ਅੱਜ ‘ਤੇ ਵਿਸ਼ੇਸ਼: ਜਦੋਂ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਦਾ ਬਦਲਾ ਲਿਆ

-ਦਲਜੀਤ ਰਾਏ ਕਾਲੀਆ

ਪੰਜਾਬ ਦੀ ਧਰਤੀ ਬਹਾਦਰਾਂ ਦੀ ਧਰਤੀ ਹੈ। ਜਲਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਇੱਕ ਅਜਿਹੀ ਘਟਨਾ ਸੀ, ਜਿਸ ਨੇ ਆਜ਼ਾਦੀ ਅੰਦੋਲਨ ਨੂੰ ਨਵਾਂ ਮੋੜ ਦਿਤਾ। ਇਸ ਖ਼ੂਨੀ ਕਤਲੇਆਮ ਦੇ ਜ਼ਿੰਮੇਵਾਰ ਮਾਈਕਲ ਉਡਵਾਇਰ ਨੂੰ ਸਦਾ ਦੀ ਨੀਂਦੇ ਸੁਆਉਣ ਵਾਲੇ ਬਹਾਦਰ ਸ਼ੇਰ ਊਧਮ ਸਿੰਘ ਉਰਫ਼ ਮੁਹੰਮਦ ਸਿੰਘ ਆਜ਼ਾਦ ਦਾ ਜਨਮ 26 ਦਸੰਬਰ 1899 ਨੂੰ ਸ. ਟਹਿਲ ਸਿੰਘ ਕੰਬੋਜ ਦੇ ਘਰ ਮਾਤਾ ਨਰੈਣ ਕੌਰ ਦੀ ਕੁੱਖੋਂ ਸੁਨਾਮ ਵਿਖੇ ਹੋਇਆ।
ਛੋਟੀ ਉਮਰ ਵਿਚ ਹੀ ਉਸ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉਠ ਗਿਆ। ਊਧਮ ਸਿੰਘ ਦਾ ਪਾਲਣ ਪੋਸ਼ਣ ਅੰਮ੍ਰਿਤਸਰ ਦੇ ਸੈਂਟਰਲ ਖ਼ਾਲਸਾ ਯਤੀਮਖ਼ਾਨੇ ਨੇ ਕੀਤਾ। ਊਧਮ ਸਿੰਘ ਨੇ ਮੁੱਢਲੀ ਵਿਦਿਆ ਇਥੋਂ ਹੀ ਪ੍ਰਾਪਤ ਕੀਤੀ। ਉਸ ਦਾ ਵੱਡਾ ਭਰਾ ਸਾਧੂ ਸਿੰਘ 19 ਸਾਲ ਦੀ ਉਮਰ ਵਿਚ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਇਸ ਘਟਨਾ ਦਾ ਊਧਮ ਸਿੰਘ ਦੇ ਮਨ ਉਤੇ ਬਹੁਤ ਡੂੰਘਾ ਅਸਰ ਹੋਇਆ। 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਵਾਪਰਿਆ। ਊਧਮ ਸਿੰਘ ਦੀ ਜਥੇਦਾਰੀ ਹੇਠ ਯਤੀਮਖ਼ਾਨੇ ਦੇ ਵਿਦਿਆਰਥੀਆਂ ਦਾ ਇਕ ਜਥਾ ਜਲਿਆਂਵਾਲੇ ਬਾਗ਼ ਦੇ ਜ਼ਖ਼ਮੀਆਂ ਦੀ ਸੇਵਾ ਸੰਭਾਲ ਲਈ ਭੇਜਿਆ ਗਿਆ।

