ਅੱਜ ਮਹਿਲਾ ਦਿਵਸ ‘ਤੇ ਵਿਸ਼ੇਸ਼: ਧਰਮ ਤੇ ਸਮਾਜ ਵਿਚ ਇਸਤਰੀ ਦੀ ਮਹੱਤਤਾ

-ਡਾ. ਜਸਵਿੰਦਰ ਸਿੰਘ

ਭਾਰਤ ਅੰਦਰ ਇਸਤਰੀ ਦੀ ਨਿਘਰ ਚੁੱਕੀ ਹਾਲਤ, ਇਸਤਰੀ ਦੇ ਮਾਣ, ਸਨਮਾਨ ਤੇ ਉਸ ਦੇ ਹੱਕ ਲਈ ਜੇਕਰ ਕੋਈ ਜ਼ੋਰਦਾਰ ਆਵਾਜ਼ ਬੁਲੰਦ ਹੋਈ ਤਾਂ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੀ। ਦੁਨੀਆ ਦੇ ਕਿਸੇ ਵੀ ਧਰਮ ਜਾਂ ਸਮਾਜ ਵਿਚ ਇਸਤਰੀ ਨੂੰ ਇੰਨਾ ਮਾਣ ਨਹੀਂ ਦਿੱਤਾ ਗਿਆ, ਜਿੰਨਾ ਸਿੱਖ ਧਰਮ ਵਿਚ ਦਿੱਤਾ ਗਿਆ ਹੈ। ਗੁਰੂ ਕਾਲ ਤੋਂ ਪਹਿਲਾਂ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇਸਤਰੀ ਦੀ ਦਸ਼ਾ ਚੰਗੀ ਨਹੀਂ ਸੀ। ਮਰਦ ਨਾਲੋਂ ਇਸਤਰੀ ਦਾ ਦਰਜਾ ਨੀਵਾਂ ਸਮਝਿਆ ਜਾਂਦਾ ਸੀ। ਸਾਰੇ ਸੰਸਾਰ ਵਿਚ ਮਨੁੱਖਤਾ ਦੀ ਉਤਪਤੀ ਇਸਤਰੀਆਂ ਦੇ ਉਦਰ ਤੋਂ ਹੋਈ ਪ੍ਰੰਤੂ ਫਿਰ ਵੀ ਉਸ ਨੂੰ ਪੁਰਸ਼ ਦੇ ਬਰਾਬਰ ਹੱਕ ਪ੍ਰਾਪਤ ਨਹੀਂ ਹੋਏ। ਪੁਰਸ਼ ਪ੍ਰਧਾਨ ਸਮਾਜ ਵਿਚ ਉਸ ਨੂੰ ਹੋਰਨਾਂ ਵਸਤਾਂ ਦੀ ਤਰ੍ਹਾਂ ਸਿਰਫ਼ ਵਸਤੂ ਹੀ ਸਮਝਿਆ ਗਿਆ। ਜੁੱਗਾਂ ਤੋਂ ਧਰਮ ਅਤੇ ਸਮਾਜ ਵੱਲੋਂ ਇਸਤਰੀ ਨੂੰ ਨੀਵਾਂ ਵਿਖਾਇਆ ਜਾਂਦਾ ਰਿਹਾ ਹੈ। ਕਈ ਵਾਰ ਔਰਤ (ਕੰਨਿਆ) ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਔਰਤ ਨਾਲ ਬੁਰਾ ਵਿਵਹਾਰ ਰੋਜ਼ ਹੀ ਹੁੰਦਾ ਸੀ ਤੇ ਹੁਣ ਵੀ ਹੋ ਰਿਹਾ ਹੈ। ਭਾਰਤ ਵਿਚ ਨਾਰੀ ਨੂੰ ਉੱਚਾ ਉਠਾਉਣ ਲਈ ਬਹੁਤ ਸਾਰੀਆਂ ਸਮਾਜਿਕ ਤੇ ਧਾਰਮਿਕ ਲਹਿਰਾਂ ਚੱਲਦੀਆਂ ਰਹੀਆਂ ਹਨ। ਇਸਤਰੀ ਦੀ ਸਥਿਤੀ ਵਿਚ ਸੁਧਾਰ ਕਰਨ ਲਈ ਸ਼ੁਰੂਆਤ ਤਾਂ ਕਾਫ਼ੀ ਤੇਜ਼ੀ ਨਾਲ ਹੁੰਦੀ ਹੈ ਪਰ ਹੌਲੀ-ਹੌਲੀ ਇਹ ਲਹਿਰਾਂ ਮੱਧਮ ਪੈ ਜਾਂਦੀਆਂ ਰਹੀਆਂ ਹਨ, ਜਿਵੇਂ ਸਵਾਮੀ ਕਿਰਮਾਨੰਦ ਤੇ ਰਾਜਾ ਰਾਮ ਮੋਹਨ ਰਾਏ ਵਰਗੇ ਮਹਾਨ ਵਿਅਕਤੀਆਂ ਨੇ ਸਤੀ ਅਤੇ ਕੰਨਿਆ ਹੱਤਿਆ ਵਰਗੇ ਜ਼ੁਲਮ ਬੰਦ ਕਰਵਾਉਣ ਲਈ ਜ਼ੋਰਦਾਰ ਆਵਾਜ਼ ਉਠਾਈ ਪ੍ਰੰਤੂ ਕੰਨਿਆ ਹੱਤਿਆਵਾਂ ਅੱਜ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਈਆਂ।

