ਵਿਸ਼ਵ ‘ਚ 2019 ਦੇ ਵਿਚ 93.1 ਕਰੋੜ ਟਨ ਭੋਜਨ ਹੋਇਆ ਬਰਬਾਦ: ਰਿਪੋਰਟ

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਿਕ ਸਾਲ 2019 ‘ਚ ਦੁਨੀਆ ਭਰ ‘ਚ 93.1 ਕਰੋੜ ਟਨ ਖਾਣਾ ਬਰਬਾਦ ਹੋਇਆ। ਇਸ ‘ਚ ਭਾਰਤ ਦੇ ਘਰਾਂ ‘ਚ ਬਰਬਾਦ ਹੋਏ ਭੋਜਨ ਦੀ ਮਾਤਰਾ 6 ਕਰੋੜ 87 ਲੱਖ ਟਨ ਹੈ। ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂ.ਐਨ.ਈ.ਪੀ.) ਤੇ ਉਸ ਦੇ ਭਾਈਵਾਲ ਸੰਗਠਨ ਡਬਲਿਊ.ਆਰ.ਏ.ਪੀ. ਵਲੋਂ ਜਾਰੀ ‘ਫੂਡ ਵੇਸਟ ਇੰਡੈਕਸ ਰਿਪੋਰਟ 2021’ ‘ਚ ਕਿਹਾ ਗਿਆ ਹੈ ਕਿ 2019 ‘ਚ 93 ਕਰੋੜ 10 ਲੱਖ ਟਨ ਖਾਣਾ ਬਰਬਾਦ ਹੋਇਆ, ਜਿਸ ‘ਚ 61 ਫੀਸਦੀ ਖਾਣਾ ਘਰਾਂ ਤੋਂ, 26 ਫੀਸਦੀ ਫੂਡ ਸੇਵਾਵਾਂ ਤੇ 13 ਫੀਸਦੀ ਖੁਦਰਾ ਖੇਤਰ ‘ਚ ਬਰਬਾਦ ਹੋਇਆ।

ਰਿਪੋਰਟ ਮੁਤਾਬਿਕ ਇਹ ਇਸ਼ਾਰਾ ਕਰਦਾ ਹੈ ਕਿ ਦੁਨੀਆਂ ਭਰ ਦੇ ਕੁੱਲ ਭੋਜਨ ਉਤਪਾਦਨ ਦਾ 17 ਫੀਸਦੀ ਹਿੱਸਾ ਬਰਬਾਦ ਹੋਇਆ। ਏਜੰਸੀ ਨੇ ਕਿਹਾ ਕਿ ਇਸ ਦੀ ਮਾਤਰਾ 40 ਟਨ ਸਮਰੱਥਾ ਵਾਲੇ 2 ਕਰੋੜ 30 ਲੱਖ ਪੂਰੀ ਤਰ੍ਹਾਂ ਨਾਲ ਭਰੇ ਟਰੱਕਾਂ ਦੇ ਬਰਾਬਰ ਹੋਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਹਰ ਸਾਲ 90 ਲੱਖ ਲੋਕਾਂ ਦੀ ਭੁੱਖਮਰੀ ਨਾਲ ਮੌਤ ਹੋ ਜਾਂਦੀ ਹੈ। ਭਾਰਤ ਵਿਚ ਘਰਾਂ ਵਿਚ ਬਰਬਾਦ ਹੋਣ ਵਾਲੇ ਖਾਧ ਪਦਾਰਥ ਦੀ ਮਾਤਰਾ ਹਰੇਕ ਸਾਲ ਪ੍ਰਤੀ ਵਿਅਕਤੀ 50 ਕਿਲੋਗ੍ਰਾਮ ਹੋਣ ਦਾ ਅਨੁਮਾਨ ਹੈ।

ਯੂ.ਐੱਨ.ਈ.ਪੀ. ਦੀ ਕਾਰਜਕਾਰੀ ਨਿਰਦੇਸ਼ਕ ਇੰਗਰ ਐਂਡਰਸਨ ਨੇ ਕਿਹਾ, ”ਜੇਕਰ ਅਸੀਂ ਜਲਵਾਯੂ ਤਬਦੀਲੀ, ਕੁਦਰਤ ਅਤੇ ਜੈਵ ਵਿਭਿੰਨਤਾ ਦੇ ਖੋਰਨ ਅਤੇ ਪ੍ਰਦੂਸ਼ਣ ਅਤੇ ਬਰਬਾਦੀ ਜਿਹੇ ਸੰਕਟਾਂ ਨਾਲ ਨਜਿੱਠਣ ਲਈ ਗੰਭੀਰ ਹੋਣਾ ਹੈ ਤਾਂ ਕਾਰੋਬਾਰਾਂ, ਸਰਕਾਰਾਂ ਅਤੇ ਦੁਨੀਆ ਭਰ ਵਿਚ ਲੋਕਾਂ ਨੂੰ ਭੋਜਨ ਦੀ ਬਰਬਾਦੀ ਨੂੰ ਰੋਕਣ ਵਿਚ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ।

  • 71
  •  
  •  
  •  
  •