ਇਸ ਸਮੇਂ ਊਧਮ ਸਿੰਘ ਨੇ ਬਾਗ਼ ਵਿਚ ਬੇਦੋਸ਼ੇ ਸਿੱਖਾਂ ਦੀਆਂ ਲਾਸ਼ਾਂ ਦੇ ਲੱਗੇ ਹੋਏ ਢੇਰ ਅਤੇ ਜ਼ਖ਼ਮੀਆਂ ਦੀ ਕੁਰਲਾਹਟ ਨੂੰ ਅੱਖੀਂ ਵੇਖਿਆ। ਇਸ ਭਿਆਨਕ ਦ੍ਰਿਸ਼ ਦਾ ਉਸ ਦੇ ਮਨ ਉਤੇ ਡੂੰਘਾ ਅਸਰ ਪਿਆ। ਉਸ ਨੇ ਅਹਿਦ ਲਿਆ ਕਿ ਉਹ ਇਸ ਘਟਨਾ ਲਈ ਜ਼ਿੰਮੇਵਾਰ ਸਰ ਮਾਈਕਲ ਉਡਵਾਇਰ ਤੋਂ ਬਦਲਾ ਜ਼ਰੂਰ ਲਵੇਗਾ। 30 ਮਈ 1919 ਨੂੰ ਉਡਵਾਇਰ ਇੰਗਲੈਂਡ ਵਾਪਸ ਪਰਤ ਗਿਆ ਅਤੇ ਉਥੇ ਇਸ ਵਹਿਸ਼ੀਆਨਾ ਕਰਤੂਤ ਨੂੰ ਬਹਾਦਰੀ ਦਾ ਕਾਰਨਾਮਾ ਦੱਸ ਕੇ ਵਡਿਆਈ ਹਾਸਲ ਕਰਨ ਲੱਗਾ। ਲੰਡਨ ਵਿਚ ਉਸ ਦੇ ਪ੍ਰਸ਼ੰਸਕਾਂ ਨੇ ਉਸ ਨੂੰ 20 ਹਜ਼ਾਰ ਪੌਂਡ ਦੀ ਥੈਲੀ ਭੇਟ ਕੀਤੀ। ਇਹ ਖ਼ਬਰਾਂ ਪੰਜਾਬ ਵੀ ਪੁੱਜ ਗਈਆਂ ਅਤੇ ਇਨ੍ਹਾਂ ਨੇ ਬਲਦੀ ਉਤੇ ਤੇਲ ਦਾ ਕੰਮ ਕੀਤਾ।
ਊਧਮ ਸਿੰਘ ਦੇ ਖ਼ੂਨ ਨੇ ਉਬਾਲਾ ਖਾਧਾ। ਉਹ ਅਮਰੀਕਾ ਦਾ ਪਾਸਪੋਰਟ ਬਣਾ ਕੇ 1919 ਦੇ ਅੰਤ ਤਕ ਅਫ਼ਰੀਕਾ ਚਲਾ ਗਿਆ ਅਤੇ ਉਥੋਂ ਉਹ ਇੰਗਲੈਂਡ ਜਾਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਕਾਮਯਾਬ ਨਾ ਹੋਇਆ ਅਤੇ 1923 ਵਿਚ ਭਾਰਤ ਪਰਤ ਆਇਆ। ਵਾਪਸ ਪਰਤ ਕੇ ਉਸ ਨੇ ਅੰਮ੍ਰਿਤਸਰ ਦੇ ਚੌਕ ਘੰਟਾ ਘਰ ਵਿਚ ਤਰਖਾਣਾ ਕੰਮ ਦੀ ਦੁਕਾਨ ਖੋਲ੍ਹ ਲਈ ਅਤੇ ਅਪਣਾ ਨਾਂ ਬਦਲ ਕੇ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ। ਉਸ ਦੀ ਇਹ ਦੁਕਾਨ ਇਨਕਲਾਬੀ ਸਰਗਰਮੀਆਂ ਦਾ ਅੱਡਾ ਬਣ ਗਈ। ਇਸ ਜਗ੍ਹਾ ਉਤੇ ਕ੍ਰਾਂਤੀਕਾਰੀਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ। ਉਸ ਦਾ ਸਬੰਧ ਭਗਤ ਸਿੰਘ ਅਤੇ ਉਸ ਦੀ ਪਾਰਟੀ ਦੇ ਕਈ ਮੈਂਬਰਾਂ ਨਾਲ ਵੀ ਬਣ ਗਿਆ। ਊਧਮ ਸਿੰਘ ਦੀ ਸੂਝ-ਬੂਝ ਨੂੰ ਵੇਖਦੇ ਹੋਏ ਉਸ ਨੂੰ ਧਨ ਇਕੱਠਾ ਕਰਨ ਅਤੇ ਵਿਦਰੋਹੀ ਸਾਹਿਤ ਦਾ ਪ੍ਰਬੰਧ ਕਰਨ ਲਈ ਅਮਰੀਕਾ ਭੇਜਿਆ।

