8 ਮਾਰਚ 1853: ਸ਼ੇਰ-ਏ-ਪੰਜਾਬ ਦੇ ਘਰ ‘ਤੇ ਅੰਗਰੇਜ਼ਾਂ ਦਾ ਵੱਡਾ ਹਮਲਾ

-ਬਲਦੀਪ ਸਿੰਘ ਰਾਮੂੰਵਾਲੀਆ

ਓਸੇ (ਸਿੱਖ) ਧਰਮ ਤੋਂ ਅੱਜ ਦਲੀਪ ਸਿੰਘ ਨੇ
ਝਾਂਸੇ ਵਿੱਚ ਆ ਮੁਖ ਭੁਆ ਲਿਆ ਏ! (ਸੀਤਲ)

ਅੰਗਰੇਜ਼ ਕੌਮ ਦੀ ਬੇਈਮਾਨੀ ਦੀ ਮਿਸਾਲ ਸ਼ਾਇਦ ਸੰਸਾਰ ਵਿੱਚ ਕਿਧਰੇ ਨਹੀਂ ਮਿਲਦੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਦਲੀਪ ਸਿੰਘ ਤੱਕ ਜੋ ਚਾਲਾਂ ਚੱਲ ਕੇ ਇਹਨਾਂ ਨੇ ਖਾਲਸਾ ਰਾਜ ਤਬਾਹ ਕੀਤਾ, ਉਹ ਤੇ ਇਕ ਪਾਸੇ , ਪਰ ਇਸਦੇ ਨਾਲ ਹੀ ਇੱਕ ਮਾਸੂਮ ਸਾਢੇ ਚੌਦਾਂ ਸਾਲ ਦੇ ਦਲੀਪ ਸਿੰਘ ਨੂੰ ਝਾਂਸੇ ਵਿੱਚ ਲੈ ਕੇ, ਉਸਨੂੰ ਸਿੱਖੀ ਨਾਲੋਂ ਤੋੜ ਕਿ ਅੱਜ ਦੇ ਦਿਨ 8 ਮਾਰਚ 1853 ਨੂੰ ਬੈਪਤਿਸਮਾ ਦੇ ਕੇ ਈਸਾਈ ਬਣਾਇਆ ਗਿਆ। ਇਸ ਲਈ ਗੋਂਦਾ ਤਾਂ ਪਹਿਲਾਂ ਹੀ ਗੁੰਦੀਆਂ ਜਾ ਰਹੀਆਂ ਸਨ।

24 ਸਤੰਬਰ 1852 ਦੇ ਖ਼ਤ ਵਿਚ ਡਲਹੌਜ਼ੀ ਨੇ ਦਲੀਪ ਸਿੰਘ ਦੇ ਗਾਰਡੀਅਨ ਮਿਸਟਰ ਲਾਗਨ ਨੂੰ ਲਿਖਿਆ ਸੀ “ਜੇ ਦਲੀਪ ਸਿੰਘ ਵਲਾਇਤ ਜਾਣਾ ਚਾਹੁੰਦਾ ਹੈ, ਤਾਂ ਜਾਣ ਤੋਂ ਪਹਿਲਾਂ ਚੁੱਪ-ਚਾਪ ਉਸਨੂੰ ਈਸਾਈ ਬਣਾ ਲਿਆ ਜਾਵੇ , ਪਰ ਨਾਮ ਦਲੀਪ ਸਿੰਘ ਹੀ ਰਹੇ।”