ਭਾਰਤ ਅੰਦਰ ਇਸਤਰੀ ਦੀ ਨਿਘਰ ਚੁੱਕੀ ਹਾਲਤ, ਇਸਤਰੀ ਦੇ ਮਾਣ, ਸਨਮਾਨ ਤੇ ਉਸ ਦੇ ਹੱਕ ਲਈ ਜੇਕਰ ਕੋਈ ਜ਼ੋਰਦਾਰ ਆਵਾਜ਼ ਬੁਲੰਦ ਹੋਈ ਤਾਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੀ। ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿਚ ਨਹੀਂ ਬਲਕਿ ਗੁਰੂ ਸਾਹਿਬ ਨੇ ਸਿਰਫ਼ ਗੁਣ ਦੇ ਰੂਪ ਵਿਚ ਦੇਖਿਆ। ਗੁਰੂ ਜੀ ਨੇ ਉਨ੍ਹਾਂ ਸਾਰੇ ਗ਼ਲਤ ਖ਼ਿਆਲਾਂ ‘ਤੇ ਕਰਾਰੀ ਚੋਟ ਕੀਤੀ ਜੋ ਇਸਤਰੀ ਨੂੰ ਮੁਕਤੀ ਦੇ ਰਾਹ ‘ਚ ਰੁਕਾਵਟ ਸਮਝਦੇ ਹਨ ਅਤੇ ਉਹ ਖ਼ਿਆਲ ਜੋ ਕਿ ਕਹਿੰਦੇ ਹਨ ਕਿ ਇਸ ਨੂੰ ਹਰ ਸਮੇਂ ਪਹਿਲਾਂ ਪਿਤਾ, ਫਿਰ ਪਤੀ ਤੇ ਪਿੱਛੋਂ ਪੁੱਤਰ ਦੀ ਸੁਰੱਖਿਆ ਦੀ ਲੋੜ ਹੈ। ਗੁਰੂ ਸਾਹਿਬਾਨ ਨੇ ਕਿਹਾ ਕਿ ਇਸਤਰੀ ਦਾ ਦਰਜਾ ਨੀਵਾਂ ਨਹੀਂ ਸਗੋਂ ਆਪਣੇ ਆਪ ਵਿਚ ਸੰਪੂਰਨ ਹੈ ਤੇ ਉਹ ਦੇਵਰ-ਜੇਠ ਦੋਹਾਂ ਨੂੰ ਮੱਤਾਂ ਦੇਣ ਜੋਗੀ ਹੈ :