ਊਧਮ ਸਿੰਘ ਗ਼ਦਰ ਪਾਰਟੀ ਦੇ ਆਗੂਆਂ ਦੀ ਸਲਾਹ ਮੰਨ ਕੇ 1927 ਦੇ ਸ਼ੁਰੂ ਵਿਚ ਪੰਜਾਬ ਪਹੁੰਚ ਗਿਆ। 30 ਅਗੱਸਤ 1927 ਨੂੰ ਸੀ.ਆਈ.ਡੀ. ਨੇ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਗ੍ਰਿਫ਼ਤਾਰ ਕਰ ਲਿਆ। ਊਧਮ ਸਿੰਘ ਕੋਲੋਂ ਬਹੁਤ ਸਾਰਾ ਸਾਹਿਤ ਤੇ ਤਿੰਨ ਪਿਸਤੌਲ ਬਰਾਮਦ ਹੋਏ। ਉਨ੍ਹਾਂ ਨੇ ਪਿਸ਼ਾਵਰ ਅਤੇ ਮੁਲਤਾਨ ਦੀ ਜੇਲ ਵਿਚ ਪੰਜ ਸਾਲ ਸਖ਼ਤ ਕੈਦ ਦੀ ਸਜ਼ਾ ਭੁਗਤੀ। ਜਿਸ ਸਮੇਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿਤੀ ਗਈ, ਉਸ ਸਮੇਂ ਊਧਮ ਸਿੰਘ ਮੀਆਂ ਵਾਲੀ ਜੇਲ ਵਿਚ ਸਨ। ਉਹ 1932 ਵਿਚ ਜੇਲ ਵਿਚੋਂ ਰਿਹਾਅ ਹੋਏ।

ਰਿਹਾਈ ਤੋਂ ਬਾਅਦ ਉਹ ਜੰਮੂ-ਕਸ਼ਮੀਰ ਵਿਚ ਚਲੇ ਗਏ। ਉਹ ਜਦ ਕਦੇ ਵੀ ਜਲਿਆਂਵਾਲੇ ਬਾਗ਼ ਦੇ ਸਾਕੇ ਬਾਰੇ ਅਪਣੇ ਸਾਥੀਆਂ ਨਾਲ ਗੱਲਬਾਤ ਕਰਦਾ ਤਾਂ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਜਾਂਦੀਆਂ। ਉਹ ਹਰ ਸਮੇਂ ਮੌਕੇ ਦੀ ਤਾੜ ਵਿਚ ਰਹਿੰਦਾ ਕਿ ਕਿਵੇਂ ਇੰਗਲੈਂਡ ਪਹੁੰਚ ਕੇ ਬੇਦੋਸ਼ਿਆਂ ਦੇ ਕਾਤਲ ਤੋਂ ਬਦਲਾ ਲਿਆ ਜਾਵੇ। ਮੁਹੰਮਦ ਸਿੰਘ ਆਜ਼ਾਦ ਦੇ ਨਾਂ ਉਤੇ ਪਾਸਪੋਰਟ ਲੈ ਕੇ ਉਹ 1933 ਵਿਚ ਇੰਗਲੈਂਡ ਪਹੁੰਚ ਗਿਆ। ਲੰਡਨ ਵਿਚ ਊਧਮ ਸਿੰਘ ਇੰਜੀਨੀਅਰਿੰਗ ਦਾ ਕੋਰਸ ਕਰਨ ਲੱਗ ਪਿਆ ਤੇ ਕੋਰਸ ਕਰਨ ਉਪਰੰਤ ਇਥੇ ਹੀ ਇੰਜੀਨੀਅਰ ਲੱਗ ਗਿਆ। ਉਹ ਹਰ ਸਮੇਂ ਮੌਕੇ ਦੀ ਭਾਲ ਵਿਚ ਰਹਿੰਦਾ ਤਾਂ ਕਿ ਅਪਣੀ ਕੀਤੀ ਪ੍ਰਤਿਗਿਆ ਪੂਰੀ ਕਰ ਸਕੇ।

