ਇਰਾਦਾ ਕਤਲ ‘ਚ ਗ੍ਰਿਫ਼ਤਾਰ ਨੌਜਵਾਨ ਨੂੰ ਦਿੱਲੀ ਹਾਈਕੋਰਟ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਸੇਵਾ ਕਰਨ ਦਾ ਹੁਕਮ

ਦਿੱਲੀ ਹਾਈਕੋਰਟ ਨੇ ਹੱਤਿਆ ਕਰਨ ਦੀ ਕੋਸ਼ਿਸ਼ ਮਾਮਲੇ ਵਿਚ ਦੋਸ਼ੀ ਇਕ 21 ਸਾਲਾ ਨੌਜਵਾਨ ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਚ ਇਕ ਮਹੀਨੇ ਲਈ ਸੇਵਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਸ ਨੇ ਆਪਣੀ ਗ਼ਲਤੀ ‘ਤੇ ਪਛਤਾਵਾ ਪ੍ਰਗਟ ਕੀਤਾ। ਨੌਜਵਾਨ ਆਈ.ਪੀ.ਸੀ. ਤਹਿਤ ਧਾਰਾ 307 ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਦੋਸ਼ੀ ਮੁਹੰਮਦ ਓਮੇਰ ਖਿਲਾਫ ਦਰਜ ਐਫ.ਆਈ.ਆਰ. ਜਸਟਿਸ ਸੁਬਰਾਮਨਿਅਮ ਪ੍ਰਸਾਦ ਨੇ ਰੱਦ ਕਰ ਦਿੱਤੀ, ਕਿਉਂਕਿ ਧਿਰਾਂ ਵਿਚਕਾਰ ਸਮਝੌਤਾ ਹੋਣ ਦਾ ਤੱਥ ਸਾਹਮਣੇ ਆਇਆ ਅਤੇ ਮੁਹੰਮਦ ਓਮੇਰ ਦੀ ਅੱਗੇ ਪਈ ਹੋਈ ਵੱਡੀ ਜਿੰਦਗੀ ਨੂੰ ਵੀ ਜੱਜ ਨੇ ਮੁੱਖ ਰੱਖਿਆ।

ਜਸਟਿਸ ਪ੍ਰਸਾਦ ਨੇ ਦੋਸ਼ੀ ਨੂੰ 16 ਮਾਰਚ ਤੋਂ 16 ਅਪ੍ਰੈਲ 2021 ਤੱਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਕ ਮਹੀਨੇ ਲਈ ਸੇਵਾ ਕਰਨ ਦੇ ਨਿਰਦੇਸ਼ ਦਿੱਤੇ। ਇੱਕ ਮਹੀਨਾ ਪੂਰਾ ਹੋਣ ਤੋਂ ਬਾਅਦ ਦੋਸ਼ੀ ਨੂੰ ਹੁਕਮ ਦੀ ਪਾਲਣਾ ਦਿਖਾਉਣ ਲਈ ਹਾਈ ਕੋਰਟ ਵਿਚ ਗੁਰਦੁਆਰਾ ਬੰਗਲਾ ਸਾਹਿਬ ਤੋਂ ਮਿਲਿਆ ਇੱਕ ਸਰਟੀਫਿਕੇਟ ਦਾਖਲ ਕਰਨਾ ਪਏਗਾ। ਅਦਾਲਤ ਨੇ ਮੁਲਜ਼ਮ ਨੂੰ 1 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਅਤੇ ਚੇਤਾਵਨੀ ਦਿੱਤੀ ਕਿ ਉਹ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਏ ਅਤੇ ਭਵਿੱਖ ਵਿੱਚ ਜੁਰਮਾਂ ਤੋਂ ਦੂਰ ਰਹੇ।

  • 158
  •  
  •  
  •  
  •