ਮਹਾਰਾਜਾ ਦਲੀਪ ਸਿੰਘ ਨੂੰ ਜਦ ਪੰਜਾਬ ਵਿਚੋਂ ਬਾਹਰ ਕੱਢਿਆ ਗਿਆ ਸੀ ਤਾਂ ਉਸ ਨਾਲ ਨਾ ਗੁਰੂ ਸਾਹਿਬ ਦਾ ਅਸਵਾਰਾ ਤੇ ਨਾ ਹੀ ਗ੍ਰੰਥੀ ਹੀ ਕੋਈ ਜਾਣ ਦਿੱਤਾ ਗਿਆ। ਉਸਦੇ ਚਾਕਰਾਂ ਵਿੱਚ ਹੀ ਸਿੱਖ ਨ ਰਹਿਣ ਦਿੱਤਾ ਗਿਆ। ਬ੍ਰਾਹਮਣ ਜ਼ਰੂਰ ਗਿਆ। ਨੌਕਰਾਂ ਵਿੱਚ ਵੀ ਹਿੰਦੂ ਤੇ ਅੰਗਰੇਜ਼ ਸਨ। ਉਸਦੀ ਜ਼ੁਬਾਨ ਨਾਲੋਂ ਤੇ ਰਹੁ ਰੀਤ ਨਾਲੋ ਤੋੜ ਅੰਗਰੇਜ਼ੀ ਤਹਿਜੀਬ ਵੱਲ ਤੋਰਿਆ ਗਿਆ। ਪੰਜਾਬ ਦੇ ਕਿਸੇ ਪਤਵੰਤੇ ਸਿੱਖ ਨੂੰ ਉਸ ਨਾਲ ਮਿਲਣ ਦੀ ਆਗਿਆ ਨਹੀਂ ਸੀ। ਮਾਂ ਨੂੰ ਮਿਲਣਾ ਤੇ ਦੂਰ ਮਹਾਰਾਜਾ ਖ਼ਤੋ ਖ਼ਿਤਾਬਤ ਵੀ ਨਹੀਂ ਕਰ ਸਕਦਾ ਸੀ।

ਮਹਾਰਾਜੇ ਦਾ ਗਾਰਡੀਅਨ ਬਣਾਇਆ ਲਾਗਨ ਆਪਣੀ ਜਨਾਨੀ ਨੂੰ 6 ਮਈ 1849 ਨੂੰ ਲਿਖ ਰਿਹਾ ਹੈ “ਮਹਾਰਾਜਾ ਮੇਰੇ ਕੋਲੋਂ ਅੰਗਰੇਜ਼ੀ ਸਬਕ ਲਿਖਣ ਵਿਚ ਬੜਾ ਖੁਸ਼ ਹੈ। ਮੈਂ ਉਸਨੂੰ ਅੰਜੀਲ ਦਾ ਸਿਧਾਂਤ ‘Do unto others as you would they should do unto you’ ਲਿਖਣ ਤੇ ਤਰਜ਼ਮਾ ਕਰਨ ਲਈ ਦਿੱਤਾ। ਮੈਂ ਇਰਾਦਾ ਹੁੰਦਿਆਂ ਵੀ ਅਜੇ ਉਸਦੇ ਹਥ ਅੰਜੀਲ ਨਹੀਂ ਦੇ ਸਕਦਾ। ਉਸਨੂੰ ਆਪਣਾ ਗਿਆਨ ਵਧਾਉਣ ਲਈ ਇਹੋ ਜਿਹੇ ਨੁਕਤੇ ਦਿੰਦਾ ਹਾਂ।”

15 ਫਰਵਰੀ 1850 ਨੂੰ ਲਾਗਨ ਲਿਖਦਾ ਹੈ “ਮੇਰੀ ਪੁਰਜੋਰ ਇੱਛਾ ਹੈ, ਕਿ ਇਸ ਬਾਲਕ ਮਹਾਰਾਜੇ ਉੱਤੇ ਬਤੌਰ ਈਸਾਈ ਸਾਡਾ ਚੰਗਾ ਅਸਰ ਪਵੇ, ਤੇ ਸਾਡੀ ਵਲਾਇਤ ਦੀ ਰਹਿਣੀ ਤੇ ਅੰਗਰੇਜ਼ ਇਸਤਰੀ ਦੇ ਚਲਨ ਦੀ ਸ਼ਰਧਾ ਉਸ ਦੇ ਦਿਲ ਵਿਚ ਪੈਦਾ ਹੋਵੇ।” 27 ਜਨਵਰੀ 1851 ਨੂੰ ਲਾਗਨ ਲਿਖਦਾ ਹੈ “ਪਿਛਲੇ ਕਈ ਸਾਲਾਂ ਤੋਂ ਮਹਾਰਾਜੇ ਨੂੰ ਸਿੱਖ ਧਰਮ ਦੇ ਅਸੂਲਾਂ ਵੱਲੇ ਧਿਆਨ ਦੇਣ ਦਾ ਸਮਾਂ ਨਹੀਂ ਮਿਲਿਆ।”(ਅਸਲ ਵਿਚ ਧਿਆਨ ਦੇਣ ਹੀ ਨਹੀਂ ਦਿੱਤਾ ਗਿਆ)