ਇਹ ਉਹ ਸਮਾਂ ਸੀ ਜਦ ਅੰਗਰੇਜ਼ ਹਕੂਮਤ ਦੂਜੀ ਵੱਡੀ ਜੰਗ ਜਿੱਤਣ ਲਈ ਤਤਪਰ ਸੀ ਅਤੇ ਉਸ ਦਾ ਉਦੇਸ਼ ਭਾਰਤੀ ਕ੍ਰਾਂਤੀਕਾਰੀਆਂ ਨੂੰ ਕੁਚਲਣਾ ਸੀ। ਭਾਰਤ ਵਿਚ ਰਹਿ ਚੁਕੇ ਅੰਗਰੇਜ਼ ਅਫ਼ਸਰਾਂ ਦੀਆਂ ਮੀਟਿੰਗਾਂ ਲੰਡਨ ਵਿਚ ਅਕਸਰ ਹੋਇਆ ਕਰਦੀਆਂ ਸਨ। 13 ਮਾਰਚ 1940 ਨੂੰ ਅਜਿਹੀ ਹੀ ਇਕ ਮੀਟਿੰਗ ਲੰਡਨ ਦੇ ਕੈਕਸਟਨ ਹਾਲ ਵਿਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਸੁਸਾਇਟੀ ਵਲੋਂ ਸਾਂਝੇ ਤੌਰ ਉਤੇ ਹੋ ਰਹੀ ਸੀ। ਊਧਮ ਸਿੰਘ ਪਹਿਲਾਂ ਹੀ ਤਿਆਰ ਹੋ ਕੇ ਉਥੇ ਪੁੱਜ ਚੁਕਿਆ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਲਾਰਡ ਜੈੱਟਲੈਂਡ ਸੈਕਰੇਟਰੀ ਆਫ਼ ਸਟੇਟ ਫ਼ਾਰ ਇੰਡੀਆ ਕਰ ਰਿਹਾ ਸੀ ਅਤੇ ਇਸ ਮੀਟਿੰਗ ਵਿਚ ਸਰ ਮਾਈਕਲ ਉਡਵਾਇਰ ਸਾਬਕਾ ਲੈਫ਼ਟੀਨੈਂਟ ਗਵਰਨਰ ਪੰਜਾਬ, ਲਾਰਡ ਲਪਿੰਗਟਨ ਗਵਰਨਰ ਮੁੰਬਈ, ਸਰ ਪਰਸੀ ਮਾਈਕ, ਸਰ ਲਾਊਸ ਡੇਨ ਅਤੇ ਹੋਰ ਕਈ ਉੱਚ ਅਧਿਕਾਰੀ ਮੌਜੂਦ ਸਨ।

