ਕਿਸਾਨੀ ਕਾਨੂੰਨ: ਮੋਦੀ ਸਮਰਥਕ ਵੱਲੋਂ ਜਹਾਜ਼ ‘ਚ ਹੰਗਾਮਾ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਭਾਰਤੀ ਨਾਗਰਿਕ ਵੱਲੋ ਜਹਾਜ ਵਿੱਚ ਹੰਗਾਮਾ ਮਚਾਉਣ ਤੇ ਸਟਾਫ ਨਾਲ ਲੜਾਈ ਝਗੜਾ ਕਰਨ ਕਰਕੇ ਏਅਰ ਫਰਾਂਸ ਦੇ ਜਹਾਜ਼ ਨੂੰ ਜੋ ਕਿ ਘਾਨਾ ਤੋ ਨਵੀਂ ਦਿੱਲੀ ਜਾ ਰਹੀ ਸੀ, ਐਮਰਜੰਸੀ ਲੈਂਡਿੰਗ ਕਰਵਾਕੇ ਬੁਲਗਾਰੀਆ ਦੀ ਰਾਜਧਾਨੀ ਉਤਾਰਨਾ ਪਿਆ । ਇਸ ਤੋਂ ਬਾਅਦ ਸਬੰਧਤ ਯਾਤਰੀ ਜਿਸਨੂੰ ਮੋਦੀ ਸਮਰਥਕ ਦੱਸਿਆ ਜਾ ਰਿਹਾ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਸਰੇ ਪਾਸੇ ਜਿਸ ਨਾਲ ਇਹ ਵਿਅਕਤੀ ਝਗੜਾ ਕਰ ਰਿਹਾ ਸੀ, ਉਹ ਸਿੱਖ ਯਾਤਰੀ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਉਸਨੂੰ 72 ਘੰਟਿਆਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਸ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ, ਜਹਾਜ਼ ਆਪਣੀ ਮੰਜ਼ਿਲ ਲਈ ਰਵਾਨਾ ਹੋਇਆ। ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਜੇ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਪੰਜ ਤੋਂ ਦਸ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਖ਼ਬਰਾਂ ਅਨੁਸਾਰ, ਇਸ ਭਾਰਤੀ ਨਾਗਰਿਕ ਨੂੰ ਅਦਾਲਤ ਦੁਆਰਾ ਇੱਕ ਵਕੀਲ ਅਤੇ ਦੁਭਾਸ਼ੀਆ ਮੁਹੱਈਆ ਕਰਵਾਇਆ ਗਿਆ ਹੈ ਅਤੇ ਬੁਲਗਾਰੀਆ ਵਿੱਚ ਭਾਰਤੀ ਦੂਤਾਵਾਸ ਨੂੰ ਸੂਚਿਤ ਕੀਤਾ ਗਿਆ ਹੈ।

ਰਾਏਟਰਜ਼ ਦੀ ਖ਼ਬਰ ਅਨੁਸਾਰ, ਜਹਾਜ਼ ਦੇ ਉਡਣ ਤੋਂ ਬਾਅਦ, ਉਸ ਵਿਅਕਤੀ ਨੇ ਜਹਾਜ਼ ਵਿੱਚ ਸਵਾਰ ਆਪਣੇ ਸਾਥੀ ਯਾਤਰੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਕਤ ਵਿਅਕਤੀ ‘ਤੇ ਉਡਾਣ ਭਰਨ ਵਾਲੇ ਨਾਲ ਬਦਸਲੂਕੀ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਹੰਗਾਮੇ ਤੋਂ ਬਾਅਦ, ਜਹਾਜ਼ ਨੇ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿਚ ਐਮਰਜੈਂਸੀ ਲੈਂਡਿੰਗ ਕੀਤੀ। ਇਥੇ ਇਸ ਨੂੰ ਪੁਲਿਸ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਰਾਸ਼ਟਰੀ ਜਾਂਚ ਏਜੰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਨੇ ਕਾਕਪਿਟ ਦੇ ਦਰਵਾਜ਼ਿਆਂ ਨੂੰ ਵੀ ਟੱਕਰ ਮਾਰ ਦਿੱਤੀ। ਦੱਸ ਦੇਈਏ ਕਿ ਉਕਤ ਵਿਅਕਤੀ ‘ਤੇ ਉਡਾਣਾਂ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦਾ ਦੋਸ਼ ਲਾਇਆ ਗਿਆ ਹੈ।

ਜਿਕਰਯੋਗ ਹੈ ਕਿ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਅੰਦੋਲਨ ਦੇ ਵਿਚ ਜ਼ਿਆਦਾਤਰ ਗਿਣਤੀ ਪੰਜਾਬ ਦੇ ਸਿੱਖਾਂ ਦੀ ਹੈ। ਪੰਜਾਬ ਦੇ ਵਿਚ ਭਾਜਪਾ ਦਾ ਵੱਡੇ ਪੱਧਰ ‘ਤੇ ਵਿਰੋਧ ਹੋ ਰਿਹਾ ਹੈ। ਜਿਸ ਤੋਂ ਬਾਅਦ ਰਾਸ਼ਟਰਵਾਦੀ ਅਤੇ ਭਾਜਪਾ ਸਮਰਥਕਾਂ ਵਿਚਾਲੇ ਤਲਖੀ ਵਧਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਤੇ ਹੋਰ ਦੇਸ਼ਾਂ ਵਿਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

  • 258
  •  
  •  
  •  
  •