ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਹੋਏ ਨਤਮਸਤਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਅਤੇ ਸੈਨੇਟਰ ਮੁਸਦਿਕ ਮਲਿਕ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ.-ਐਨ.) ਦੇ ਸਥਾਨਕ ਨੇਤਾਵਾਂ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ. ਉਨ੍ਹਾਂ ਗੁਰਦੁਆਰਾ ਅਤੇ ਮਜ਼ਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਸਾਹਿਬ ਕੰਪਲੈਕਸ ‘ਚ ਸਥਾਪਿਤ ਗੈਲਰੀਆਂ ਦਾ ਵੀ ਦੌਰਾ।

ਇਸ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ, ਐਮ. ਪੀ. ਏ. ਰਮੇਸ਼ ਸਿੰਘ ਅਰੋੜਾ ਅਤੇ ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਦਰਜੀਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਦੇ ਬਾਅਦ ਉਹ ਬੱਸ ‘ਚ ਬੈਠ ਕੇ ਡੇਰਾ ਬਾਬਾ ਨਾਨਕ ਸਰਹੱਦ ਨਾਲ ਲਗਦੇ ਜ਼ੀਰੋ ਗੇਟ ‘ਤੇ ਪਹੁੰਚੇ। ਇਸ ਮੌਕੇ ਰਮੇਸ਼ ਸਿੰਘ ਅਰੋੜਾ ਨੇ ਉਨ੍ਹਾਂ ਨੂੰ ਦੱਸਿਆ ਕਿ ਹੁਣ ਪਾਕਿ ਸਰਕਾਰ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਦਾ ਦੂਜਾ ਪੜਾਅ ਸ਼ੁਰੂ ਕਰਨ ਜਾ ਰਹੀ ਹੈ, ਜਿਸ ‘ਚ ਯਾਤਰੂਆਂ ਲਈ ਗੁਰਦੁਆਰਾ ਸਾਹਿਬ ਦੇ ਬਾਹਰਵਾਰ ਸ਼ਾਪਿੰਗ ਮਾਲ, 500 ਕਮਰਿਆਂ ਦੀ ਸਰਾਂ, ਪਾਰਕ ਅਤੇ ਹੋਟਲ ਆਦਿ ਦਾ ਨਿਰਮਾਣ ਕਰਵਾਇਆ ਜਾਵੇਗਾ।

ਅਰੋੜਾ ਨੇ ਦੱਸਿਆ ਕਿ ਅੱਬਾਸੀ ਨੇ ਕਿਹਾ ਹੈ, ”ਸਿੱਖਾਂ ਦੀਆਂ ਜੜ੍ਹਾਂ ਪਾਕਿਸਤਾਨ ਵਿਚ ਹਨ, ਬਾਬਾ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਤੇ ਆਖ਼ਰੀ ਅਰਾਮਗਾਹ ਪਾਕਿਸਤਾਨ ਵਿਚ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਦਾ ਪ੍ਰਕਾਸ਼ ਅਸਥਾਨ ਅਤੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਅਸਥਾਨ ਪਾਕਿਸਤਾਨ ਦੀ ਧਰਤੀ ‘ਤੇ ਹੈ। ਪਾਕਿਸਤਾਨ ਅਤੇ ਸਿੱਖ ਸਮਾਜ ਦਾ ਆਪਸ ਵਿਚ ਅਨਿੱਖੜਵਾਂ ਰਿਸ਼ਤਾ ਹੈ, ਇਹ ਮੁਲਕ ਹਮੇਸ਼ਾਂ ਤੋਂ ਸਿੱਖਾਂ ਦੀਆਂ ਇਬਾਦਤਗਾਹਾਂ ਨੂੰ ਸੁਰੱਖਿਆ ਦਿੰਦਾ ਆਇਆ ਹੈ”।

ਅੱਬਾਸੀ ਨੇ ਸਿੱਖ ਰਵਾਇਤਾਂ ਮੁਤਾਬਕ ਪੰਗਤ ਵਿਚ ਬੈਠ ਕੇ ਲੰਗਰ ਛੱਕਿਆ। ਇਸ ਮੌਕੇ ਗੁਰਦੁਆਰੇ ਦੇ ਮੁੱਖ ਗ੍ੰਥੀ ਭਾਈ ਗੋਬਿੰਦ ਸਿੰਘ ਨੇ ਅੱਬਾਸੀ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦਿੱਤਾ। ਮੁਸਦਿਕ ਮਲਿਕ ਅਤੇ ਅੱਬਾਸੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਬਿਨਾਂ ਦੇਰੀ ਕੀਤੇ ਕਰਤਾਰਪੁਰ ਲਾਂਘਾ ਸੰਗਤ ਦੇ ਦਰਸ਼ਨਾਂ ਲਈ ਖੋਲ੍ਹ ਦੇਣਾ ਚਾਹੀਦਾ ਹੈ, ਕਿਉਂਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਦਾ ਪ੍ਰਮੁੱਖ ਤੀਰਥ ਅਸਥਾਨ ਹੈ। ਮੈਂਬਰ ਇੰਦਰਜੀਤ ਸਿੰਘ ਨੇ ਕਿਹਾ ਕਿ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਰਤਾਰਪੁਰ ਲਾਂਘਾ ਮੁੜ ਖੁਲ੍ਹਵਾਉਣ ਲਈ ਸਰਕਾਰ ‘ਤੇ ਜ਼ੋਰ ਪਾਉਣਾ ਚਾਹੀਦਾ ਹੈ।

  • 140
  •  
  •  
  •  
  •