ਚੀਨ ਨੇ ਰੱਖਿਆ ਬਜਟ ਕੀਤਾ 209 ਅਰਬ ਡਾਲਰ, ਭਾਰਤ ਤੋਂ ਤਿੰਨ ਗੁਣਾ ਵੱਧ

ਚੀਨ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਆਪਣਾ ਰੱਖਿਆ ਬਜਟ 200 ਅਰਬ ਡਾਲਰ ਤੋਂ ਵੱਧ ਕਰ ਦਿੱਤਾ, ਜੋ ਭਾਰਤ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ। ਚੀਨੀ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਦੁਆਰਾ ਚੀਨੀ ਰੱਖਿਆ ਖਰਚੇ ਵਿੱਚ ਵਾਧੇ ਦਾ ਐਲਾਨ ਨੈਸ਼ਨਲ ਪੀਪਲਜ਼ ਕਾਂਗਰਸ ਵਿੱਚ ਕੀਤਾ। ਹੁਣ ਚੀਨ ਦਾ ਕੁੱਲ ਰੱਖਿਆ ਬਜਟ 209 ਅਰਬ ਡਾਲਰ ਹੋ ਗਿਆ ਹੈ।

ਫ਼ੌਜੀ ਖ਼ਰਚਿਆਂ ਵਿਚ ਵਾਧੇ ਦਾ ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਜਦੋਂ ਲੱਦਾਖ ਸਰਹੱਦ ‘ਤੇ ਭਾਰਤ ਨਾਲ ਤਣਾਅ ਚੱਲ ਰਿਹਾ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚ ਤਣਾਅ ਵਾਲੇ ਖੇਤਰਾਂ ਵਿਚ ਫ਼ੌਜੀਆਂ ਦੀ ਵਾਪਸੀ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਉਧਰ, ਚੀਨ ਦਾ ਅਮਰੀਕਾ ਨਾਲ ਵੀ ਫ਼ੌਜੀ ਅਤੇ ਸਿਆਸੀ ਤਣਾਅ ਵੱਧਦਾ ਜਾ ਰਿਹਾ ਹੈ। ਖ਼ਬਰ ਏਜੰਸੀ ਸਿਨਹੂਆ ਅਨੁਸਾਰ ਇਸ ਸਾਲ ਰੱਖਿਆ ‘ਤੇ 209 ਅਰਬ ਡਾਲਰ ਖ਼ਰਚ ਕੀਤੇ ਜਾਣਗੇ। ਇਹ ਲਗਾਤਾਰ ਛੇਵਾਂ ਅਜਿਹਾ ਸਾਲ ਹੈ ਜਦੋਂ ਰੱਖਿਆ ਬਜਟ ਵਿਚ ਵਾਧਾ ਇਕਾਈ ਅੰਕ ਵਿਚ ਰਿਹਾ। ਦੇਸ਼ ਦੇ ਰੱਖਿਆ ਬਜਟ ਨੇ ਪਹਿਲੀ ਵਾਰ 200 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕੀਤਾ ਹੈ। ਹਾਲਾਂਕਿ ਰੱਖਿਆ ਬਜਟ ਦੇ ਮਾਮਲੇ ਵਿਚ ਚੀਨ ਹੁਣ ਵੀ ਅਮਰੀਕਾ ਤੋਂ ਕਾਫ਼ੀ ਪਿੱਛੇ ਹੈ।

ਚੀਨ ਦੇ ਮੁਕਾਬਲੇ ਅਮਰੀਕਾ ਦਾ ਰੱਖਿਆ ਬਜਟ ਤਕਰੀਬਨ ਚਾਰ ਗੁਣਾ ਜ਼ਿਆਦਾ ਹੈ। ਸਾਲ 2021 ਲਈ ਅਮਰੀਕਾ ਦਾ ਰੱਖਿਆ ਬਜਟ 740 ਅਰਬ ਡਾਲਰ (ਕਰੀਬ 54 ਲੱਖ ਕਰੋੜ ਰੁਪਏ) ਹੈ ਜਦਕਿ ਭਾਰਤ ਦਾ ਰੱਖਿਆ ਬਜਟ 65 ਅਰਬ ਡਾਲਰ (ਕਰੀਬ ਚਾਰ ਲੱਖ 80 ਹਜ਼ਾਰ ਕਰੋੜ ਰੁਪਏ) ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਮੁਤਾਬਕ ਪਿਛਲੇ ਸਾਲ ਰੱਖਿਆ ਬਜਟ ਲਈ 196 ਅਰਬ ਡਾਲਰ (ਕਰੀਬ 14 ਲੱਖ ਕਰੋੜ ਰੁਪਏ) ਰੱਖੇ ਗਏ ਸਨ। ਪ੍ਰਧਾਨ ਮੰਤਰੀ ਲੀ ਨੇ ਵਰਕ ਰਿਪੋਰਟ ਵਿਚ ਕਿਹਾ ਕਿ ਪਿਛਲੇ ਸਾਲ ਰਾਸ਼ਟਰੀ ਸੁਰੱਖਿਆ ਅਤੇ ਹਥਿਆਰਬੰਦ ਫ਼ੌਜਾਂ ਦੇ ਵਿਕਾਸ ਦੀ ਦਿਸ਼ਾ ਵਿਚ ਵੱਡੀ ਉਪਲੱਬਧੀ ਹਾਸਲ ਕੀਤੀ ਗਈ।

  • 129
  •  
  •  
  •  
  •