢੇ ਹੈ। ਇਹ ਸੰਕਟ ਸਾਲ 2016 ਵਿੱਚ ਨੋਟਬੰਦੀ ਦੇ ਮਾੜੇ ਫੈਸਲੇ ਦਾ ਨਤੀਜਾ ਹੈ।’ ਉਨ੍ਹਾਂ ਕਿਹਾ ਕਿ ਕੇਰਲਾ ਤੇ ਹੋਰਨਾਂ ਕਈ ਰਾਜਾਂ ’ਚ ਸਰਕਾਰੀ ਫੰਡਾਂ ’ਚ ਕੀਤੀ ਗੜਬੜ ਕਰਕੇ, ਇਨ੍ਹਾਂ ਰਾਜਾਂ ਨੂੰ ਲੋੜ ਨਾਲੋਂ ਵੱਧ ਕਰਜ਼ੇ ਲੈਣ ਲਈ ਮਜਬੂਰ ਹੋਣਾ ਪਿਆ, ਜਿਸ ਕਰਕੇ ਭਵਿੱਖੀ ਬਜਟਾਂ ’ਤੇ ਨਾ ਸਹਿਣਯੋਗ ਭਾਰ ਪਿਆ। ਸਿੰਘ ਨੇ ਕਿਹਾ, ‘ਸੰਘਵਾਦ ਤੇ ਰਾਜਾਂ ਨਾਲ ਨਿਯਮਤ ਸਲਾਹ ਮਸ਼ਵਰਾ ਭਾਰਤੀ ਅਰਥਚਾਰੇ ਤੇ ਸਿਆਸੀ ਫ਼ਲਸਫ਼ੇ ਦਾ ਨੀਂਹ ਪੱਥਰ ਹਨ ਤੇ ਸੰਵਿਧਾਨ ’ਚ ਵੀ ਇਹ ਗੱਲ ਦਰਜ ਹੈ, ਪਰ ਮੌਜੂਦਾ ਕੇਂਦਰ ਸਰਕਾਰ ਨੂੰ ਸ਼ਾਇਦ ਇਹ ਗੱਲ ਪਸੰਦ ਨਹੀਂ ਹੈ।’ ਸਿੰਘ ਨੇ ਕਿਹਾ ਕਿ ਕੇਰਲਾ ਦਾ ਸਮਾਜਿਕ ਪੱਧਰ ਭਾਵੇਂ ਕਾਫ਼ੀ ਉੱਚਾ ਹੈ, ਪਰ ਭਵਿੱਖ ’ਚ ਹੋਰ ਸੈਕਟਰ ਤਵੱਜੋ ਮੰਗਦੇ ਹਨ। ਉਨ੍ਹਾਂ ਕਿਹਾ, ‘ਅਜੇ ਵੀ ਕਈ ਅੜਿੱਕੇ ਹਨ, ਜਿਨ੍ਹਾਂ ਤੋਂ ਰਾਜ ਨੂੰ ਪਾਰ ਪਾਉਣਾ ਹੋਵੇਗਾ।’ -ਪੀਟੀਆਈ

  • 1
  •  
  •  
  •  
  •