2 ਜੂਨ 1853 ਨੂੰ ਲਾਗਨ ਨੇ ਲਿਖਿਆ “ਭਾਂਵੇ ਮਹਾਰਾਜੇ ਦੇ ਈਸਾਈ ਹੋਣ ਤੋਂ ਪਹਿਲਾਂ ਹੀ ਮੇਰੀ ਏਹ ਖ਼ਾਹਿਸ਼ ਸੀ, ਪਰ ਹੁਣ ਤਾਂ ਮੈਂ ਦਸ ਨਹੀਂ ਸਕਦਾ, ਕਿ ਇਸ ਘਟਨਾ (ਈਸਾਈ ਬਣਨ ਵਾਲੀ) ਨਾਲ ਮੇਰੀ ਖੁਸ਼ੀ ਕਿੰਨੀ ਵਧ ਗਈ ਹੈ।” 12 ਮਾਰਚ 1853 ਡਲਹੌਜ਼ੀ ਲਿਖਦਾ “ਹਿੰਦ ਦੇ ਇਤਿਹਾਸ ਵਿਚ ਇਹ ਅਨੋਖੀ ਤੇ ਸੁਹਾਵਣੀ ਘਟਨਾ ਹੈ। ਸਾਡੇ ਰਾਜ ਵਿਚ ਆਇਆਂ ਹੋਇਆ ਵਿਚੋਂ ਇਹ ਪਹਿਲਾ ਸ਼ਹਿਜਾਦਾ ਹੈ, ਜਿਸ ਨੇ ਬੇਗਾਨਿਆਂ ਦਾ ਧਰਮ ਧਾਰਨ ਕੀਤਾ ਹੈ।” ਡਲਹੌਜ਼ੀ ਨੇ ਤੋਹਫੇ ਵਿੱਚ ਇਕ ਕੀਮਤੀ ਸੁਨਹਿਰੀ ਜਿਲਦ ਵਾਲੀ ਬਾਈਬਲ ਵੀ ਭੇਜੀ ਸੀ।

ਗੋਰਾਸ਼ਾਹੀ ਦੇ ਮੱਥੇ ਤੇ ਇਹ ਸਭ ਤੋਂ ਵੱਡਾ ਕਲੰਕ ਹੈ ਕਿਵੇਂ ਇਕ ਮਾਸੂਮ ਦੀਆਂ ਭਾਵਨਾਵਾਂ ਨਾਲ ਖੇਡ ਕਿ, ਉਸਨੂੰ ਉਸਦੇ ਧਰਮ ਤੋਂ ਬੇਈਮਾਨੀ, ਕਪਟਤਾ ਨਾਲ ਪਤਿਤ ਕਰ, ਈਸਾਈ ਬਣਾਇਆ। ਇਹ ਘਟਨਾ ਨੂੰ ਸਮਝਣ ਦੀ ਜਦ ਵੀ ਕੋਈ ਪੰਜਾਬੀ ਤੇ ਖ਼ਾਸ ਤੌਰ ਤੇ ਸਿੱਖ ਕੋਸ਼ਿਸ਼ ਕਰੇਗਾ ਤਾਂ ਉਹ ਗੋਰਾਸ਼ਾਹੀ ਨੂੰ ਲਾਹਣਤ ਪਾਏ ਬਿਨਾਂ ਨਹੀਂ ਰਹਿ ਸਕਦਾ।

  • 92
  •  
  •  
  •  
  •