ਭਾਰਤ ਇੱਕ ਜਮਹੂਰੀਅਤ ਨਹੀਂ ਬਲਕਿ ਇੱਕ ਚੁਣਾਵੀ ਤਾਨਾਸ਼ਾਹੀ ਦੇਸ਼ ਬਣ ਗਿਆ ਹੈ: ਸਵੀਡਨ ਰਿਪੋਰਟ

ਹਫਤਾ ਪਹਿਲਾਂ ਫਰੀਡਮ ਹਾਊਸ ਨੇ ਆਪਣੀ ਸਾਲਾਨਾ ਰਿਪੋਰਟ ਵਿਚ ਭਾਰਤ ਨੂੰ ਆਜ਼ਾਦ ਦੇਸ਼ਾਂ ਦੀ ਲਿਸਟ ਵਿਚੋਂ ਹਟਾ ਕੇ ਅੰਸ਼ਕ ਆਜ਼ਾਦਾਂ ਦੀ ਲਿਸਟ ਵਿਚ ਪਾ ਦਿੱਤਾ ਸੀ ਤੇ ਹੁਣ ਸਵੀਡਨ ਦੇ ਵੀ-ਡੈਮ (ਵਰਾਈਟੀਜ਼ ਆਫ ਡੈਮੋਕਰੇਸੀ) ਇੰਸਟੀਚਿਊਟ ਨੇ ਬੁੱਧਵਾਰ ਨੂੰ ਜਾਰੀ ਕੀਤੀ ਆਪਣੀ ਰਿਪੋਰਟ ਵਿਚ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ (ਭਾਰਤ) ਦਾ ਦਰਜਾ ਘਟਾਉਂਦਿਆਂ ਕਿਹਾ ਹੈ ਕਿ ਇਸ ਵੇਲੇ ਉਥੇ ਇਲੈਕੋਟਰਲ ਆਟੋਕ੍ਰੇਸੀ (ਚੁਣੀ ਹੋਈ ਨਿਰੰਕੁਸ਼ ਸਰਕਾਰ) ਹੈ। ਰਿਪੋਰਟ ਮੁਤਾਬਕ ਜਿੱਥੋਂ ਤੱਕ ਮੀਡੀਆ ‘ਤੇ ਸੈਂਸਰਸ਼ਿਪ ਦਾ ਸਵਾਲ ਹੈ, ਭਾਰਤ ਪਾਕਿਸਤਾਨ ਜਿੰਨਾ ਹੀ ਤਾਨਾਸ਼ਾਹ ਹੈ ਅਤੇ ਬੰਗਲਾਦੇਸ਼ ਤੇ ਨੇਪਾਲ ਨਾਲੋਂ ਮਾੜਾ ਹੈ।

ਸਵੀਡਨ ਦੇ ਉਪ ਵਿਦੇਸ਼ ਮੰਤਰੀ ਰੌਬਰਟ ਰਾਈਡਬਰਗ ਦੀ ਮੌਜੂਦਗੀ ਵਿਚ ਜਾਰੀ ਕੀਤੀ ਗਈ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇੱਕ ਅਰਬ 37 ਕਰੋੜ ਦੀ ਆਬਾਦੀ ਵਾਲਾ ਭਾਰਤ ਚੁਣਾਵੀ ਤਾਨਾਸ਼ਾਹ ਦੇਸ਼ ਵਿਚ ਬਦਲ ਚੁੱਕਾ ਹੈ। ਇਸ ਨੇ ਆਪਣੀ ਪਿਛਲੀ ਰਿਪੋਰਟ ਵਿਚ ਕਿਹਾ ਸੀ ਕਿ ਮੀਡੀਆ, ਨਾਗਰਿਕ ਸਮਾਜ ਤੇ ਵਿਰੋਧੀ ਪਾਰਟੀ ਲਈ ਥਾਂ ਐਨੀ ਘੱਟ ਹੋ ਗਈ ਹੈ ਕਿ ਭਾਰਤ ਲਗਾਤਾਰ ਤਾਨਾਸ਼ਾਹੀ ਵੱਲ ਵਧ ਰਿਹਾ ਹੈ।