ਸਭ ਪਰਵਾਰੈ ਮਾਹਿ ਸਰੇਸਟ।।
ਮਤੀ ਦੇਵੀ ਦੇਵਰ ਜੇਸਟ।। (371)

ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਿ ਸਾਰੀ ਮਨੁੱਖ ਜਾਤੀ ਨੂੰ ਜਨਮ ਦੇਣ ਵਾਲੀ ਇਸਤਰੀ ਹੈ ਫਿਰ ਉਸ ਨੂੰ ਬੁਰਾ-ਭਲਾ ਕਿਉਂ ਕਹਿੰਦੇ ਹੋ? ਇਸਤਰੀ ਬਿਨਾਂ ਇਹ ਦੁਨੀਆ ਨਹੀਂ ਚੱਲਦੀ ਅਤੇ ਇਸਤਰੀ ਬਿਨਾਂ ਇਹ ਸਮਾਜ ਨਹੀਂ ਬਣਦਾ। ਇਸਤਰੀ ਬਿਨਾਂ ਕੋਈ ਰਿਸ਼ਤਾ ਨਹੀਂ ਜੁੜਦਾ। ਇਸਤਰੀ ਨਾਲ ਹੀ ਵਿਆਹ ਹੋ ਕੇ ਰਿਸ਼ਤੇਦਾਰੀ ਦੇ ਸਬੰਧ ਪੈਦਾ ਹੁੰਦੇ ਹਨ ਤੇ ਇਸ ਦੇ ਨਾਲ ਹੀ ਮਨੁੱਖੀ ਸਮਾਜ ਹੋਂਦ ਵਿਚ ਆਉਂਦਾ ਹੈ, ਜੋ ਪੀਰਾਂ, ਪੈਗ਼ੰਬਰਾਂ, ਰਾਜਿਆਂ ਤੇ ਜੋਗੀਆਂ ਨੂੰ ਜਨਮ ਦਿੰਦੀ ਹੈ ਉਸ ਇਸਤਰੀ ਨੂੰ ਨੀਵਾਂ ਕਿਵੇਂ ਕਿਹਾ ਜਾ ਸਕਦਾ ਹੈ :

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। (473)

ਗੁਰਮਤਿ ਅਨੁਸਾਰ ਇਸਤਰੀ ਧਰਮ ਤੋਂ ਡੇਗਦੀ ਨਹੀਂ, ਸਗੋਂ ਮਰਦ ਲਈ ਧਰਮ ਵਿਚ ਪੱਕਾ ਰਹਿਣ ਵਾਸਤੇ ਇਸਤਰੀ ਦਾ ਸਾਥ ਜ਼ਰੂਰੀ ਹੈ। ਇਸਤਰੀ ਤੋਂ ਬਿਨਾਂ ਮਰਦ ਆਪਣੀਆਂ ਵਾਸ਼ਨਾਵਾਂ ਨੂੰ ਕਾਬੂ ਨਹੀਂ ਰੱਖ ਸਕਦਾ ਤੇ ਬਿਰਤੀ ਨੂੰ ਇਕਾਗਰ ਨਹੀਂ ਕਰ ਸਕਦਾ। ਗੁਰੂ ਹਰਗੋਬਿੰਦ ਸਹਿਬ ਨੇ ਕਿਸੇ ਦੇ ਪੁੱਛਣ ‘ਤੇ ਫਰਮਾਇਆ ਸੀ, ‘ਔਰਤ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜਰਾਨ।’ ਗੁਰੁ ਅਮਰਦਾਸ ਜੀ ਨੇ ਗੁਰਮਤ ਪ੍ਰਚਾਰ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਇਨ੍ਹਾਂ 22 ਮੰਜੀਆਂ ਵਿੱਚੋਂ ਗੁਰੂ ਜੀ ਨੇ 2 ਮੰਜੀਆਂ ਇਸਤਰੀ ਪ੍ਰਚਾਰਕਾਂ ਨੂੰ ਬਖ਼ਸ਼ੀਆਂ। ਉਨ੍ਹਾਂ ਨੇ ਇਸਤਰੀਆਂ ਵਿਚ ਘੁੰਡ ਕੱਢਣ ਦਾ ਰਿਵਾਜ ਖ਼ਤਮ ਕਰਨ ਦਾ ਉਪਦੇਸ਼ ਦਿੱਤਾ ਅਤੇ ਵਿਧਵਾ ਵਿਆਹ ਨੂੰ ਉਤਸ਼ਾਹਿਤ ਕੀਤਾ ਤੇ ਸਤੀ ਦੀ ਕੋਝੀ ਰਸਮ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ :

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ।
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ।। (987)

ਸੰਸਾਰ ਦੀ ਸਿਰਜਣਾ ਤੇ ਵਿਕਾਸ ਵਿਚ ਇਸਤਰੀ-ਪੁਰਸ਼ ਦੋਵੇਂ ਇਕ ਦੂਸਰੇ ‘ਤੇ ਨਿਰਭਰ ਕਰਦੇ ਹਨ। ਆਦਮੀ-ਇਸਤਰੀ ਦਾ ਵਿਆਹ ਸਿਰਫ਼ ਸੰਤਾਨ ਉਤਪਤੀ ਦਾ ਸਾਧਨ ਨਹੀਂ, ਬਲਕਿ ਗੁਰਮਤ ਅਨੁਸਾਰ ਇਹ ਆਤਮਕ ਮੇਲ ਦਾ ਸਾਧਨ ਹੈ :

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ।।
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ।।(788)

ਆਦਮੀ ਅਤੇ ਇਸਤਰੀ ਦੋਵੇਂ ਰੱਬ ਨੂੰ ਇੱਕੋ ਜਿਹਾ ਮੰਨਦੇ ਹਨ। ਪਰਮਾਤਮਾ ਅੱਗੇ ਦੋਵਾਂ ਨੂੰ ਆਪਣੇ-ਆਪਣੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ। ਜੋ ਵੀ ਇਸ ਦੁਨੀਆ ‘ਤੇ ਆਇਆ ਹੈ ਉਸ ਨੇ ਇਕ ਦਿਨ ਜ਼ਰੂਰ ਜਾਣਾ ਹੈ ਇਸ ਲਈ ਸਾਨੂੰ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਇਸ ਦੁਨੀਆ ‘ਤੇ ਸਭ ਜੀਵ ਨਾਸ਼ਵਾਨ ਹਨ ਸਿਰਫ਼ ਪਰਮਾਤਮਾ ਦਾ ਨਾਮ ਹੀ ਨਾਲ ਨਿਭਣ ਵਾਲਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਪੜ੍ਹ ਲਿਖ ਕੇ ਕਿਸੇ ਨੂੰ ਮੰਦਾ ਨਾ ਆਖੇ ਅਤੇ ਨਾ ਹੀ ਇਸਤਰੀ ਦੀ ਨਿੰਦਿਆ ਕਰੇ :

ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ।।
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ।।
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ।।
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ।ਮੂਰਖੈ ਨਾਲਿ ਨ ਲੁਝੀਐ।। (476)

