ਖੇਤੀ ਕਾਨੂੰਨਾਂ ’ਚ ਕੋਈ ਕਮੀ ਨਹੀਂ, ਪਰ ਫ਼ਿਰ ਵੀ ਸੋਧ ਲਈ ਤਿਆਰ: ਤੋਮਰ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਤਿੰਨ ਨਵੇਂ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਖੇਤੀ ਅਰਥਵਿਵਸਥਾ ਦੇ ਮੁੱਦੇ ’ਤੇ ਸਿਆਸਤ ਕਰਕੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਇੱਥੇ ਖੇਤੀ ਬਾਰੇ ਕਰਵਾਏ 5ਵੇਂ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨ ਯੂਨੀਅਨਾਂ ਨਾਲ 11 ਗੇੜ ਦੀ ਗੱਲਬਾਤ ਕਰ ਚੁੱਕੀ ਹੈ ਅਤੇ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਦੀ ਵੀ ਪੇਸ਼ਕਸ਼ ਕੀਤੀ ਗਈ ਹੈ।

ਤੋਮਰ ਨੇ ਕਿਹਾ ਕਿ ਦੇਸ਼ ‘ਚ ਲੰਬੇ ਸਮੇਂ ਤੋਂ ਖੇਤੀ ਖੇਤਰ ‘ਚ ਸੁਧਾਰ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਨੂੰ ਕਾਨੂੰਨ ਬਣਾ ਕੇ ਪੂਰਾ ਕੀਤਾ ਗਿਆ।’ ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਵਿਚਾਰਾਂ ‘ਚ ਸੋਧ ਦੀ ਤਜਵੀਜ਼ ਜ਼ਰੂਰ ਰੱਖੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਖੇਤੀ ਕਾਨੂੰਨ ‘ਚ ਕੋਈ ਕਮੀ ਹੈ। ਸਾਡੀ ਤਰਜੀਹ ਕਿਸਾਨ ਦਾ ਸਨਮਾਨ ਕਰਨਾ ਹੈ। ਪਿੰਡ ਤੇ ਖੇਤੀ ਆਧਾਰਿਤ ਅਰਥਚਾਰੇ ਨੂੰ ਰੀੜ੍ਹ ਦੀ ਹੱਡੀ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਹਰੇਕ ਮੰਦੀ ਤੇ ਮਾੜੇ ਹਾਲਾਤ ‘ਚ ਵੀ ਪੇਂਡੂ ਅਰਥਚਾਰੇ ਤੇ ਖੇਤੀ ਨੇ ਦੇਸ਼ ਨੂੰ ਮਜ਼ਬੂਤੀ ਦਿੱਤੀ ਹੈ।

  •  
  •  
  •  
  •  
  •