ਪਾਕਿਸਤਾਨ ਦੀ ਸੈਨੇਟ ਵਿਚ ਗੁਰਦੀਪ ਸਿੰਘ ਬਣੇ ਪਹਿਲੇ ਸਿੱਖ ਮੈਂਬਰ

ਪਾਕਿਸਤਾਨ ਦੀ ਸੈਨੇਟ ਵਿਚ ਗੁਰਦੀਪ ਸਿੰਘ ਪਹਿਲੇ ਸਿੱਖ ਮੈਂਬਰ ਬਣ ਗਏ ਹਨ। ਉਹ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੇਤਾ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਹੁੰ ਚੁੱਕੀ। ਗੁਰਦੀਪ ਸਿੰਘ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਗ੍ਰਹਿ ਸੂਬੇ ਖ਼ੈਬਰ ਪਖਤੂਨਖਵਾ ਤੋਂ ਹੀ ਤਿੰਨ ਮਾਰਚ ਨੂੰ ਸੈਨੇਟ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ ਘੱਟ ਗਿਣਤੀ ਸੀਟ ‘ਤੇ ਹੋਈ ਚੋਣ ਵਿਚ ਆਪਣੇ ਵਿਰੋਧੀ ਨੂੰ ਵੱਡੇ ਅੰਤਰ ਨਾਲ ਹਰਾਇਆ।

145 ਮੈਂਬਰੀ ਸਦਨ ’ਚ ਗੁਰਦੀਪ ਸਿੰਘ ਨੂੰ 103 ਜਦਕਿ ਰਣਜੀਤ ਸਿੰਘ ਨੂੰ ਮਹਿਜ਼ 25 ਵੋਟਾਂ ਮਿਲੀਆਂ ਸਨ। ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ਼ ਭੱਟੀ ਨੂੰ 12 ਵੋਟਾਂ ਨਸੀਬ ਹੋਈਆਂ ਸਨ। ਉਨ੍ਹਾਂ ਨਾਲ 47 ਹੋਰਾਂ ਨੇ ਵੀ ਸੈਨੇਟਰ ਵਜੋਂ ਹਲਫ਼ ਲਿਆ ਹੈ। ਸਵਾਤ ਜ਼ਿਲ੍ਹੇ ਨਾਲ ਸਬੰਧਤ ਗੁਰਦੀਪ ਸਿੰਘ ਨੇ ਹਲਫ਼ ਲੈਣ ਮਗਰੋਂ ਖ਼ਬਰ ਏਜੰਸੀ ਨੂੰ ਕਿਹਾ ਕਿ ਉਹ ਮੁਲਕ ’ਚ ਘੱਟ ਗਿਣਤੀ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਸੈਨੇਟਰ ਬਣਨ ਮਗਰੋਂ ਉਹ ਸਿੱਖਾਂ ਦੀ ਵਧੀਆ ਢੰਗ ਨਾਲ ਸੇਵਾ ਕਰ ਸਕਣਗੇ। ਗੁਰਦੀਪ ਸਿੰਘ 2021 ਤੋਂ 2027 ਤੱਕ ਸੈਨੇਟ ਮੈਂਬਰ ਚੁਣੇ ਗਏ ਹਨ। ਗੁਰਦੀਪ ਸਿੰਘ ਸਵਾਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਇਸ ਖੇਤਰ ਦੇ ਨਾਮਵਰ ਪਰਿਵਾਰ ਨਾਲ ਸਬੰਧਤ ਹਨ।

  • 119
  •  
  •  
  •  
  •