ਰਿਪੋਰਟ ਮੁਤਾਬਕ ਮੋਦੀ ਸਰਕਾਰ ਆਉਣ ਤੋਂ ਹੀ ਤਾਨਾਸ਼ਾਹੀ ਦਾ ਦੌਰ ਸ਼ੁਰੂ ਹੋ ਗਿਆ ਸੀ। ਪਹਿਲਾਂ ਸਰਕਾਰ ਨੇ ਉਸ ਨੂੰ ਸ਼ੀਸ਼ਾ ਦਿਖਾਉਣ ਵਾਲੇ ਮੀਡੀਆ ਅਤੇ ਨਾਗਰਿਕ ਸਮਾਜ ਉੱਤੇ ਹਮਲੇ ਕੀਤੇ ਤੇ ਫਿਰ ਚੋਣ ਕਮਿਸ਼ਨ ਨੂੰ ਦਬਾ ਕੇ ਚੋਣਾਂ ਦੀ ਪਵਿੱਤਰਤਾ ਘਟਾਈ। ਮੋਦੀ ਸਰਕਾਰ ਨੇ ਅਲੋਚਕਾਂ ਨੂੰ ਚੁੱਪ ਕਰਾਉਣ ਲਈ ਦੇਸ਼ਧ੍ਰੋਹ, ਮਾਣਹਾਨੀ ਤੇ ਜਵਾਬੀ-ਦਹਿਸ਼ਤਗਰਦੀ ਨੂੰ ਖੂਬ ਵਰਤਿਆ ਹੈ। ਮਿਸਾਲ ਦੇ ਤੌਰ ‘ਤੇ ਇਹ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿਚ ਅੰਦਰ ਕਰ ਚੁੱਕੀ ਹੈ, ਜਿਨ੍ਹਾਂ ਵਿਚੋਂ ਬਹੁਤੇ ਇਸਦੇ ਅਲੋਚਕ ਹਨ। ਇਹ ਸੈਕੂਲਰਿਜ਼ਮ ਨੂੰ ਪ੍ਰਣਾਏ ਸੰਵਿਧਾਨ ਦੀ ਪ੍ਰਵਾਹ ਨਹੀਂ ਕਰ ਰਹੀ। ਇਸਨੇ ਨਾਗਰਿਕ ਸਮਾਜ ਜਥੇਬੰਦੀਆਂ ਨੂੰ ਨਕੇਲ ਪਾਉਣ ਲਈ ਇਨ੍ਹਾਂ ਨੂੰ ਵਿਦੇਸ਼ਾਂ ਤੋਂ ਮਿਲਦੇ ਚੰਦੇ ਉੱਤੇ ਰੋਕਾਂ ਲਾ ਦਿੱਤੀਆਂ ਹਨ। ਜਿਹੜੀਆਂ ਜਥੇਬੰਦੀਆਂ ਹਿੰਦੂਤਵ-ਪੱਖੀ ਹਨ, ਉਨ੍ਹਾਂ ਨੂੰ ਵਧੇਰੇ ਖੁੱਲ੍ਹਾਂ ਦੇ ਰੱਖੀਆਂ ਹਨ।

ਇਸ ਤੋਂ ਅੱਗੇ ਕਿਹਾ ਗਿਆ ਹੈ ਕਿ ਗੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਨੂੰ ਸਰਕਾਰ ਦੀਆਂ ਨੀਤੀਆਂ ਨਾਲ ਅਸਹਿਮਤ ਅਕਾਦੀ ਮਿਸ਼ਨਾਂ, ਵਿਦਿਆਰਥੀਆਂ ਤੇ ਸਮਾਜੀ ਕਾਰਕੁੰਨਾਂ ਖਿਲਾਫ ਰੱਜ ਕੇ ਵਰਤਿਆ ਜਾ ਰਿਹਾ ਹੈ | ਰਿਪੋਰਟ ਵਿਚ ਇਹ ਡਰਾਉਣਾ ਤੱਥ ਸਾਹਮਣੇ ਲਿਆਂਦਾ ਗਿਆ ਹੈ ਕਿ ਪਿਛਲੇ 10 ਸਾਲਾਂ ਵਿਚ ਉਦਾਰ ਜਮਹੂਰੀ ਦੇਸ਼ਾਂ ਦੀ ਗਿਣਤੀ ਘਟ ਕੇ 16 ਰਹਿ ਗਈ ਹੈ, ਜਿੱਥੇ ਕਿ ਸੰਸਾਰ ਆਬਾਦੀ ਦੇ ਸਿਰਫ 4 ਫੀਸਦੀ ਲੋਕ ਹੀ ਵਸਦੇ ਹਨ। ਵੀ-ਡੀ ਨੇ ਉਦਾਰ ਜਮਹੂਰੀਅਤ ਨੂੰ ਮਾਪਣ ਦਾ ਪੈਮਾਨਾ 0-1 ਰੱਖਿਆ ਹੈ | 2013 ਵਿਚ ਭਾਰਤ ਦੀ ਰੈਂਕਿੰਗ 0.57 ਸੀ, ਜਿਹੜੀ ਕਿ 2020 ਵਿਚ 0.34 ‘ਤੇ ਆ ਗਈ ਹੈ। ਯਾਨੀ ਕਿ 23 ਫੀਸਦੀ ਡਿੱਗ ਗਈ ਹੈ। ਇਸ ਰਿਪੋਰਟ ਤੋਂ ਬਾਅਦ ਕਾਂਗਰਸ ਨੇ ਭਾਜਪਾ ਨੂੰ ਘੇਰਿਆ ਹੈ।

  • 2.9K
  •  
  •  
  •  
  •