ਸ਼੍ਰੋਮਣੀ ਕਮੇਟੀ ਕਿਸਾਨਾਂ ਦੀ ਮਦਦ ਜਾਰੀ ਰੱਖੇਗੀ: ਬੀਬੀ ਜਗੀਰ ਕੌਰ

ਕਿਸਾਨਾਂ ਦੀ ਹਿਮਾਇਤ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਬਿਆਨ ‘ਤੇ ਸਖ਼ਤ ਟਿੱਪਣੀ ਕਰਨ ਵਾਲੇ ਭਾਜਪਾ ਲੀਡਰ ਹਰਜੀਤ ਗਰੇਵਾਲ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼ਖ਼ਤ ਪ੍ਰਤੀਕਰਮ ਦਿੱਤਾ ਹੈ। ਬੀਬੀ ਜਗੀਰ ਨੇ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਸਿੱਖ ਰਵਾਇਤਾਂ ਦੇ ਖਿਲਾਫ ਬਿਆਨ ਦੇ ਰਿਹਾ ਹੈ। ਉਸ ਵੱਲੋਂ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਕਿਸਾਨਾਂ ਦੀ ਮਦਦ ਕਿਉਂ ਕਰ ਰਹੀ ਹੈ, ਉਸ ਦੀ ਧਰਮ ਪ੍ਰਤੀ ਅਗਿਆਨਤਾ ਦਾ ਪ੍ਰਗਟਾਵਾ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਗਰੇਵਾਲ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬਾਨ ਨੇ ਹਮੇਸ਼ਾਂ ਹੀ ਸੇਵਾ ਕਾਰਜਾਂ ਨੂੰ ਪ੍ਰਮੁੱਖਤਾ ਦਿੱਤੀ ਅਤੇ ਸਮਾਜ ਨਾਲ ਖੜ੍ਹਨਾ ਸਿਖਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੈ। ਗੁਰੂ ਨਾਨਕ ਦੇਵ ਜੀ ਨੇ ਖ਼ੁਦ ਖੇਤੀ ਕਰਕੇ ਮਾਰਗ ਦਰਸ਼ਨ ਕੀਤਾ ਹੈ ਅਤੇ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਕਿਸਾਨਾਂ ਦੇ ਨਾਲ ਹਮੇਸ਼ਾ ਖੜ੍ਹੀ ਰਹੇਗੀ। ਸੰਘਰਸ਼ੀ ਕਿਸਾਨਾਂ ਲਈ ਲੰਗਰ-ਪਾਣੀ, ਰਹਿਣ ਲਈ ਪ੍ਰਬੰਧ, ਦਵਾਈਆਂ ਤੇ ਹੋਰ ਸੇਵਾਵਾਂ ਪਹਿਲਾਂ ਵਾਂਗ ਜਾਰੀ ਰੱਖੀਆਂ ਜਾਣਗੀਆਂ।

ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਐਕਟ ਤੋਂ ਭਲੀਭਾਂਤ ਜਾਣੂੰ ਹੈ ਅਤੇ ਉਸ ਦੇ ਘੇਰੇ ਹੇਠ ਹੀ ਸਾਰੇ ਕੰਮ ਕਰ ਰਹੀ ਹੈ। ਭਾਜਪਾ ਆਗੂ ਨੂੰ ਕਿਸਾਨਾਂ ਦੀ ਮਦਦ ਕੀਤੇ ਜਾਣ ’ਤੇ ਉਜਰ ਨਹੀਂ ਕਰਨਾ ਚਾਹੀਦਾ ਸਗੋਂ ਅਜਿਹੇ ਸਮੇਂ ਕਿਸਾਨਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ (ਹਰਜੀਤ ਗਰੇਵਾਲ) ਨੂੰ ਆਪਣੀ ਨਸੀਹਤ ਆਪਣੇ ਕੋਲ ਰੱਖਣੀ ਚਾਹੀਦੀ ਹੈ, ਕਿਉਂਕਿ ਭਾਜਪਾ ਆਗੂ ਨੂੰ ਬਤੌਰ ਸਿੱਖ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ।

  • 82
  •  
  •  
  •  
  •