ਸਰ ਪਰਸੀ ਮਾਈਕ ਤੋਂ ਪਿੱਛੋਂ ਮਾਈਕਲ ਉਡਵਾਇਰ ਨੇ ਅਪਣਾ ਭਾਸ਼ਣ ਦਿੱਤਾ। ਉਸ ਨੇ ਬੜੇ ਫ਼ਖ਼ਰ ਨਾਲ ਅਪਣੇ ਭਾਸ਼ਣ ਵਿਚ ਭਾਰਤ ਵਿਚ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਅਤੇ ਭਾਰਤੀਆਂ ਪ੍ਰਤੀ ਬੜੇ ਅਪਮਾਨਜਨਕ ਸ਼ਬਦਾਂ ਦਾ ਉਪਯੋਗ ਕੀਤਾ। ਜਨਰਲ ਉਡਵਾਇਰ ਅਜੇ ਅਪਣਾ ਭਾਸ਼ਣ ਖ਼ਤਮ ਕਰ ਕੇ ਹਟਿਆ ਹੀ ਸੀ ਕਿ ਊਧਮ ਸਿੰਘ ਵਲੋਂ ਚਲਾਈ ਗਈ ਪਹਿਲੀ ਗੋਲੀ ਹੀ ਉਸ ਦੀ ਹਿੱਕ ਵਿਚੋਂ ਪਾਰ ਹੋ ਗਈ। ਦੂਜੀ ਅਤੇ ਤੀਜੀ ਗੋਲੀ ਨਾਲ ਊਧਮ ਸਿੰਘ ਨੇ ਉਸ ਨੂੰ ਇੰਗਲੈਂਡ ਦੀ ਧਰਤੀ ਉਤੇ ਸਦਾ ਦੀ ਨੀਂਦ ਸੁਆ ਦਿਤਾ। ਲਾਰਡ ਜੈੱਟਲੈਂਡ ਊਧਮ ਸਿੰਘ ਦੇ ਹੱਥੋਂ ਜ਼ਖਮੀ ਹੋ ਕੇ ਧਰਤੀ ਉਤੇ ਡਿੱਗ ਪਿਆ। ਇਸ ਤੋਂ ਬਾਅਦ ਸਰ ਲਾਊਸ ਡੇਨ ਅਤੇ ਲਾਰਡ ਲਪਿੰਗਟਨ ਵੀ ਜ਼ਖ਼ਮੀ ਹੋ ਗਏ।

ਸਾਰੇ ਹਾਲ ਵਿਚ ਭਗਦੜ ਮੱਚ ਗਈ ਪਰ ਊਧਮ ਸਿੰਘ ਨਿਧੜਕਤਾ ਨਾਲ ਅਪਣੀ ਥਾਂ ਉਤੇ ਖੜਾ ਰਿਹਾ। ਊਧਮ ਸਿੰਘ ਨੂੰ ਅਪਣੇ ਕੀਤੇ ਉਤੇ ਕੋਈ ਪਛਤਾਵਾ ਅਤੇ ਡਰ ਨਹੀਂ ਸੀ। ਉਸ ਨੇ ਬੜੇ ਫ਼ਖ਼ਰ ਨਾਲ ਕਿਹਾ, ”ਮੈਨੂੰ ਕਿਸੇ ਕੌਮ ਜਾਂ ਦੇਸ਼ ਨਾਲ ਕੋਈ ਨਫ਼ਰਤ ਨਹੀਂ। ਇਹ ਇਕ ਵਿਅਕਤੀ ਦੇ ਵਿਅਕਤੀਗਤ ਅਮਲਾਂ ਦਾ ਫਲ ਹੈ ਜੋ ਉਸ ਨੂੰ ਭੁਗਤਣਾ ਪਿਆ।” ਊਧਮ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਬ੍ਰਿਸਟਨ ਜੇਲ ਵਿਚ ਭੇਜ ਦਿਤਾ ਗਿਆ। ਉਸ ਉਪਰ ਮੁਕੱਦਮਾ ਚਲਾਇਆ ਗਿਆ। ਜਦੋਂ ਸ਼ਿਵ ਸਿੰਘ ਨੇ ਉਸ ਨੂੰ ਲਿਖਿਆ ਕਿ ਅਸੀ ਤੇਰਾ ਮੁਕੱਦਮਾ ਲੜਨ ਦਾ ਪ੍ਰਬੰਧ ਕਰ ਰਹੇ ਹਾਂ ਤਾਂ ਜਵਾਬ ਵਿਚ ਊਧਮ ਸਿੰਘ ਨੇ ਲਿਖਿਆ ਕਿ ਇਸ ਦੀ ਕੋਈ ਲੋੜ ਨਹੀਂ। ਉਹ ਤਾਂ ਬੜੀ ਬੇਸਬਰੀ ਨਾਲ ਲਾੜੀ ਮੌਤ ਨੂੰ ਵਿਆਹੁਣ ਦੀ ਉਡੀਕ ਕਰ ਰਿਹਾ ਸੀ।