ਇਸ ਤਰ੍ਹਾਂ ਸਿੱਖ ਧਰਮ ਵਿਚ ਮਰਦ ਅਤੇ ਇਸਤਰੀ ਦੀ ਬਰਾਬਰੀ ਦਾ ਫਲਸਫ਼ਾ ਪੇਸ਼ ਕੀਤਾ ਗਿਆ ਹੈ। ਗੁਰੂ ਕਾਲ ਤੋਂ ਪਹਿਲਾਂ ਜੋ ਮਾਨਸਿਕਤਾ ਤੇ ਵਿਚਾਰ ਭਾਰਤ ਵਿਚ ਇਸਤਰੀ ਬਾਰੇ ਪ੍ਰਚਲਿਤ ਸਨ, ਉਨ੍ਹਾਂ ਨੂੰ ਰੱਦ ਕਰਦਿਆਂ ਦੱਸਿਆ ਗਿਆ ਹੈ ਕਿ ਹਰ ਮਰਦ ਤੇ ਇਸਤਰੀ ਵਿਚ ਗੁਣ ਅਤੇ ਔਗੁਣ ਹਨ, ਅਵਗੁਣ ਰਹਿਤ ਕੇਵਲ ਪਰਮਾਤਮਾ ਹੀ ਹੈ :

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। (61)

ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਜਗਤ ਨੂੰ ਇਸਤਰੀ ਦੀ ਮਹੱਤਤਾ, ਮਾਣ, ਸਮਾਜ ਵਿਚ ਉਸ ਦੇ ਯੋਗਦਾਨ ਤੇ ਸ੍ਰਿਸ਼ਟੀ ਸਿਰਜਣਾ ਵਿਚ ਉਸ ਦੇ ਅਤੀ ਲੋੜੀਂਦੇ ਕਿਰਦਾਰ ਬਾਰੇ ਸਮਝਾਇਆ ਤੇ ਸਪਸ਼ਟ ਕੀਤਾ ਗਿਆ ਹੈ। ਸਿੱਖ ਇਤਿਹਾਸ ਵਿਚ ਕਿਤਨੀਆਂ ਹੀ ਅਜਿਹੀਆਂ ਉਦਾਹਰਣਾਂ ਮਿਲਦੀਆਂ ਹਨ ਕਿ ਜਦੋਂ ਸਿੱਖ ਬੀਬੀਆਂ ਨੇ ਧਰਮ ਤੇ ਸਮਾਜ ਵਿਚ ਆਪਣਾ ਉੱਤਮ ਕਿਰਦਾਰ ਨਿਭਾਇਆ। ਗੁਰੂ ਨਾਨਕ ਸਾਹਿਬ ਜੀ ਦੇ ਰੱਬ ਰੂਪ ਹੋਣ ਦੀ ਪਛਾਣ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਜੀ ਨੇ ਕੀਤੀ। ਮਾਤਾ ਤ੍ਰਿਪਤਾ ਜੀ ਪਾਸੋਂ ਗੁਰੂ ਨਾਨਕ ਸਾਹਿਬ ਜੀ ਨੇ ਮੁੱਢਲੇ ਸਮਾਜਿਕ ਸੰਸਕਾਰ ਗ੍ਰਹਿਣ ਕੀਤੇ। ‘ਸੰਗਤ ਤੇ ਪੰਗਤ’ ਦੇ ਸਿਧਾਂਤ ਨੂੰ ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਨੇ ਅਮਲੀ ਰੂਪ ਵਿਚ ਲਾਗੂ ਕਰਨ ਲਈ ਗੁਰੂ ਸਾਹਿਬ ਦਾ ਪੂਰਾ ਸਹਿਯੋਗ ਦਿੱਤਾ। ਗੁਰੂ ਅਮਰਦਾਸ ਜੀ ਦੇ ਮਹਿਲ ਰਾਮ ਕੌਰ ਨੇ ‘ਪਹਿਲੇ ਪੰਗਤ ਪਾਛੈ ਸੰਗਤ’ ਦੇ ਸਿਧਾਂਤ ਨੂੰ ਯਕੀਨੀ ਬਣਾਇਆ। ਇਸ ਸਿਧਾਂਤ ਅਨੁਸਾਰ ਹੀ ਅਕਬਰ ਬਾਦਸ਼ਾਹ ਨੂੰ ਪਹਿਲਾਂ ਪੰਗਤ ‘ਚ ਬੈਠ ਕੇ ਲੰਗਰ ਛਕਣ ਉਪਰੰਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਮਿਲੀ। ਗੁਰੂ ਤੇਗ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਨੇ ਆਪਣੇ ਪੋਤਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਦੀ ਬੇਮਿਸਾਲ ਜ਼ਿੰਮੇਵਾਰੀ ਨਿਭਾਈ, ਸਰਹਿੰਦ ਦੇ ਠੰਡੇ ਬੁਰਜ ਵਿਚ ਸ਼ਹੀਦੀ ਪਾਈ ਅਤੇ ਭਾਰਤ ਦੀ ਪਹਿਲੀ ‘ਇਸਤਰੀ ਸ਼ਹੀਦ’ ਹੋਣ ਦਾ ਮਾਣ ਪ੍ਰਾਪਤ ਕਰ ਕੇ ਨਵਾਂ ਇਤਿਹਾਸ ਸਿਰਜਿਆ। ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਖੰਡੇ ਦੀ ਪਾਹੁਲ’ ਤਿਆਰ ਕਰਨ ਸਮੇਂ ਮਾਤਾ ਸਾਹਿਬ ਕੌਰ ਜੀ ਨੇ ਪਵਿੱਤਰ ਜਲ ਵਿਚ ਪਤਾਸੇ ਪਾ ਕੇ ਖ਼ਾਲਸਾ ਪੰਥ ਦੇ ਹਿਰਦੇ ਵਿਚ ਸਦਾ ਲਈ ਨਿਮਰਤਾ, ਹਲੀਮੀ ਤੇ ਮਿਠਾਸ ਨੂੰ ਯਕੀਨੀ ਬਣਾ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ (ਹਜ਼ੂਰ ਸਾਹਿਬ) ਵਿਖੇ ਜੋਤੀ-ਜੋਤ ਸਮਾਉਣ ਤੋਂ ਬਾਅਦ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਨੇ ਲੰਬਾ ਸਮਾਂ ਪੰਥ ਦੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ, ਨਿਸ਼ਠਾ, ਨਿਮਰਤਾ ਤੇ ਦ੍ਰਿੜਤਾ ਨਾਲ ਨਿਭਾਇਆ। ਮਾਤਾ ਭਾਗ ਕੌਰ ਨੇ ਬੇਵਫ਼ਾਈ ਕਰਨ ਵਾਲੇ ਸਿੰਘਾਂ ਨੂੰ ਵਾਪਸ ਲਿਆ ਕੇ ਉਨ੍ਹਾਂ ਦੀ ਅਗਵਾਈ ਕਰਦਿਆਂ ਖਿਦਰਾਣੇ ਦੀ ਢਾਬ ‘ਤੇ ਜੰਗ ਕੀਤੀ ਤੇ ਵੱਖਰਾ ਇਤਿਹਾਸ ਸਿਰਜਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਗੁਰੂ ਘਰ ਵਿਚ ਇਸਤਰੀ ਨੂੰ ਅਤਿ ਉੱਚਾ ਦਰਜਾ ਦਿੱਤਾ ਗਿਆ ਹੈ। ਅਰਦਾਸ ਵਿਚ ਜਦ ਸਾਰੇ ਖੜ੍ਹੇ ਹੋ ਕੇ ‘ਜਿਨ੍ਹਾਂ ਸਿੰਘਾਂ, ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ’ ਆਖਦੇ ਹਾਂ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਧਰਮ ਵਿਚ ਔਰਤ ਦਾ ਸਥਾਨ ਕਿੰਨਾ ਸਤਿਕਾਰਯੋਗ ਤੇ ਨਿਵੇਕਲਾ ਹੈ। ਸਿੱਖ ਰਹਿਤ ਮਰਯਾਦਾ- ਪੰਨਾ 20 ਉੱਪਰ ਇਸਤਰੀ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਤੇ ਇਸਤਰੀ ਜਾਤੀ ਨਾਲ ਬੁਰਾ ਵਿਹਾਰ ਕਰਨ ਵਿਰੁੱਧ ਸਖ਼ਤ ਤਾੜਨਾ ਕੀਤੀ – ”ਗੁਰੂ ਦਾ ਸਿੱਖ ਕੰਨਿਆ ਨਾ ਮਾਰੇ, ਕੁੜੀ-ਮਾਰ ਨਾਲ ਨਾ ਵਰਤੇ।” ਸਿੱਖ ਧਰਮ ‘ਚ ਭਰੂਣ ਹੱਤਿਆ ਕਰਨ ਵਾਲਾ ਵੀ ਓਨਾ ਹੀ ਦੋਸ਼ੀ ਹੈ, ਜਿੰਨਾ ਕੁੜੀ ਮਾਰਨ ਵਾਲਾ। ਸਿੱਖ ਧਰਮ ਅੰਦਰ ਹਰ ਦੇਸ਼, ਮਜ਼ਹਬ ਤੇ ਜਾਤੀ ਦੀ ਹਰ ਇਸਤਰੀ ਨੂੰ ਧਾਰਮਿਕ ਆਜ਼ਾਦੀ ਹੈ। ਉਹ ਬਿਨਾਂ ਰੋਕ-ਟੋਕ ਦੇ ਗੁਰਦੁਆਰੇ ਜਾ ਸਕਦੀ ਹੈ, ਪਾਠ-ਪੂਜਾ ਕਰ ਸਕਦੀ ਹੈ, ਵਿੱਦਿਆ ਪ੍ਰਾਪਤ ਕਰ ਸਕਦੀ ਹੈ, ਉਸ ਉੱਤੇ ਪਰਦੇ ਦੀ ਕੋਈ ਬੰਦਿਸ਼ ਨਹੀਂ, ਜੰਗ ਵਿਚ ਉਹ ਮਰਦ ਦੇ ਬਰਾਬਰ ਹਿੱਸਾ ਲੈ ਸਕਦੀ ਹੈ, ਉਸ ਨੂੰ ਮਰਦ ਦੇ ਬਰਾਬਰ ਅੰਮ੍ਰਿਤ ਛਕਾਇਆ ਜਾਂਦਾ ਹੈ। ਸੈਂਕੜੇ ਵਰ੍ਹਿਆਂ ਤੋਂ ਲਿਤਾੜੀ ਜਾਂਦੀ ਰਹੀ ਭਾਰਤੀ ਇਸਤਰੀ ਨੂੰ ਗੁਰਮਤ ਵਿਚ ਸਨਮਾਨਯੋਗ ਸਥਾਨ ਦਿੱਤਾ ਗਿਆ ਹੈ।

ਗੁਰਮਤ ਵਿਚ ਜਿੱਥੇ ਸਿਧਾਂਤਕ ਰੂਪ ਵਿਚ ਇਸਤਰੀ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਗਈ ਉੱਥੇ ਵਿਹਾਰਕ ਰੂਪ ‘ਚ ਲਾਗੂ ਵੀ ਕੀਤੀ ਗਈ। ਅੱਜ ਲੋੜ ਹੈ ਆਪਣੀ ਸੁੱਤੀ ਹੋਈ ਮਾਨਸਿਕਤਾ ਨੂੰ ਜਗਾਉਣ ਦੀ, ਇਸਤਰੀ ਪ੍ਰਤੀ ਆਪਣੇ ਨਜ਼ਰੀਏ ਨੂੰ ਗੁਰਮਤ ਅਨੁਸਾਰ ਬਣਾਉਣ ਦੀ।

ਸੰਪਰਕ ਨੰ:- +65 98951996

  • 116
  •  
  •  
  •  
  •