ਲੰਡਨ ਦੀਆਂ ਜੇਲਾਂ ਵਿਚ ਇਸ ਅਣਖੀ ਯੋਧੇ ਨੇ ਦੇਸ਼ ਵਾਸੀਆਂ ਨੂੰ ਕਈ ਚਿਠੀਆਂ ਲਿਖੀਆਂ। ਊਧਮ ਸਿੰਘ ਨੇ ਬੜੇ ਫ਼ਖ਼ਰ ਨਾਲ ਅਪਣੇ ਕਾਰਨਾਮੇ ਦਾ ਇਕਬਾਲ ਕੀਤਾ। ਊਧਮ ਸਿੰਘ ਨੂੰ 5 ਜੂਨ 1940 ਨੂੰ ਸੈਂਟਰਲ ਕ੍ਰਿਮੀਨਲ ਕੋਰਟ ਓਲਡ ਬੈਲੇ ਤੋਂ ਫਾਂਸੀ ਦੀ ਸਜ਼ਾ ਹੋਈ। ਸਜ਼ਾ ਪਿੱਛੋਂ ਉਨ੍ਹਾਂ ਨੂੰ ਪੈਟਨਵਿਲੇ ਜੇਲ ਭੇਜ ਦਿਤਾ ਗਿਆ। ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਾਉਂਦਿਆਂ ਪੰਜਾਬ ਦੇ ਇਸ ਬਹਾਦਰ ਸਪੂਤ ਨੇ ਪੈਟਨਵਿਲੇ ਜੇਲ ਵਿਚ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮ ਲਿਆ।

ਊਧਮ ਸਿੰਘ ਦੀ ਕੁਰਬਾਨੀ ਦਾ ਬਹੁਤ ਸਤਿਕਾਰ ਹੋਇਆ। ਇਸ ਮਹਾਨ ਸ਼ਹੀਦ ਦੀ ਅੰਤਮ ਇੱਛਾ ਅਨੁਸਾਰ ਇਸ ਦੀਆਂ ਅਸਥੀਆਂ 19 ਜੁਲਾਈ 1974 ਨੂੰ ਭਾਰਤ ਲਿਆਂਦੀਆਂ ਗਈਆਂ ਅਤੇ 31 ਜੁਲਾਈ 1974 ਨੂੰ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਸੁਨਾਮ ਵਿਖੇ ਕੀਤਾ ਗਿਆ। ਸਰਦਾਰ ਊਧਮ ਸਿੰਘ ਨੇ ਆਜ਼ਾਦੀ ਅੰਦੋਲਨ ਦੇ ਅਹਿਮ ਸਾਕੇ ਦੇ ਜ਼ਿੰਮੇਵਾਰ ਮਾਈਕਲ ਉਡਵਾਇਰ ਦੀ ਅਲਖ ਮੁਕਾ ਕੇ ਉਸ ਤੋਂ ਬਦਲਾ ਲਿਆ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ। ਹਰ ਸਾਲ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ 31 ਜੁਲਾਈ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

  • 159
  •  
  •  
  •  
  •